ਕਤਲ ਕਰਕੇ ਨੌਜਵਾਨ ਦੀ ਲਾਸ਼ ਨਹਿਰ ’ਚ ਸੁੱਟਣ ਵਾਲੇ ਤਿੰਨ ਮੁਲਜ਼ਮ ਗ੍ਰਿਫ਼ਤਾਰ
Saturday, Oct 25, 2025 - 12:39 PM (IST)
ਚੰਡੀਗੜ੍ਹ (ਸੁਸ਼ੀਲ) : ਸ਼ਰਾਬ ਪਿਆਉਣ ਮਗਰੋਂ ਕਤਲ ਕਰਕੇ ਨੌਜਵਾਨ ਦੀ ਲਾਸ਼ ਧਨਾਸ ਦੇ ਪਟਿਆਲਾ ਰਾਓ ਵਿਚ ਸੁੱਟਣ ਵਾਲੇ ਤਿੰਨ ਨੌਜਵਾਨਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਸਾਰੰਗਪੁਰ ਥਾਣਾ ਪੁਲਸ ਨੇ ਮੁਲਜ਼ਮਾਂ ਨੂੰ ਜ਼ਿਲ੍ਹਾ ਅਦਾਲਤ 'ਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਉਨ੍ਹਾਂ ਨੂੰ ਇੱਕ ਦਿਨ ਦੀ ਪੁਲਸ ਹਿਰਾਸਤ ਵਿਚ ਭੇਜ ਦਿੱਤਾ। ਧਨਾਸ ਵਾਸੀ ਨੇਹਾ ਨੇ ਪੁਲਸ ਨੂੰ ਦੱਸਿਆ ਸੀ ਕਿ ਉਸਦਾ ਭਰਾ ਆਕਾਸ਼ ਧਨਾਸ ਵਿਚ ਹੀ ਵੈਲਡਰ ਦਾ ਕੰਮ ਕਰਦਾ ਸੀ। 15 ਅਕਤੂਬਰ ਦੀ ਸ਼ਾਮ ਆਕਾਸ਼ ਕੰਮ ’ਤੇ ਗਿਆ ਸੀ ਪਰ ਘਰ ਵਾਪਸ ਨਹੀਂ ਪਰਤਿਆ। ਨੇਹਾ ਨੇ ਭਰਾ ਦੇ ਲਾਪਤਾ ਹੋਣ ਦੀ ਸ਼ਿਕਾਇਤ ਸਾਰੰਗਪੁਰ ਥਾਣਾ ਪੁਲਸ ਨੂੰ ਦਿੱਤੀ ਸੀ। ਪੁਲਸ ਨੇ ਮਾਮਲੇ ਦੀ ਡੀ. ਡੀ. ਆਰ. ਦਰਜ ਕੀਤੀ ਸੀ।
19 ਅਕਤੂਬਰ ਨੂੰ ਆਕਾਸ਼ ਦੀ ਲਾਸ਼ ਪਟਿਆਲਾ ਦੀ ਰਾਓ ਨਹਿਰ ਵਿਚੋਂ ਮਿਲੀ। 21 ਅਕਤੂਬਰ ਨੂੰ ਜੀ. ਐੱਮ. ਐੱਸ. ਐੱਚ. ਸੈਕਟਰ-16 ਵਿਚ ਪੋਸਟਮਾਰਟਮ ਕਰਵਾਇਆ ਗਿਆ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰ ਕਤਲ ਕਰਨ ਵਾਲੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਕਤਲ ਵਿਚ ਵਰਤਿਆ ਗਿਆ ਖੂਨ ਨਾਲ ਲੱਥਪਥ ਕੱਚ ਦਾ ਟੁਕੜਾ ਵੀ ਬਰਾਮਦ ਕੀਤਾ। ਪੁਲਸ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਖ਼ੁਲਾਸਾ ਕੀਤਾ ਕਿ ਉਨ੍ਹਾਂ ਨੇ ਪਹਿਲਾਂ ਆਕਾਸ਼ ਦਾ ਮੋਬਾਇਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ। ਜਦੋਂ ਉਸਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਉਸਨੂੰ ਸ਼ਰਾਬ ਪੀਣ ਲਈ ਮਜਬੂਰ ਕੀਤਾ। ਆਕਾਸ਼ ਦੇ ਬੇਹੋਸ਼ ਹੋਣ ਤੋਂ ਬਾਅਦ ਸੂਰਜ ਅਤੇ ਉਸਦੇ ਸਾਥੀਆਂ ਨੇ ਕੱਚ ਦੇ ਟੁਕੜਿਆਂ ਅਤੇ ਪੱਥਰਾਂ ਨਾਲ ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਫ਼ਰਾਰ ਹੋ ਗਏ।
