48 ਘੰਟਿਆਂ ’ਚ ਖ਼ਰਾਬ ਟਿਊਬਵੈੱਲ ਠੀਕ ਨਾ ਹੋਇਆ ਤਾਂ ਠੇਕੇਦਾਰ ਸਮੇਤ ਨਿਗਮ ਸਟਾਫ਼ ’ਤੇ ਵੀ ਹੋਵੇਗੀ ਕਾਰਵਾਈ

06/21/2024 12:21:18 PM

ਜਲੰਧਰ (ਖੁਰਾਣਾ)- ਪਿਛਲੇ ਲੰਮੇ ਸਮੇਂ ਤੋਂ ਜਲੰਧਰ ਨਗਰ ਨਿਗਮ ਦਾ ਓ. ਐਂਡ ਐੱਮ. ਸੈੱਲ ਲਾਪ੍ਰਵਾਹ ਬਣਿਆ ਹੋਇਆ ਹੈ, ਜਿਨ੍ਹਾਂ ਦੇ ਮੋਢਿਆਂ ’ਤੇ ਸ਼ਹਿਰ ਦੀ ਸੀਵਰੇਜ ਵਿਵਸਥਾ ਅਤੇ ਵਾਟਰ ਸਪਲਾਈ ਦੀ ਜ਼ਿੰਮੇਵਾਰੀ ਹੈ। ਇਸ ਵਿਭਾਗ ਦੀ ਘਟੀਆ ਕਾਰਜਪ੍ਰਣਾਲੀ ਕਾਰਨ ਨਗਰ ਨਿਗਮ ਦੀ ਕਾਫ਼ੀ ਬਦਨਾਮੀ ਵੀ ਹੋ ਰਹੀ ਹੈ ਅਤੇ ਹਰ ਰੋਜ਼ ਨਿਗਮ ਵਿਚ ਧਰਨਾ-ਪ੍ਰਦਰਸ਼ਨ ਵੀ ਚੱਲ ਰਹੇ ਹਨ, ਜਿਸ ਕਾਰਨ ਹੁਣ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਇਸ ਵਿਭਾਗ ਦੀ ਕਾਰਜਸ਼ੈਲੀ ਵਿਚ ਸੁਧਾਰ ਲਿਆਉਣ ਦੇ ਉਪਾਅ ਅਜ਼ਮਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਕਾਰਨ ਉਨ੍ਹਾਂ ਨਿਰਦੇਸ਼ ਜਾਰੀ ਕੀਤੇ ਹਨ ਕਿ ਜੇਕਰ ਖ਼ਰਾਬ ਟਿਊਬਵੈੱਲ ਨੂੰ 48 ਘੰਟਿਆਂ ਅੰਦਰ ਠੀਕ ਨਾ ਕੀਤਾ ਗਿਆ ਤਾਂ ਜਿਥੇ ਸਬੰਧਤ ਠੇਕੇਦਾਰ ’ਤੇ ਜੁਰਮਾਨਾ ਠੋਕਿਆ ਜਾਵੇਗਾ, ਉਥੇ ਹੀ ਇਸ ਮਾਮਲੇ ਵਿਚ ਜ਼ਿੰਮੇਦਾਰ ਪਾਏ ਜਾਣ ਵਾਲੇ ਨਿਗਮ ਅਧਿਕਾਰੀਆਂ ’ਤੇ ਵੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਜਲੰਧਰ 'ਚ ਮਨਾਇਆ ਗਿਆ ਕੌਮਾਂਤਰੀ ਯੋਗ ਦਿਵਸ, ਵੇਖੋ ਤਸਵੀਰਾਂ

