ਪੰਜਾਬ ''ਚ ਵਾਪਰਿਆ ਦਰਦਨਾਕ ਹਾਦਸਾ, 6 ਭੈਣਾਂ ਦੇ ਇਕਲੌਤੇ ਭਰਾ ਸਣੇ 2 ਦੀ ਮੌਤ
Saturday, Jun 07, 2025 - 10:52 PM (IST)

ਗੁਰਾਇਆ (ਮੁਨੀਸ਼) - ਗੁਰਾਇਆ ਦੇ ਬੋਪਾਰਾਏ ਨਹਿਰ ਪੁਲੀ ’ਤੇ ਵਾਪਰੇ ਦਰਦਨਾਕ ਹਾਦਸੇ ਵਿਚ 2 ਨੌਜਵਾਨਾਂ ਦੀ ਦਰਦਨਾਕ ਮੌਤ ਹੋਣ ਨਾਲ ਪਿੰਡ ਘੁੜਕਾ ਵਿਚ ਸੋਗ ਦੀ ਲਹਿਰ ਦੌੜ ਗਈ। ਇਨ੍ਹਾਂ ਵਿਚੋਂ ਇਕ 6 ਭੈਣਾਂ ਦਾ ਇਕਲੌਤਾ ਭਰਾ ਸੀ ਜਦਕਿ ਦੂਜਾ ਦੋ ਭੈਣਾਂ ਦਾ ਭਰਾ ਸੀ।
ਇਸ ਸਬੰਧ ਐੱਸ. ਐੱਚ. ਓ. ਗੁਰਾਇਆ ਸਿਕੰਦਰ ਸਿੰਘ ਵਿਰਕ ਅਤੇ ਪਿੰਡ ਘੁੜਕਾ ਦੇ ਅਸ਼ੋਕ ਮਹੇ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਨਹਿਰ ਪੁਲ ’ਤੇ ਇਕ ਮੋਟਰਸਾਈਕਲ ’ਤੇ ਸਵਾਰ 2 ਨੌਜਵਾਨਾਂ ਨੂੰ ਕੋਈ ਅਣਪਛਾਤਾ ਵਾਹਨ ਫੇਟ ਮਾਰ ਗਿਆ, ਜਿਸ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਉਨ੍ਹਾਂ ਦੀ ਮੌਤ ਹੋ ਗਈ, ਉਨ੍ਹਾਂ ਦੀ ਸ਼ਨਾਖਤ ਕੀਤੀ ਗਈ ਤਾਂ ਪਤਾ ਲੱਗਾ ਕਿ ਮ੍ਰਿਤਕਾਂ ਵਿਚੋਂ ਇਕ 20 ਤੋਂ 22 ਸਾਲ ਦਾ ਨੌਜਵਾਨ ਸਿਮਰਜੀਤ ਮਹੇ ਪੁੱਤਰ ਬਲਦੇਵ ਰਾਮ ਵਾਸੀ ਪਿੰਡ ਘੁੜਕਾ, ਜੋ ਰਾਜ ਮਿਸਤਰੀ ਦਾ ਕੰਮ ਕਰਦਾ ਸੀ ਤੇ ਉਸ ਦੇ ਨਾਲ ਹੀ ਮੋਟਰਸਾਈਕਲ ’ਤੇ ਲਾਲੀ ਪੁੱਤਰ ਅਸ਼ੋਕ ਕੁਮਾਰ ਵਾਸੀ ਪਿੰਡ ਘੁੜਕਾ ਥਾਣਾ ਗੁਰਾਇਆ ਸਵਾਰ ਸੀ, ਜੋ 6 ਭੈਣਾਂ ਦਾ ਇਕਲੌਤਾ ਭਰਾ ਸੀ, ਇਸ ਦੀ ਉਮਰ 15 ਤੋਂ 16 ਸਾਲ ਦੀ ਹੀ ਦੱਸੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਅਜੇ ਤੱਕ ਅਣਪਛਾਤੇ ਵਾਹਨ ਬਾਰੇ ਪਤਾ ਨਹੀਂ ਲੱਗ ਸਕਿਆ। ਸੀ. ਸੀ. ਟੀ. ਵੀ. ਕੈਮਰੇ ਦੀ ਮਦਦ ਨਾਲ ਵਾਹਨ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਵਿਚ ਸਿਵਲ ਹਸਪਤਾਲ ਫਿਲੌਰ ਵਿਚ ਭੇਜ ਦਿੱਤਾ ਹੈ। ਨੌਜਵਾਨਾਂ ਦੀ ਮੌਤ ਤੋਂ ਬਾਅਦ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ।