ਅਜਿੱਤ ਨਹੀਂ ਹੈ ਕੋਰੋਨਾ : ਤਿੰਨ ਲੱਖ ਤੋਂ ਪਾਰ ਹੋਈ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ

Wednesday, Apr 08, 2020 - 10:04 PM (IST)

ਅਜਿੱਤ ਨਹੀਂ ਹੈ ਕੋਰੋਨਾ : ਤਿੰਨ ਲੱਖ ਤੋਂ ਪਾਰ ਹੋਈ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ

ਜਗਬਾਣੀ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂਵਾਲੀ) ਕੋਰੋਨਾ ਵਾਇਰਸ ਦੀ ਦਹਿਸ਼ਤ ਕਾਰਨ ਸਮੁੱਚੀ ਦੁਨੀਆ ਖੁਦ ਨੂੰ ਘੁਪ ਹਨੇਰੇ ਵਿਚ ਪਿਆ ਮਹਿਸੂਸ ਕਰ ਰਹੀ ਹੈ। ਹੁਣ ਤੱਕ ਜਿੱਥੇ ਇਸ ਬੀਮਾਰੀ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ 80 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ, ਉੱਥੇ ਹੀ ਇਸ ਨਾਮੁਰਾਦ ਬੀਮਾਰੀ ਦਾ ਮੁਕਾਬਲਾ ਕਰਕੇ ਠੀਕ ਹੋਣ ਵਾਲਿਆਂ ਦੀ ਵੀ ਵੱਡੀ ਗਿਣਤੀ ਹੈ। ਵੈੱਬਸਾਈਟ ਵਰਲਡਓਮੀਟਰ ਦੇ ਤਾਜ਼ਾ ਅੰਕੜਿਆਂ ਮੁਤਾਬਕ ਜਿੱਥੇ ਕੋਰੋਨਾ ਵਾਇਰਸ ਤੋਂ ਪੀੜਤ ਕੇਸਾਂ ਦੀ ਗਿਣਤੀ 14 ਲੱਖ ਤੋਂ ਟੱਪ ਚੁੱਕੀ ਹੈ, ਉੱਥੇ ਹੀ ਇਸ ਬਿਮਾਰੀ ਨਾਲ ਲੜ ਕੇ ਠੀਕ ਹੋਣ ਵਾਲਿਆਂ ਦੀ ਗਿਣਤੀ ਵੀ 3 ਲੱਖ ਨੂੰ ਪਾਰ ਕਰ ਗਈ ਹੈ। ਇਸ ਨਾਮੁਰਾਦ ਬੀਮਾਰੀ ਤੋਂ ਠੀਕ ਹੋਣ ਵਾਲਿਆਂ ਦੀ ਦਰ 79 ਫੀਸਦੀ, ਜਦਕਿ ਇਸਦੇ ਸਾਹਮਣੇ ਹਾਰ ਜਾਣ ਵਾਲੇ ਮਰੀਜ਼ਾਂ ਦੀ ਦਰ 21 ਫੀਸਦੀ ਦੇ ਕਰੀਬ ਹੈ।