ਜ਼ਿਕਰਯੋਗ ਹੈ ਕਿ ਇਸ ਸਮੇਂ ਸ਼ਹਿਰ ਵਿਚ 600 ਦੇ ਲੱਗਭਗ ਟਿਊਬਵੈੱਲ ਲੋਕਾਂ ਨੂੰ ਪਾਣੀ ਸਪਲਾਈ ਕਰ ਰਹੇ ਹਨ। ਇਨ੍ਹਾਂ ਟਿਊਬਵੈੱਲਾਂ ਦੀ ਮੇਨਟੀਨੈਂਸ ਦਾ ਕੰਮ ਜਿਸ ਵੀ ਠੇਕੇਦਾਰ ਨੂੰ ਅਲਾਟ ਹੁੰਦਾ ਹੈ, ਉਸ ਦੇ ਨਾਲ ਇਹ ਸ਼ਰਤ ਕੀਤੀ ਜਾਂਦੀ ਹੈ ਕਿ ਕਿਸੇ ਵੀ ਖ਼ਰਾਬ ਟਿਊਬਵੈੱਲ ਨੂੰ 48 ਘੰਟਿਆਂ ਅੰਦਰ ਠੀਕ ਕੀਤਾ ਜਾਵੇਗਾ। ਅਕਸਰ ਵੇਖਣ ਵਿਚ ਆਉਂਦਾ ਹੈ ਕਿ ਖ਼ਰਾਬ ਟਿਊਬਵੈੱਲ ਦੀ ਮੋਟਰ ਆਦਿ ਬਦਲਣ ਵਿਚ ਕਈ-ਕਈ ਦਿਨ ਲਗਾ ਦਿੱਤੇ ਜਾਂਦੇ ਹਨ, ਜਿਸ ਕਾਰਨ ਉਸ ਪੂਰੇ ਇਲਾਕੇ ਦੇ ਲੋਕਾਂ ਨੂੰ ਕਈ-ਕਈ ਦਿਨ ਪਾਣੀ ਨਹੀਂ ਮਿਲਦਾ ਅਤੇ ਉਨ੍ਹਾਂ ਨੂੰ ਟੈਂਕਰਾਂ ਨਾਲ ਗੁਜ਼ਾਰਾ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਜ਼ਿਆਦਾਤਰ ਟਿਊਬਵੈੱਲਾਂ ਵਿਚ ਬਿਜਲੀ ਸਬੰਧੀ ਫਾਲਟ ਪੈ ਜਾਂਦੇ ਹਨ, ਜਿਨ੍ਹਾਂ ਨੂੰ ਦੂਰ ਕਰਨ ਵਿਚ ਵੀ ਸਮਾਂ ਲੱਗ ਜਾਂਦਾ ਹੈ। ਇਸ ਮਾਮਲੇ ਵਿਚ ਵੀ ਜਲੰਧਰ ਨਿਗਮ ਦੇ ਅਧਿਕਾਰੀ ਲਾਪ੍ਰਵਾਹ ਬਣੇ ਰਹਿੰਦੇ ਹਨ ਅਤੇ ਕਈ ਦਿਨਾਂ ਤਕ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਕੋਈ ਦਿਲਚਸਪੀ ਨਹੀਂ ਲੈਂਦਾ।

ਅਕਸਰ ਦੋਸ਼ ਲਾਉਂਦੇ ਰਹਿੰਦੇ ਹਨ ਕਿ ਇਸ ਸੈੱਲ ਨਾਲ ਜੁੜੇ ਅਧਿਕਾਰੀਆਂ ਦੇ ਟੈਲੀਫੋਨ ਨੰਬਰ ਵੀ ਬੰਦ ਮਿਲਦੇ ਹਨ ਜਾਂ ਉਹ ਫੋਨ ਨਹੀਂ ਚੁੱਕਦੇ। ਹੁਣ ਨਿਗਮ ਕਮਿਸ਼ਨਰ ਨੇ ਜੋ ਹੁਕਮ ਜਾਰੀ ਕੀਤੇ ਹਨ, ਉਨ੍ਹਾਂ ਅਨੁਸਾਰ ਸਬੰਧਤ ਜੇ. ਈ. ਅਤੇ ਐੱਸ. ਡੀ. ਓ. ਆਦਿ ਨੂੰ ਖਰਾਬ ਟਿਊਬਵੈੱਲ ਸਬੰਧੀ ਰਿਪੋਰਟ ਇਸ ਸਮੇਂ ਨਿਗਮ ਕਮਿਸ਼ਨਰ ਨੂੰ ਦੇਣੀ ਹੋਵੇਗੀ ਅਤੇ 48 ਘੰਟਿਆਂ ਅੰਦਰ ਇਸ ਖਰਾਬ ਟਿਊਬਵੈੱਲ ਨੂੰ ਸਬੰਧਤ ਠੇਕੇਦਾਰ ਤੋਂ ਠੀਕ ਵੀ ਕਰਵਾਉਣਾ ਹੋਵੇਗਾ। ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਜੇਕਰ ਜੇ. ਈ. ਅਤੇ ਐੱਸ. ਡੀ. ਓ. ਇਹ ਪਾਉਂਦੇ ਹਨ ਕਿ 48 ਘੰਟਿਆਂ ਵਿਚ ਖਰਾਬ ਟਿਊਬਵੈੱਲ ਠੀਕ ਨਹੀਂ ਹੋਇਆ ਤਾਂ ਉਨ੍ਹਾਂ ਨੂੰ ਠੇਕੇਦਾਰ ਨੂੰ ਸ਼ੋਅਕਾਜ਼ ਨੋਟਿਸ ਕੱਢਣਾ ਹੋਵੇਗਾ। ਜੇਕਰ ਨਿਗਮ ਅਧਿਕਾਰੀ ਅਜਿਹਾ ਨਹੀਂ ਕਰਦੇ ਹਨ ਤਾਂ ਉਨ੍ਹਾਂ ਤੋਂ ਜਵਾਬਤਲਬੀ ਕੀਤੀ ਜਾਵੇਗੀ। ਮੰਨਿਆ ਜਾ ਰਿਹਾ ਹੈ ਕਿ ਨਿਗਮ ਕਮਿਸ਼ਨਰ ਵੱਲੋਂ ਜਾਰੀ ਇਨ੍ਹਾਂ ਹੁਕਮਾਂ ਤੋਂ ਬਾਅਦ ਲੋਕਾਂ ਨੂੰ ਵਾਟਰ ਸਪਲਾਈ ਅਤੇ ਖਰਾਬ ਟਿਊਬਵੈੱਲ ਸਬੰਧੀ ਆ ਰਹੀ ਸਮੱਸਿਆ ਜਲਦ ਹੱਲ ਹੋਇਆ ਕਰੇਗੀ।

