ਮੋਗਾ ਵਿਚ ਪੈਟਰੋਲ ਬੰਬ ਸੁੱਟਣ ਵਾਲੇ ਤਿੰਨ ਨੌਜਵਾਨ ਫੜੇ ਗਏ
Tuesday, Oct 28, 2025 - 01:28 PM (IST)
ਮੋਗਾ : ਮੋਗਾ ਜ਼ਿਲ੍ਹੇ ਦੇ ਕਸਬਾ ਬਾਘਾਪੁਰਾਣਾ 'ਚ ਆਉਂਦੇ ਪਿੰਡ ਮਾੜੀ ਮੁਸਤਫਾ ਵਿਚ ਕੁਝ ਦਿਨ ਪਹਿਲਾਂ ਇਕ ਦੁਕਾਨ ’ਤੇ ਪੈਟਰੋਲ ਬੰਬ ਸੁੱਟਣ ਦੇ ਮਾਮਲੇ ਵਿਚ ਮੋਗਾ ਪੁਲਸ ਨੇ ਤਿੰਨ ਅਪਰਾਧੀਆਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਬਲਜਿੰਦਰ ਸਿੰਘ, ਵੰਜਪ੍ਰੀਤ ਸਿੰਘ ਅਤੇ ਅਰਸ਼ਦੀਪ ਸਿੰਘ ਵਜੋਂ ਹੋਈ ਹੈ। ਪੁਲਸ ਮੁਤਾਬਕ ਇਨ੍ਹਾਂ ਤਿੰਨਾਂ ਨੇ 25 ਅਕਤੂਬਰ 2025 ਨੂੰ ਸ਼ਾਮ ਲਗਭਗ 5 ਵਜੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਮਾੜੀ ਮੁਸਤਫਾ ਪਿੰਡ ਵਿਚ ਸਥਿਤ ਡਿੰਪਲ ਬਾਂਸਲ ਦੀ ਦੁਕਾਨ ’ਤੇ ਪੈਟਰੋਲ ਬੰਬ ਸੁੱਟਿਆ ਸੀ।
ਇਸ ਘਟਨਾ ਤੋਂ ਬਾਅਦ ਮੋਗਾ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਸੀ। ਮੋਗਾ ਦੇ ਐੱਸ.ਐੱਸ.ਪੀ. ਅਜੈ ਗਾਂਧੀ ਨੇ ਇਸ ਮਾਮਲੇ ਦੀ ਜਾਂਚ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ। ਪੁਲਸ ਨੇ ਟੈਕਨੀਕਲ ਸਰਵੇਲੈਂਸ ਦੀ ਮਦਦ ਨਾਲ ਜਾਂਚ ਕਰਦਿਆਂ ਤਿੰਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਇਨ੍ਹਾਂ ਨੇ ਇਹ ਸਾਰੀ ਸਾਜ਼ਿਸ਼ ਵਿਦੇਸ਼ ਵਿਚ ਬੈਠੇ ਸ਼ਾਨਦੀਪ ਸਿੰਘ ਉਰਫ਼ ਸੰਨੀ, ਜੋ ਕਿ ਮਾੜੀ ਮੁਸਤਫਾ ਪਿੰਡ ਦਾ ਹੀ ਰਹਿਣ ਵਾਲਾ ਹੈ, ਦੇ ਕਹਿਣ ’ਤੇ ਰਚੀ ਸੀ।
ਮੋਗਾ ਪੁਲਸ ਨੇ ਵਿਦੇਸ਼ ਵਿਚ ਮੌਜੂਦ ਸ਼ਾਨਦੀਪ ਉਰਫ਼ ਸੰਨੀ ਖ਼ਿਲਾਫ਼ ਵੀ ਮਾਮਲਾ ਦਰਜ ਕਰ ਲਿਆ ਹੈ। ਤਿੰਨਾਂ ਗ੍ਰਿਫਤਾਰ ਨੌਜਵਾਨਾਂ ਨੂੰ ਹੁਣ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾਵੇਗਾ ਤਾਂ ਜੋ ਹੋਰ ਜਾਂਚ ਅੱਗੇ ਵਧਾਈ ਜਾ ਸਕੇ।