PunjabKesari

ਇਨ੍ਹਾਂ ਰਿਪੋਰਟਾਂ ਦੇ ਅਧਾਰ ’ਤੇ ਕਿਹਾ ਜਾ ਸਕਦਾ ਹੈ ਕਿ ਕੋਰੋਨਾ ਵਾਇਰਸ ਅਜਿੱਤ ਨਹੀਂ ਹੈ ਅਤੇ ਇਹ ਮਨੁੱਖ ਦੀ ਬੀਮਾਰੀ ਨਾਲ ਲੜਨ ਦੀ ਸ਼ਕਤੀ ਸਾਹਮਣੇ ਇਹ ਵਾਇਰਸ ਆਪਣੇ ਆਪ ਹੀ ਹਾਰ ਰਿਹਾ ਹੈ। ਬਾਵਜੂਦ ਇਸ ਦੇ ਕਿ ਅਜੇ ਤੱਕ ਸਾਡੇ ਕੋਲ ਇਸ ਬੀਮਾਰੀ ਦੀ ਕੋਈ ਸਹੀ ਦਵਾਈ ਵੀ ਨਹੀਂ ਹੈ। ਜਦੋਂ ਤੋਂ ਕੋਰੋਨਾ ਮਹਾਮਾਰੀ ਦਾ ਮਨੁੱਖੀ ਨਸਲ ’ਤੇ ਹਮਲਾ ਹੋਇਆ, ਸਿਹਤ ਮਾਹਰਾਂ ਨੇ ਅਨੇਕਾਂ ਤਜ਼ਰਬੇ ਕੀਤੇ ਅਤੇ ਵੱਖ-ਵੱਖ ਵਾਇਰਸ ਰੋਕੂ ਦਵਾਈਆਂ ਨਾਲ ਮਰੀਜ਼ਾਂ ਦਾ ਇਲਾਜ ਕਰਨ ਦਾ ਯਤਨ ਕੀਤਾ। ਇਨ੍ਹਾਂ ਦਵਾਈਆਂ ਵਿਚ ਇਮਿਊਨ ਬੂਸਟਰ ਦਵਾਈਆਂ, ਸਾਰਸ ਅਤੇ ਮਰਸ ਵਾਇਰਸ ਨੂੰ ਕੰਟਰੋਲ ਕਰਨ ਵਾਲੀਆਂ ਦਵਾਈਆਂ। ਇਸ ਤੋਂ ਇਲਾਵਾ ਏਡਜ਼ ਰੋਗ ਦੀਆਂ ਦਵਾਈਆਂ ਦੇ ਨਾਲ-ਨਾਲ ਕੁਝ ਹੋਰ ਦਵਾਈਆਂ ਵੀ ਹਨ, ਜਿੰਨਾ ਨੂੰ ਇਸ ਵਾਇਰਸ ਦੀ ਰੋਕਥਾਮ ਲਈ ਵਰਤੋਂ ਵਿਚ ਲਿਆਂਦਾ ਗਿਆ ਹੈ।

