ਠੰਡ ਸ਼ੁਰੂ ਹੋਣ ਤੋਂ ਪਹਿਲਾਂ ਡਿੱਗਣ ਲੱਗਾ ਪਾਰਾ, ਠੰਡੀਆਂ ਹੋ ਗਈਆਂ ਰਾਤਾਂ
Sunday, Oct 26, 2025 - 12:03 PM (IST)
ਚੰਡੀਗੜ੍ਹ (ਰੋਹਾਲ) : ਠੰਡ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਰਾਤਾਂ ਠੰਡੀਆਂ ਹੋਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਰਾਤ ਸਮੇਂ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਸਰਦੀਆਂ ਦੀ ਸ਼ੁਰੂਆਤ ਤੋਂ ਪਹਿਲਾਂ ਸ਼ੁੱਕਰਵਾਰ ਦੀ ਰਾਤ ਸਭ ਤੋਂ ਠੰਡੀ ਰਾਤ ਰਹੀ। ਹੁਣ ਰਾਤ ’ਚ ਪਾਰਾ 16 ਡਿਗਰੀ ਦੇ ਆਸ-ਪਾਸ ਤੱਕ ਡਿੱਗ ਗਿਆ ਹੈ। ਇਸ ਕਾਰਨ ਸਵੇਰ ਸਮੇਂ ਸੂਰਜ ਦੀ ਚੰਗੀ ਤਪਸ਼ ਹੋਣ ਤੋਂ ਬਾਅਦ ਵੀ ਹਵਾ ’ਚ ਚੰਗੀ ਠੰਡ ਹੈ। ਸਵੇਰ ਸਮੇਂ ਹੁਣ 10 ਵਜੇ ਤੋਂ ਬਾਅਦ ਹੀ ਤਾਪਮਾਨ 20 ਡਿਗਰੀ ਨੂੰ ਪਾਰ ਕਰ ਰਿਹਾ ਹੈ।
ਠੰਡ ਦਾ ਅਸਰ ਹੁਣ ਸ਼ਾਮ ਸਮੇਂ ਵੀ ਮਹਿਸੂਸ ਹੋ ਰਿਹਾ ਹੈ। ਸੂਰਜ ਹਾਲਾਂਕਿ ਪੌਣੇ ਛੇ ਵਜੇ ਦੇ ਆਸ-ਪਾਸ ਛਿੱਪ ਰਿਹਾ ਹੈ ਪਰ ਸ਼ਾਮ 4 ਵਜੇ ਤੋਂ ਬਾਅਦ ਹੀ ਧੁੱਪ ਦੀ ਗਰਮੀ ਬੇਹੱਦ ਘੱਟ ਜਾਂਦੀ ਹੈ। ਹਾਲਾਂਕਿ ਦਿਨ ਸਮੇਂ ਹਾਲੇ ਮੌਸਮ ਖੁਸ਼ਨੁਮਾ ਹੈ। ਆਉਣ ਵਾਲੇ ਦਿਨਾਂ ’ਚ ਤਾਪਮਾਨ ’ਚ ਹੋਰ ਗਿਰਾਵਟ ਦੇ ਨਾਲ ਹੀ ਸੋਮਵਾਰ ਨੂੰ ਆਸਪਾਸ ਸ਼ਹਿਰ ਦੇ ਅਸਮਾਨ ’ਤੇ ਬੱਦਲ ਪਰਤ ਸਕਦੇ ਹਨ।
