ਅਮਰੀਕਾ ''ਚ 1 ਲੱਖ ਭਾਰਤੀ ਡਰਾਈਵਰਾਂ ਸਿਰ ਮੰਡਰਾ ਰਿਹਾ ਵੱਡਾ ਖ਼ਤਰਾ ! ਹੁਣ ਨਹੀਂ ਰਹੇਗੀ ''ਪਹਿਲਾਂ ਵਾਲੀ ਗੱਲ''
Monday, Oct 27, 2025 - 09:06 AM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ’ਚ ਸਿੱਖ ਡਰਾਈਵਰਾਂ ਨਾਲ ਜੁੜੇ 2 ਭਿਆਨਕ ਸੜਕ ਹਾਦਸਿਆਂ ਤੋਂ ਬਾਅਦ ਉਨ੍ਹਾਂ ਨੂੰ ਜਾਰੀ ਕੀਤੇ ਗਏ ਡਰਾਈਵਿੰਗ ਲਾਇਸੈਂਸ ਸਵਾਲਾਂ ਦੇ ਘੇਰੇ ’ਚ ਹਨ। ਇਨ੍ਹਾਂ ਦੋਵਾਂ ਸੜਕ ਹਾਦਸਿਆਂ ’ਚ ਡਰਾਈਵਰਾਂ ਦੀ ਲਾਪ੍ਰਵਾਹੀ ਕਾਰਨ 6 ਲੋਕਾਂ ਦੀ ਮੌਤ ਹੋਈ ਹੈ। ਦੋਵੇਂ ਹੀ ਡਰਾਈਵਰ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ’ਚ ਦਾਖਲ ਹੋਏ ਸਨ।
ਇਨ੍ਹਾਂ ਹਾਦਸਿਆਂ ਤੋਂ ਬਾਅਦ ਅਮਰੀਕਾ ’ਚ ਹੋਏ ਇਕ ਵਿਆਪਕ ਸੰਘੀ ਆਡਿਟ ’ਚ ਪਾਇਆ ਗਿਆ ਕਿ ਅਜਿਹੇ ਡਰਾਈਵਰਾਂ ਨੂੰ ਵਪਾਰਕ ਡਰਾਈਵਿੰਗ ਲਾਇਸੈਂਸ ਜਾਰੀ ਕਰਨ ’ਚ ਭਾਰੀ ਬੇਨਿਯਮੀਆਂ ਪਾਈਆਂ ਗਈਆਂ ਹਨ, ਜਿਸ ਕਾਰਨ ਅਮਰੀਕਾ ’ਚ ਕੰਮ ਕਰਨ ਵਾਲੇ ਭਾਰਤ ਤੋਂ ਆਏ 1 ਲੱਖ ਤੋਂ ਵੱਧ ਪ੍ਰਵਾਸੀ ਟਰੱਕ ਡਰਾਈਵਰ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਦੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੇ ਅਮਰੀਕਾ ’ਚ ਨਵੀਂ ਬਹਿਸ ਛੇੜ ਦਿੱਤੀ ਹੈ।
ਬਿਨਾਂ ਦਸਤਾਵੇਜ਼ ਵਾਲੇ ਭਾਰਤੀ ਡਰਾਈਵਰਾਂ ਵਿਰੁੱਧ ਹੋਵੇਗੀ ਕਾਰਵਾਈ