ਨਵੀਆਂ ਦਵਾਈਆਂ ਦੇ ਵੀ ਹੋਏ ਪ੍ਰੀਖਣ
ਇਸ ਸਭ ਦੌਰਾਨ ਦੁਨੀਆ ਭਰ ਦੇ ਵਿਗਿਆਨਆਂ ਵੱਲੋਂ ਵਾਇਰਸ ਰੋਕੂ ਨਵੀਆਂ ਦਵਾਈਆਂ ਦੇ ਵੀ ਪ੍ਰੀਖਣ ਕੀਤੇ ਜਾ ਰਹੇ ਹਨ। ਪਿਛਲੇ ਦਿਨੀ ਅਮਰੀਕੀ ਵਿਗਿਆਨੀਆਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਕੋਰੋਨਾ ਵਾਇਰਸ ਦੀ ਨਵੀਂ ਵੈਕਸੀਨ ਦੇ ਚੂਹਿਆਂ ਉੱਤੇ ਸਫ਼ਲ ਪਰੀਖਣ ਕਰ ਲਏ ਹਨ। ਖੋਜਕਾਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਲੱਭੀ ਗਈ ਵੈਕਸੀਨ ਕੋਵਿਡ–19 ਨਾਲ ਲੜਨ ਲਈ ਵਾਜਬ ਮਾਤਰਾ ’ਚ ਐਂਟੀ–ਬਾਡੀਜ਼ ਬਣਾਉਣ ਦੇ ਸਮਰੱਥ ਹੈ। 
ਇਸੇ ਤਰ੍ਹਾਂ ਦਾ ਦਾਅਵਾ ਭਾਰਤ ਦੀ ਇਕ ਬਾਇਓਟੈਕ ਕੰਪਨੀ ਨੇ ਵੀ ਕੀਤਾ। ਹੈਦਰਾਬਾਦ ਦੀ ਇਸ ਕੰਪਨੀ ਨੇ ਦਾਅਵਾ ਕੀਤਾ ਕਿ ਉਸਨੇ ਕੋਰੋਨਾ ਨੂੰ ਮਾਤ ਦੇਣ ਵਾਲੀ ਵੈਕਸੀਨ ਤਿਆਰ ਕਰ ਲਈ ਹੈ। ਇਸ ਦਵਾਈ ਨੂੰ ਐਨੀਮਲ ਟਰਾਇਲ ਲਈ ਅਮਰੀਕਾ ਭੇਜਿਆ ਗਿਆ ਹੈ। ਜੇਕਰ ਤਿੰਨ ਤੋਂ ਛੇ ਮਹੀਨਿਆਂ ਤੱਕ ਚੱਲਣ ਵਾਲੀ ਇਸ ਅਜ਼ਮਾਇਸ਼ ਤੋਂ ਬਾਅਦ ਸਭ ਕੁਝ ਸਹੀ ਰਿਹਾ, ਤਾਂ ਇਹ ਦਵਾਈ ਭਾਰਤ ਵਿਚ ਮਨੁੱਖਾਂ ’ਤੇ ਵੀ ਵਰਤੀ ਜਾਵੇਗੀ। ਮੀਡੀਆ ਰਿਪੋਰਟਾਂ ਮੁਤਾਬਕ ਇਹ ਟੀਕਾ ਨੋਜ਼ਲ ਬੂੰਦ ਦੇ ਤੌਰ ’ਤੇ ਤਿਆਰ ਕੀਤਾ ਜਾਵੇਗਾ। ਇਸ ਟੀਕੇ ਦੀ ਇਕ ਬੂੰਦ ਨੱਕ ਵਿਚ ਪਾਈ ਜਾਵੇਗੀ। ਕੋਰੋਫਲੂ ਨਾਮ ਦਾ ਇਹ ਟੀਕਾ ਕੋਰੋਨਾ ਦੇ ਨਾਲ ਨਾਲ ਫਲੂ ਦਾ ਇਲਾਜ ਵੀ ਕਰੇਗਾ। ਭਾਰਤ ਬਾਇਓਟੈਕ ਦੇ ਸੀ.ਐੱਮ.ਡੀ. ਅਤੇ ਵਿਗਿਆਨੀ ਡਾ. ਕ੍ਰਿਸ਼ਨਾ ਏਲਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਨੱਕ ਰਾਹੀਂ ਸਰੀਰ ਦੇ ਅੰਦਰ ਜਾਂਦਾ ਹੈ ਅਤੇ ਫੇਫੜਿਆਂ ਤੱਕ ਪਹੁੰਚਣ ਤੋਂ ਬਾਅਦ ਇਸ ਨੂੰ ਪੂਰੀ ਤਰ੍ਹਾਂ ਸੰਕਰਮਿਤ ਕਰਦਾ ਹੈ। ਇਹੀ ਕਾਰਨ ਹੈ ਕਿ ਅਸੀਂ ਇਸ ਨੂੰ ਇੱਕ ਨੱਕ ਦੇ ਟੀਕੇ ਵਜੋਂ ਤਿਆਰ ਕੀਤਾ ਹੈ। ਇਹ ਟੀਕਾ ਨੱਕ ਰਾਹੀਂ ਕੋਰੋਨਾ ਫਲੂ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਵੇਗਾ। ਇਸ ਤੋਂ ਇਲਾਵਾ ਕਈ ਹੋਰ ਦੇਸ਼ਾਂ ਦੇ ਵਿਗਿਆਨੀ ਵੀ ਕੋਰੋਨਾ ਵਾਇਰਸ ਦੇ ਖਾਤਮੇ ਲਈ ਦਵਾਈ ਬਣਾਉਣ ਦਾ ਦਾਅਵਾ ਕਰ ਚੁੱਕੇ ਹਨ। 

