ਦੋ ਧਿਰਾਂ ਦਰਮਿਆਨ ਝਗੜਾ, 2 ਔਰਤਾਂ ਸਣੇ 5 ਜ਼ਖਮੀ
Wednesday, Dec 27, 2017 - 10:04 AM (IST)

ਜਲਾਲਾਬਾਦ (ਨਿਖੰਜ, ਬੰਟੀ, ਟੀਨੂੰ, ਦੀਪਕ, ਬਜਾਜ) - ਪਿੰਡ ਝੁੱਗੇ ਜਵਾਹਰ ਸਿੰਘ ਵਾਲਾ ਵਿਖੇ ਅੱਜ ਸਵੇਰੇ 2 ਧਿਰਾਂ ਵਿਚਕਾਰ ਹੋਏ ਝਗੜੇ 'ਚ 2 ਔਰਤਾਂ ਸਮੇਤ 5 ਵਿਅਕਤੀਆਂ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਦੋਵਾਂ ਧਿਰਾਂ ਦੇ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਪਹਿਲੀ ਧਿਰ ਦੀ ਜ਼ਖਮੀ ਔਰਤ ਪਰਮਜੀਤ ਕੌਰ ਪਤਨੀ ਹਰਭਜਨ ਸਿੰਘ ਵਾਸੀ ਝੁੱਗੇ ਜਵਾਹਰ ਸਿੰਘ ਵਾਲਾ ਨੇ ਆਪਣੇ ਗੁਆਂਢ 'ਚ ਰਹਿਣ ਵਾਲੀ ਔਰਤ ਵੀਨਾ ਰਾਣੀ ਅਤੇ ਉਸਦੇ ਪੁੱਤਰ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਕਤ ਵਿਅਕਤੀ ਨਾਜਾਇਜ਼ ਸ਼ਰਾਬ ਅਤੇ ਹੋਰ ਨਸ਼ਾ ਵੇਚਣ ਦਾ ਧੰਦਾ ਕਰਦੇ ਹਨ ਅਤੇ ਅਕਸਰ ਹੀ ਲੋਕ ਇਨ੍ਹਾਂ ਦੇ ਕੋਲ ਨਸ਼ਾ ਲੈਣ ਆਉਂਦੇ ਹਨ ਤੇ ਕਈ ਵਾਰ ਗਲੀ ਵਿਚ ਗਾਲੀ-ਗਲੋਚ ਕਰਦੇ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਕਹਿਣ ਦੇ ਬਵਾਜੂਦ ਵੀ ਉਕਤ ਵਿਅਕਤੀ ਰੁਕ ਨਹੀਂ ਰਹੇ, ਜਿਸਦੀ ਰੰਜਿਸ਼ ਕੱਢਣ ਲਈ ਉਕਤ ਵਿਅਕਤੀਆਂ ਨੇ ਆਪਣੇ ਨਾਲ ਕੁਝ ਹੋਰ ਲੋਕਾਂ ਨੂੰ ਲੈ ਕੇ ਮੇਰੀ ਪਤਨੀ, ਮੇਰੇ ਅਤੇ ਸਹੁਰੇ ਦਲੀਪ ਸਿੰਘ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਸਾਨੂੰ ਜ਼ਖਮੀ ਕਰ ਦਿੱਤਾ।
ਦੂਜੀ ਧਿਰ ਦੀ ਜ਼ਖਮੀ ਔਰਤ ਵੀਨਾ ਰਾਣੀ ਪਤਨੀ ਰਸ਼ਪਾਲ ਸਿੰਘ ਵਾਸੀ ਝੁੱਗੇ ਜਵਾਹਰ ਸਿੰਘ ਵਾਲਾ ਨੇ ਦੱਸਿਆ ਕਿ ਉਸਦਾ ਪਤੀ ਆਪਣੇ ਖੇਤਾਂ ਨੂੰ ਜਾ ਰਿਹਾ ਸੀ ਤਾਂ ਉਕਤ ਵਿਅਕਤੀਆਂ ਨੇ ਉਸਦੇ ਨਾਲ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਦੋਂ ਮੇਰਾ ਪਤੀ ਘਰ ਵਾਪਸ ਆ ਰਿਹਾ ਸੀ ਤਾਂ ਉਕਤ ਲੋਕਾਂ ਨੇ ਰਸਤੇ 'ਚ ਘੇਰ ਲਿਆ ਅਤੇ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ, ਰੌਲਾ ਸੁਣ ਕੇ ਮੈਂ ਅਤੇ ਮੇਰਾ ਪੁੱਤਰ ਜਸਵੀਰ ਸਿੰਘ ਛੁਡਾਉਣ ਲਈ ਗਏ ਤਾਂ ਉਨ੍ਹਾਂ ਨੇ ਸਾਡੇ ਦੋਵਾਂ 'ਤੇ ਹਮਲਾ ਕਰਕੇ ਸਾਨੂੰ ਵੀ ਜ਼ਖਮੀ ਕਰ ਦਿੱਤਾ।