ਇਕ ਰਿਪੋਰਟ ਦੇ ਅਨੁਸਾਰ ਅਮਰੀਕੀ ਆਵਾਜਾਈ ਵਿਭਾਗ (ਡੀ.ਓ.ਟੀ.) ਨੇ ਆਪਣੇ ਸੰਘੀ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ (ਐੱਫ.ਐੱਮ.ਸੀ.ਐੱਸ.ਏ.) ਰਾਹੀਂ ਹਾਲ ਹੀ ਵਿਚ ਇਕ ਦੇਸ਼ ਵਿਆਪੀ ਆਡਿਟ ਦੇ ਨਤੀਜਿਆਂ ਦਾ ਐਲਾਨ ਕੀਤਾ ਹੈ, ਜਿਸ ’ਚ ਖੁਲਾਸਾ ਹੋਇਆ ਹੈ ਕਿ ਕਈ ਸੂਬਿਆਂ ਨੇ ਕਾਨੂੰਨੀ ਸਥਿਤੀ ਅਤੇ ਅੰਗਰੇਜ਼ੀ ਮੁਹਾਰਤ ਦੇ ਸੰਘੀ ਮਾਪਦੰਡਾਂ ਦੀ ਉਲੰਘਣਾ ਕਰਦੇ ਹੋਏ, ਗੈਰ-ਯੋਗਤਾ ਪ੍ਰਾਪਤ ਬਿਨੈਕਾਰਾਂ ਨੂੰ ਸੀ.ਡੀ.ਐੱਲ. ਜਾਰੀ ਕੀਤੇ ਹਨ। ਇਨ੍ਹਾਂ ’ਚ ਬਿਨਾਂ ਦਸਤਾਵੇਜ਼ ਵਾਲੇ ਪ੍ਰਵਾਸੀ ਵੀ ਸ਼ਾਮਲ ਹਨ।
ਮਾਮਲੇ ’ਚ ਸਭ ਤੋਂ ਵੱਧ ਆਲੋਚਨਾ ਦਾ ਸਾਹਮਣਾ ਕਰਨ ਵਾਲੇ ਸੂਬਿਆਂ ’ਚ ਕੈਲੀਫੋਰਨੀਆ ਵੀ ਸ਼ਾਮਲ ਹੈ। ਆਡਿਟ ’ਚ ਪਾਇਆ ਗਿਆ ਕਿ ਕੈਲੀਫੋਰਨੀਆ ’ਚ ਜਾਰੀ ਕੀਤੇ ਗਏ ਗੈਰ-ਨਿਵਾਸੀ ਸੀ.ਡੀ.ਐੱਲ. ’ਚ 25 ਫੀਸਦੀ ਤੋਂ ਵੱਧ ਗਲਤ ਤਰੀਕੇ ਨਾਲ ਜਾਰੀ ਕੀਤੇ ਗਏ ਸਨ। ਇਨ੍ਹਾਂ ’ਚ ਅਜਿਹੇ ਲਾਇਸੈਂਸ ਵੀ ਸ਼ਾਮਲ ਹਨ, ਜੋ ਡਰਾਈਵਰਾਂ ਦੇ ਅਮਰੀਕਾ ’ਚ ਅਧਿਕਾਰਤ ਪ੍ਰਵਾਸ ਦੀ ਮਿਆਦ ਪੁੱਗਣ ਤੋਂ ਬਾਅਦ ਮਹੀਨਿਆਂ ਬਾਅਦ ਵੀ ਵੈਧ ਸਨ।
ਹਾਲਾਂਕਿ ਆਡਿਟ ’ਚ ਜਨਤਕ ਤੌਰ ’ਤੇ ਦੱਸੇ ਗਏ ਅੰਕੜੇ ਭਾਰਤੀ ਮੂਲ ਦੇ ਸਾਰੇ ਪ੍ਰਵਾਸੀ ਟਰੱਕ ਡਰਾਈਵਰਾਂ ਨੂੰ ਸਹੀ ਢੰਗ ਨਾਲ ਨਹੀਂ ਦਰਸਾਉਂਦੇ ਹਨ ਪਰ ਕੈਲੀਫੋਰਨੀਆ ਅਤੇ ਫਲੋਰੀਡਾ ਵਿਚ ਟਰੱਕ ਡਰਾਈਵਰਾਂ ਨਾਲ ਜੁੜੇ ਦੋ ਹਾਈ-ਪ੍ਰੋਫਾਈਲ ਭਿਆਨਕ ਹਾਦਸਿਆਂ ਨੇ ਗੈਰ-ਦਸਤਾਵੇਜ਼ੀ ਪ੍ਰਵਾਸੀਆਂ ਵਿਰੁੱਧ ਰੈਗੂਲੇਟਰੀ ਕਾਰਵਾਈ ਦਾ ਰਸਤਾ ਖੋਲ੍ਹ ਦਿੱਤਾ ਹੈ।
ਇਹ ਵੀ ਪੜ੍ਹੋ- ਦਿੱਲੀ ਪਹੁੰਚਿਆ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਦਾ ਇਕ ਹੋਰ ਜਹਾਜ਼ ! ਬੇੜੀਆਂ 'ਚ ਬੰਨ੍ਹ ਕੇ...
