ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 3 ਕਾਬੂ

11/29/2017 3:30:55 AM

ਪਠਾਨਕੋਟ,  (ਸ਼ਾਰਦਾ)- ਡਵੀਜ਼ਨ ਨੰਬਰ 1 ਦੀ ਪੁਲਸ ਨੇ ਨਗਰ ਵਿਚ ਵੱਖ-ਵੱਖ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ।
ਐੱਸ. ਐੱਸ. ਪੀ. ਵਿਵੇਕਸ਼ੀਲ ਸੋਨੀ ਨੇ ਅੱਜ ਪੱਤਰਕਾਰਾਂ ਸਾਹਮਣੇ ਖੁਲਾਸਾ ਕੀਤਾ ਕਿ ਏ. ਐੱਸ. ਆਈ. ਅੰਗ੍ਰੇਜ਼ ਸਿੰਘ ਨੇ ਪੁਲਸ ਪਾਰਟੀ ਨਾਲ ਖੱਡੀ ਪੁਲ 'ਤੇ ਨਾਕਾ ਲਾਇਆ ਹੋਇਆ ਸੀ ਕਿ ਪੁਲਸ ਨੂੰ ਸੂਚਨਾ ਮਿਲੀ ਕਿ ਕਾਲੇ ਰੰਗ ਦੇ ਹੀਰੋਹਾਂਡਾ ਮੋਟਰਸਾਈਕਲ 'ਤੇ 2 ਨੌਜਵਾਨ ਸਵਾਰ ਹਨ ਅਤੇ ਲੁੱਟ-ਖੋਹ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ, ਜੋ ਸ਼ਾਹਪੁਰਕੰਡੀ ਤੋਂ ਸ਼ਹਿਰ ਵੱਲ ਜਾ ਰਹੇ ਹਨ। ਸੂਚਨਾ 'ਤੇ ਕਾਰਵਾਈ ਕਰਦੇ ਹੋਏ ਜਦੋਂ ਪੁਲਸ ਨੇ ਮੋਟਰਸਾਈਕਲ ਸਵਾਰਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਮੁਲਜ਼ਮ ਭੱਜ ਨਿਕਲੇ ਪਰ ਪੁਲਸ ਨੇ ਥੋੜ੍ਹੀ ਹੀ ਦੂਰੀ 'ਤੇ ਉਨ੍ਹਾਂ ਨੂੰ ਦਬੋਚ ਲਿਆ। ਮੁਲਜ਼ਮਾਂ 'ਚੋਂ ਚਾਲਕ ਦੀ ਪਛਾਣ ਕਮਲ ਕਿਸ਼ੋਰ ਪੁੱਤਰ ਭੋਲਾ ਨਾਥ ਅਤੇ ਪਿੱਛੇ ਬੈਠੇ ਨੌਜਵਾਨ ਦੀ ਪਛਾਣ ਰੋਹਿਤ ਪੁੱਤਰ ਪੁਰਸ਼ੋਤਮ ਲਾਲ ਦੋਨੋਂ ਵਾਸੀ ਪਿੰਡ ਹਬੀਬਪੁਰ, ਪੁਲਸ ਸਟੇਸ਼ਨ ਪੁਰਾਣਾ ਸ਼ਾਲਾ (ਗੁਰਦਾਸਪੁਰ) ਵਜੋਂ ਹੋਈ। ਮੁਲਜ਼ਮ ਕਮਲ ਕਿਸ਼ੋਰ ਨੇ ਦੱਸਿਆ ਕਿ ਉਸ ਦੀ ਭੂਆ ਦਾ ਬੇਟਾ ਭਾਰਤ ਭੂਸ਼ਣ ਵੀ ਇਸ ਵਿਚ ਸ਼ਾਮਲ ਹੈ, ਜਿਸ ਨੂੰ ਬਾਅਦ 'ਚ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮ ਆਪਣੇ ਮੋਟਰਸਾਈਕਲ ਸਬੰਧੀ ਵੀ ਕੋਈ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ। 


Related News