ਪੰਜਾਬ ਵਿਚ ਹੋਰ ਸੂਬਿਆਂ ਤੋਂ ਝੋਨੇ ਦੀ ਤਸਕਰੀ, ਖੜ੍ਹੀ ਹੋਈ ਵੱਡੀ ਪ੍ਰੇਸ਼ਾਨੀ

Friday, Oct 24, 2025 - 05:08 PM (IST)

ਪੰਜਾਬ ਵਿਚ ਹੋਰ ਸੂਬਿਆਂ ਤੋਂ ਝੋਨੇ ਦੀ ਤਸਕਰੀ, ਖੜ੍ਹੀ ਹੋਈ ਵੱਡੀ ਪ੍ਰੇਸ਼ਾਨੀ

ਚੰਡੀਗੜ੍ਹ : ਪੰਜਾਬ ਵਿਚ ਝੋਨੇ ਦੀ ਖਰੀਦ ਮੁਹਿੰਮ ਸ਼ੁਰੂ ਹੋਏ ਨੂੰ ਇਕ ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਪਰ ਹੁਣ ਤੱਕ ਸਿਰਫ਼ 64.20 ਲੱਖ ਮੀਟ੍ਰਕ ਟਨ ਝੋਨੇ ਦੀ ਫਸਲ ਹੀ ਮੰਡੀਆਂ ਵਿਚ ਪਹੁੰਚੀ ਹੈ। ਇਸ ਦੇ ਨਾਲ ਹੀ ਸੂਬਾ ਸਰਕਾਰ ਲਈ ਇਕ ਹੋਰ ਵੱਡੀ ਪ੍ਰੇਸ਼ਾਨੀ ਸਾਹਮਣੇ ਆ ਖੜ੍ਹੀ ਹੋਈ ਹੈ। ਦਰਅਸਲ ਹੋਰ ਸੂਬਿਆਂ ਤੋਂ ਸਸਤਾ ਝੋਨੇ ਦੀ ਤਸਕਰੀ ਕਰਕੇ ਪੰਜਾਬ ਵਿਚ ਲਿਆਂਦਾ ਜਾ ਰਿਹਾ ਹੈ ਤਾਂ ਜੋ ਇਸਨੂੰ ਮਹਿੰਗੇ ਐੱਮਐਸਪੀ (MSP) 'ਤੇ ਵੇਚਿਆ ਜਾ ਸਕੇ। ਮਿਲੀ ਜਾਣਕਾਰੀ ਮੁਤਾਬਕ ਫਾਜ਼ਿਲਕਾ, ਫਰੀਦਕੋਟ ਅਤੇ ਮੁਕਤਸਰ ਜ਼ਿਲ੍ਹਿਆਂ ‘ਚ ਇਸ ਸਬੰਧੀ ਤਿੰਨ ਐੱਫਆਈਆਰ ਦਰਜ ਕੀਤੀਆਂ ਗਈਆਂ ਹਨ। ਇਹ ਝੋਨਾ ਮੁੱਖ ਤੌਰ ‘ਤੇ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਤੋਂ ਪੰਜਾਬ ਵਿਚ ਤਸਕਰੀ ਕਰਕੇ ਲਿਆਂਦਾ ਜਾ ਰਿਹਾ ਸੀ।

ਪੰਜਾਬ ਦੇ ਖਾਦ ਅਤੇ ਸਪਲਾਈ ਵਿਭਾਗ ਵੱਲੋਂ ਸਰਹੱਦੀ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਸਾਰੀਆਂ ਮੰਡੀਆਂ ਵਿਚ ਆ ਰਹੀ ਫਸਲ ਦੀ ਪੜਤਾਲ ਕੀਤੀ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਝੋਨਾ ਸਿਰਫ਼ ਪੰਜਾਬ ਦੇ ਕਿਸਾਨਾਂ ਵੱਲੋਂ ਹੀ ਲਿਆਂਦਾ ਜਾ ਰਿਹਾ ਹੈ। ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨੇ ਡੀਜੀਪੀ ਨੂੰ ਵੀ ਚਿੱਠੀ ਲਿਖ ਕੇ ਕਿਹਾ ਹੈ ਕਿ ਕੁਝ ਲੋਕ ਸਸਤਾ ਝੋਨਾ ਤਸਕਰੀ ਕਰਕੇ ਉੱਚੇ ਰੇਟ ‘ਤੇ ਵੇਚਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨਾਲ ਬੋਗਸ ਪ੍ਰੋਕਿਊਰਮੈਂਟ ਦਾ ਖਤਰਾ ਵੱਧਦਾ ਹੈ ਅਤੇ ਸਰਕਾਰੀ ਖਰੀਦ ਏਜੰਸੀਆਂ ਨੂੰ ਵਿੱਤੀ ਨੁਕਸਾਨ ਪਹੁੰਚਦਾ ਹੈ। ਇਸ ਸਭ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ 22 ਸਰਹੱਦੀ ਨਾਕਿਆਂ 'ਤੇ ਪੁਲਸ ਤਾਇਨਾਤ ਕੀਤੀ ਹੈ ਅਤੇ ਸਾਰੇ ਅਧਿਕਾਰੀਆਂ ਨੂੰ ਚੌਕਸੀ ਵਰਤਣ ਦੇ ਹੁਕਮ ਦਿੱਤੇ ਹਨ। 
 


author

Gurminder Singh

Content Editor

Related News