ਫਲੋਰੀਡਾ ’ਚ ਸੜਕ ਹਾਦਸੇ ਤੋਂ ਬਾਅਦ ਵੱਡੇ ਖੁਲਾਸੇ
ਇਸ ਸਾਲ ਬੀਤੇ ਅਗਸਤ ’ਚ ਫਲੋਰੀਡਾ ’ਚ ਹੋਏ ਇਕ ਭਿਆਨਕ ਸੜਕ ਹਾਸਦੇ ’ਚ ਭਾਰਤੀ ਮੂਲ ਦੇ ਇਕ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੀ ਲਾਪ੍ਰਵਾਹੀ ਕਾਰਨ 3 ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਜਾਂਚ ’ਚ ਪਤਾ ਲੱਗਾ ਕਿ ਉਹ ਇਕ ਗੈਰ-ਕਾਨੂੰਨੀ ਪ੍ਰਵਾਸੀ ਸੀ।
ਹਰਜਿੰਦਰ ਸਿੰਘ ਆਪਣਾ ਸੀ.ਡੀ.ਐੱਲ. ਪ੍ਰਾਪਤ ਕਰਨ ਤੋਂ ਪਹਿਲਾਂ 10 ਮਾਰਚ, 2023 ਤੋਂ 5 ਮਈ, 2023 ਦੇ ਵਿਚਾਲੇ ਸਿਰਫ਼ 2 ਮਹੀਨਿਆਂ ’ਚ 10 ਵਾਰ ਲਿਖਤੀ ਪ੍ਰੀਖਿਆ ’ਚ ਫੇਲ੍ਹ ਹੋ ਗਿਆ ਸੀ। ਇਸ ਤੋਂ ਇਲਾਵਾ ਉਹ 2 ਵਾਰ ਏਅਰ-ਬ੍ਰੇਕ ਨੌਲੇਜ ਟੈਸਟ ’ਚ ਵੀ ਅਸਫਲ ਰਿਹਾ ਸੀ। ਜਿਸ ਵਾਸ਼ਿੰਗਟਨ ਸਥਿਤ ਕੰਪਨੀ ਨੇ ਉਸ ਨੂੰ ਡਰਾਈਵਿੰਗ ਸਿਖਲਾਈ ਦਿੱਤੀ ਸੀ, ਉਸ ਨੇ ਪ੍ਰਮਾਣਿਤ ਕੀਤਾ ਸੀ ਕਿ ਉਹ ਅੰਗਰੇਜ਼ੀ ਚੰਗੀ ਤਰ੍ਹਾਂ ਬੋਲ ਸਕਦਾ ਹੈ, ਹਾਲਾਂਕਿ ਇਸ ਦਾਅਵੇ ਨੂੰ ਫਲੋਰੀਡਾ ਦੇ ਵਕੀਲਾਂ ਨੇ ਝੂਠਾ ਦੱਸਿਆ ਹੈ।
ਕੈਲੀਫੋਰਨੀਆ ਹਾਦਸੇ ਦਾ ਦੋਸ਼ੀ ਗੈਰ-ਕਾਨੂੰਨੀ ਢੰਗ ਨਾਲ ਪਹੁੰਚਿਆ ਸੀ ਅਮਰੀਕਾ
ਹਾਲ ਹੀ ’ਚ ਅਮਰੀਕਾ ’ਚ ਭਾਰਤੀ ਮੂਲ ਦੇ 21 ਸਾਲਾ ਜਸ਼ਨਪ੍ਰੀਤ ਸਿੰਘ ਨੂੰ ਦੱਖਣੀ ਕੈਲੀਫੋਰਨੀਆ ਵਿਚ ਇਕ ਟਰੱਕ ਹਾਦਸੇ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਹਾਦਸੇ ’ਚ 3 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਜ਼ਖਮੀ ਹੋ ਗਏ ਸਨ। ਦੋਸ਼ ਹੈ ਕਿ ਹਾਦਸੇ ਸਮੇਂ ਜਸ਼ਨਪ੍ਰੀਤ ਨਸ਼ੇ ਦੀ ਹਾਲਤ ’ਚ ਸੀ।