ਇਸ ਵਾਇਰਸ ਨੂੰ ਖਤਰਨਾਕ ਨਹੀਂ ਮੰਨਦੇ ਡਾ. ਅਮਰ ਸਿੰਘ ਅਜ਼ਾਦ
ਇਸ ਸਭ ਸਬੰਧੀ ਜਗਬਾਣੀ ਵੱਲੋਂ ਜਦੋਂ ਸਿਹਤ ਮਾਹਰ ਡਾ. ਅਮਰ ਸਿੰਘ ਅਜ਼ਾਦ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਵਾਇਰਸ ਓਨਾ ਭਿਆਨਕ ਨਹੀਂ ਜਿੰਨਾਂ ਇਸ ਨੂੰ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਦੁੱਖ ਦੀ ਗੱਲ ਹੈ ਕਿ ਇਸ ਗੁੰਮਰਾਹਕੁੰਨ ਵਰਤਾਰੇ ਵਿਚ ਦਵਾਈ ਬਣਾਉਣ ਵਾਲੀਆਂ ਵੱਡੀਆਂ ਕੰਪਨੀਆਂ, WHO ਅਤੇ CDC ਵੀ ਲਿਪਤ ਨਜ਼ਰ ਆ ਰਹੇ ਹਨ। ਉਨ੍ਹਾਂ ਦੱਸਿਆ ਹੁਣ ਤੱਕ ਕੋਰੋਨਾ ਵਾਇਰਸ ਦੇ ਜਿੰਨੇ ਵੀ ਮਰੀਜ਼ ਠੀਕ ਹੋਏ ਹਨ ਉਹ ਆਪਣੇ ਆਪ ਹੋਏ ਹਨ। ਉਨ੍ਹਾਂ ਕਿਹਾ ਕਿ ਉਲਟਾ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਅਤੇ ਕੀਤੇ ਜਾ ਰਹੇ ਸਾਰੇ ਦਾਅਵੇ ਝੂਠੇ ਹਨ। ਉਨ੍ਹਾਂ ਕਿਹਾ ਸਾਡਾ ਸਰੀਰ ਸਦੀਆਂ ਤੋਂ ਹਜ਼ਾਰਾਂ ਕਿਸਮ ਦੇ ਵਾਇਰਸਾਂ ਨਾਲ ਲੜਦਾ ਆ ਰਿਹਾ ਹੈ ਅਤੇ ਹੁਣ ਵੀ ਲੜ ਰਿਹਾ ਹੈ। ਇਸ ਦੇ ਨਤੀਜ਼ੇ ਵਜੋਂ ਹੀ ਤਿੰਨ ਲੱਖ ਤੋਂ ਵਧੇਰੇ ਮਰੀਜ਼ ਆਪਣੇ-ਆਪ ਠੀਕ ਹੋ ਗਏ। ਉਨ੍ਹਾਂ ਦੱਸਿਆ ਕਿ ਆਮ ਫਲੂ ਨਾਲ ਵੀ ਹਰ ਸਾਲ ਲੱਖਾਂ ਲੋਕਾਂ ਦੀ ਮੌਤ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਵਾਇਰਸ ਨੂੰ ਜਿਵੇਂ ਪ੍ਰੋਜੈੱਕਟ ਕੀਤਾ ਗਿਆ ਉਹ ਬਹੁਤ ਦੁੱਖਦਾਈ ਹੈ।

ਇਹ ਵੀ ਪੜ੍ਹੋ : ਕੀ ਸਾਨੂੰ ਪਾਲਤੂ ਜਾਨਵਰ ਕੁੱਤੇ, ਬਿੱਲੀ ਆਦਿ ਤੋਂ ਵੀ ਹੋ ਸਕਦੈ ਕੋਰੋਨਾ ?
 

ਇਹ ਵੀ ਪੜ੍ਹੋ  : ਆਖਰ ਮੱਠਾ ਪਿਆ ਕੋਰੋਨਾ ਦਾ ਕਹਿਰ


author

jasbir singh

News Editor

Related News