ਇਹ ਵੀ ਪੜ੍ਹੋ- ਜਲੰਧਰ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਨੇ ਐਲਾਨਿਆ ਉਮੀਦਵਾਰ

ਨਵੇਂ ਟਿਊਬਵੈੱਲ ਵੀ ਸਮਾਂ-ਹੱਦ ਅੰਦਰ ਲਾਉਣ ਦੇ ਹੁਕਮ
ਨਿਗਮ ਕਮਿਸ਼ਨਰ ਗੌਤਮ ਜੈਨ ਨੇ ਇਹ ਹੁਕਮ ਵੀ ਜਾਰੀ ਕੀਤੇ ਹਨ ਕਿ ਸ਼ਹਿਰ ਵਿਚ ਜਿਥੇ-ਜਿਥੇ ਟਿਊਬਵੈੱਲ ਲੱਗਣ ਵਾਲੇ ਹਨ ਅਤੇ ਜਿਨ੍ਹਾਂ ਕੰਮਾਂ ਦੇ ਵਰਕ ਆਰਡਰ ਅਲਾਟ ਹੋ ਚੁੱਕੇ ਹਨ ਅਤੇ ਉਹ ਕੰਮ ਨਿਸ਼ਚਿਤ ਸਮਾਂ-ਹੱਦ ਵਿਚ ਕਰਵਾਏ ਜਾਣ। ਵੇਖਣ ਵਿਚ ਆਇਆ ਹੈ ਕਿ ਕਈ ਠੇਕੇਦਾਰ ਟਿਊਬਵੈੱਲ ਲਗਾਉਣ ਦੇ ਕੰਮ ਦੇ ਕਾਂਟਰੈਕਟ ਲੈ ਕੇ ਕਈ-ਕਈ ਮਹੀਨੇ ਤਕ ਟਿਊਬਵੈੱਲ ਨਹੀਂ ਲਗਾਉਂਦੇ, ਜਿਸ ਕਾਰਨ ਪੂਰੇ ਇਲਾਕੇ ਵਿਚ ਪਾਣੀ ਦੀ ਸਮੱਸਿਆ ਬਣੀ ਰਹਿੰਦੀ ਹੈ ਅਤੇ ਲੋਕ ਨਿਗਮ ਜਾ ਕੇ ਪ੍ਰਦਰਸ਼ਨ ਕਰਦੇ ਹਨ। ਕਮਿਸ਼ਨਰ ਨੇ ਹੁਕਮਾਂ ਵਿਚ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਠੇਕੇਦਾਰ ਟੈਂਡਰ ਲੈਣ ਤੋਂ ਬਾਅਦ ਨਿਸ਼ਚਿਤ ਸਮਾਂ-ਹੱਦ ਵਿਚ ਟਿਊਬਵੈੱਲ ਨਹੀਂ ਲਾਉਂਦਾ ਹੈ ਤਾਂ ਉਸ ’ਤੇ ਜੁਰਮਾਨਾ ਲਾਇਆ ਜਾਵੇ। ਪਤਾ ਲੱਗਾ ਹੈ ਕਿ ਇਸ ਮਾਮਲੇ ਵਿਚ ਨਿਗਮ ਅਧਿਕਾਰੀਆਂ ਨੇ ਪੈਂਡਿੰਗ ਕੰਮਾਂ ਦੀ ਸੂਚੀ ਵੀ ਬਣਾ ਲਈ ਹੈ ਅਤੇ ਆਉਣ ਵਾਲੇ ਸਮੇਂ ਵਿਚ ਟਿਊਬਵੈੱਲ ਲਾਉਣ ਦਾ ਕੰਮ ਤੇਜ਼ੀ ਫੜ ਸਕਦਾ ਹੈ।
 

ਇਹ ਵੀ ਪੜ੍ਹੋ- ਪੁੱਤਰਾਂ ਨਾਲ ਮਿਲ ਵਿਧਵਾ ਔਰਤ ਚਲਾ ਰਹੀ ਸੀ ਦੇਹ ਵਪਾਰ ਦਾ ਧੰਦਾ, ਪੁਲਸ ਨੇ ਇਤਰਾਜ਼ਯੋਗ ਹਾਲਾਤ 'ਚ ਫੜੇ ਕੁੜੀਆਂ-ਮੁੰਡੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News