ਇਸ ਹਾਦਸੇ ਤੋਂ ਬਾਅਦ ਜਾਂਚ ’ਚ ਸਾਹਮਣੇ ਆਇਆ ਹੈ ਕਿ ਜਸ਼ਨਪ੍ਰੀਤ ਸਿੰਘ 2022 ਵਿਚ ਕਥਿਤ ਤੌਰ ’ਤੇ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ’ਚ ਦਾਖਲ ਹੋਇਆ ਸੀ। ਉਸ ਨੂੰ ਮਾਰਚ 2022 ਵਿਚ ਕੈਲੀਫੋਰਨੀਆ ਦੇ ਐਲ ਸੈਂਟਰੋ ਸੈਕਟਰ ਵਿਚ ਬਾਰਡਰ ਪੈਟਰੋਲ ਏਜੰਟਾਂ ਵੱਲੋਂ ਫੜ ਲਿਆ ਗਿਆ ਸੀ। ਹਾਲਾਂਕਿ ਉਸ ਨੂੰ ਉਸ ਸਮੇਂ ਬਾਈਡੇਨ ਪ੍ਰਸ਼ਾਸਨ ਦੀਆਂ ਨੀਤੀਆਂ ਤਹਿਤ ਰਿਹਾਅ ਕਰ ਦਿੱਤਾ ਗਿਆ ਸੀ। ਬਾਈਡੇਨ ਪ੍ਰਸ਼ਾਸਨ ਦੀਆਂ ਨੀਤੀਆਂ ਅਨੁਸਾਰ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਸੁਣਵਾਈ ਖਤਮ ਹੋਣ ਤੱਕ ਰਿਹਾਅ ਕਰ ਦਿੱਤਾ ਜਾਂਦਾ ਸੀ।
ਇਹ ਵੀ ਪੜ੍ਹੋ- 7 ਹੋਰ ਪੰਜਾਬੀਆਂ ਦੀ ਹੋਵੇਗੀ ਘਰ ਵਾਪਸੀ ! ਨਰਕ ਜਿਹੇ ਹਾਲਾਤਾਂ 'ਚੋਂ ਨਿਕਲ ਅੱਜ ਪੁੱਜਣਗੇ ਦਿੱਲੀ
ਭਾਰਤੀ ਟਰੱਕ ਡਰਾਈਵਰਾਂ ਖਿਲਾਫ ਵਧ ਸਕਦਾ ਹੈ ਭੇਦਭਾਵ
ਭਾਰਤ ਤੋਂ ਆਏ ਕਈ ਪ੍ਰਵਾਸੀ ਟਰੱਕ ਡਰਾਈਵਰਾਂ ਲਈ ਇਹ ਘਟਨਾਕ੍ਰਮ ਚਿੰਤਾਜਨਕ ਹੈ। ਇਕ ਪਾਸੇ ਜਿੱਥੇ ਹੁਣ ਹਜ਼ਾਰਾਂ ਭਾਰਤੀ ਮੂਲ ਦੇ ਡਰਾਈਵਰ ਜੋ ਕਾਨੂੰਨੀ ਤੌਰ ’ਤੇ ਕੰਮ ਕਰ ਰਹੇ ਹਨ, ਸੰਭਾਵੀ ਲਾਇਸੈਂਸ ਰੱਦ ਹੋਣ ਜਾਂ ਨੌਕਰੀ ਗੁਆਉਣ ਦੇ ਖ਼ਤਰੇ ਦਾ ਸਾਹਮਣਾ ਕਰ ਰਹੇ ਹਨ, ਉਥੇ ਹੀ ਭਾਰਤੀ ਟਰੱਕ ਡਰਾਈਵਰਾਂ ਖਿਲਾਫ ਭੇਦਭਾਵ ਵਧ ਸਕਦਾ ਹੈ। ਫਲੋਰੀਡਾ ਦੇ ਸਥਾਨਕ ਟੀ.ਵੀ. ਸਟੇਸ਼ਨਾਂ ਨੇ ਵੀ ਸਟਿੰਗ ਆਪ੍ਰੇਸ਼ਨ ਕੀਤੇ ਹਨ ਜਿਨ੍ਹਾਂ ਵਿਚ ਕਥਿਤ ਤੌਰ ’ਤੇ ਪ੍ਰਵਾਸੀ ਟਰੱਕ ਡਰਾਈਵਰ ਬਿਨੈਕਾਰਾਂ ਨੂੰ ਬਾਹਰੋਂ ਜਵਾਬ ਪ੍ਰਦਾਨ ਕਰਨ ਵਾਲੇ ਯੰਤਰਾਂ ਦੀ ਵਰਤੋਂ ਕਰ ਕੇ ਅੰਗਰੇਜ਼ੀ ਮੁਹਾਰਤ ਟੈਸਟਾਂ ’ਚ ਧੋਖਾਦੇਹੀ ਕਰਦੇ ਦਿਖਾਇਆ ਗਿਆ ਹੈ।
ਵਕੀਲਾਂ ਦਾ ਕਹਿਣਾ ਹੈ ਕਿ ਬਿਨਾਂ ਦਸਤਾਵੇਜ਼ ਵਾਲੇ ਪ੍ਰਵਾਸੀ ਟਰੱਕ ਡਰਾਈਵਰ ਘਾਤਕ ਹਾਦਸਿਆਂ ਦਾ ਕਾਰਨ ਬਣਦੇ ਹਨ। ਇਹ ਕਹਾਣੀ ਆਮ ਤੌਰ ’ਤੇ ਭਾਰਤੀ ਟਰੱਕ ਡਰਾਈਵਰਾਂ ਖਿਲਾਫ ਭੇਦਭਾਵ ਨੂੰ ਆਸਾਨੀ ਨਾਲ ਵਧਾ ਸਕਦੀ ਹੈ, ਭਾਵੇਂ ਉਨ੍ਹਾਂ ਦੀ ਕਾਨੂੰਨੀ ਸਥਿਤੀ ਜਾਂ ਸੁਰੱਖਿਆ ਰਿਕਾਰਡ ਕੁਝ ਵੀ ਹੋਵੇ। ਭਾਰਤੀ ਮੂਲ ਦੇ ਪ੍ਰਵਾਸੀ ਟਰੱਕ ਡਰਾਈਵਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਹਿਲਾਂ ਹੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੱਲੋਂ ਅਕਸਰ ਵਾਰ-ਵਾਰ ਰੋਕਿਆ ਜਾਂਦਾ ਹੈ, ਜਦਕਿ ਹੁਣ ਕਾਰਵਾਈ ਹੋਰ ਜ਼ਿਆਦਾ ਸਖ਼ਤ ਹੋ ਸਕਦੀ ਹੈ।
ਅਮਰੀਕੀ ਪ੍ਰਸ਼ਾਸਨ ਨੇ ਹੁਣ ਤੱਕ ਚੁੱਕੇ ਹਨ ਇਹ ਕਦਮ
ਫਲੋਰੀਡਾ ਨੇ ਕੈਲੀਫੋਰਨੀਆ ਅਤੇ ਵਾਸ਼ਿੰਗਟਨ ਵਰਗੇ ਸੂਬਿਆਂ ’ਤੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਸੀ.ਡੀ.ਐੱਲ. ਜਾਰੀ ਕਰਨ ਦਾ ਦੋਸ਼ ਲਾਉਂਦਿਆਂ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਹੈ। ਅਮਰੀਕੀ ਆਵਾਜਾਈ ਵਿਭਾਗ (ਡੀ.ਓ.ਟੀ.) ਨੇ ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ਭਾਸ਼ਾ ਦੀ ਜ਼ਰੂਰਤ ਨੂੰ ਸਖ਼ਤੀ ਨਾਲ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਨਿਯਮ ਦੀ ਪਾਲਣਾ ਨਾ ਕਰਨ ’ਤੇ ਕੈਲੀਫੋਰਨੀਆ ਨੂੰ ਜੁਰਮਾਨਾ ਵੀ ਲਾਇਆ ਗਿਆ ਸੀ।
ਇਨ੍ਹਾਂ ਹਾਦਸਿਆਂ ਤੋਂ ਬਾਅਦ ਅਮਰੀਕੀ ਸਰਕਾਰ ਨੇ ਵਿਦੇਸ਼ੀ ਟਰੱਕ ਡਰਾਈਵਰਾਂ ਨੂੰ ਵਰਕ ਵੀਜ਼ਾ ਜਾਰੀ ਕਰਨ ’ਤੇ ਰੋਕ ਲਾ ਦਿੱਤੀ ਹੈ। ਨਵੇਂ ਨਿਯਮਾਂ ਅਨੁਸਾਰ ਗੈਰ-ਨਾਗਰਿਕਾਂ ਨੂੰ ਸੀ.ਡੀ.ਐੱਲ. ਤਾਂ ਹੀ ਮਿਲੇਗਾ ਜਦੋਂ ਉਨ੍ਹਾਂ ਕੋਲ ਰੁਜ਼ਗਾਰ-ਆਧਾਰਿਤ ਵੀਜ਼ਾ ਹੋਵੇਗਾ ਹੈ ਅਤੇ ਉਨ੍ਹਾਂ ਨੇ ਲੋੜੀਂਦੀ ਸੰਘੀ ਇਮੀਗ੍ਰੇਸ਼ਨ ਸਥਿਤੀ ਜਾਂਚ ਪਾਸ ਕੀਤੀ ਹੋਵੇ। ਡੀ.ਓ.ਟੀ. ਨੇ ਚਿਤਾਵਨੀ ਦਿੱਤੀ ਹੈ ਕਿ ਜੋ ਸੂਬੇ ਇਨ੍ਹਾਂ ਨਵੇਂ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਹਨ, ਉਨ੍ਹਾਂ ਨੂੰ ਸੰਘੀ ਹਾਈਵੇਅ ਫੰਡਿੰਗ ਤੋਂ ਵਾਂਝਾ ਕੀਤਾ ਜਾ ਸਕਦਾ ਹੈ।
