ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੱਗੀ ਅੱਗ ਵਿਰੁੱਧ ਜਾਖ਼ੜ ਅਤੇ ਹੋਰ ਕਾਂਗਰਸੀ ਨੇਤਾਵਾਂ ਨੇ ਚਲਾਇਆ ਸਾਈਕਲ

Friday, Jun 08, 2018 - 06:14 AM (IST)

ਜਲੰਧਰ(ਧਵਨ, ਅਮਰਦੀਪ, ਰਣਬੀਰ, ਸ਼ਸ਼ੀ)—ਕੇਂਦਰ ਸਰਕਾਰ ਵਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ 'ਤੇ ਰੋਕ  ਲਾਉਣ 'ਚ ਅਸਫਲ ਰਹਿਣ 'ਤੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਹੋਰ ਕਾਂਗਰਸੀ ਨੇਤਾ ਨੇ ਵੀਰਵਾਰ  ਸਾਈਕਲ ਚਲਾ ਕੇ ਪ੍ਰੋਟੈਸਟ ਜ਼ਾਹਿਰ ਕੀਤਾ।  ਨਾਲ ਹੀ ਕੇਂਦਰ ਸਰਕਾਰ  ਤੋਂ ਮੰਗ ਕੀਤੀ ਕਿ ਉਹ ਤੇਲ ਕੰਪਨੀਆਂ ਨੂੰ ਕੀਮਤਾਂ 'ਤੇ ਲਗਾਮ ਲਾਉਣ ਲਈ ਦਿਸ਼ਾ-ਨਿਰਦੇਸ਼ ਜਾਰੀ ਕਰੇ। ਕੇਂਦਰ ਸਰਕਾਰ ਨੂੰ ਪੈਟਰੋਲੀਅਮ ਵਸਤਾਂ 'ਤੇ ਐਕਸਾਈਜ਼ ਡਿਊਟੀ 'ਚ ਕਟੌਤੀ ਕਰਨੀ ਚਾਹੀਦੀ  ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਨਿਰਦੇਸ਼ਾਂ 'ਤੇ ਸੂਬੇ ਦੇ ਸਾਰੇ ਵਿਧਾਨ ਸਭਾ ਹਲਕਿਆਂ 'ਚ ਤੇਲ ਕੀਮਤਾਂ 'ਚ ਵਾਧੇ ਨੂੰ ਲੈ ਕੇ ਪ੍ਰਦਰਸ਼ਨ  ਕੀਤੇ ਗਏ। ਖੁਦ ਸੁਨੀਲ ਜਾਖੜ ਖਰੜ 'ਚ  ਕਾਂਗਰਸੀਆਂ ਵਲੋਂ ਲਾਏ ਗਏ ਧਰਨੇ 'ਚ ਸਾਈਕਲ ਚਲਾ ਕੇ ਪਹੁੰਚੇ। ਉਨ੍ਹਾਂ ਨਾਲ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਅਤੇ ਹੋਰ ਕਾਂਗਰਸੀ ਨੇਤਾ ਵੀ ਸਨ। ਜਾਖੜ ਨੇ ਇਸ ਮੌਕੇ ਕਿਹਾ ਕਿ ਕੇਂਦਰ ਸਰਕਾਰ  ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਵਧਦੀ ਮਹਿੰਗਾਈ ਵਿਰੁੱਧ ਕਾਂਗਰਸ ਨੇ ਪੰਜਾਬ 'ਚ  ਫੈਸਲਾਕੁੰਨ ਲੜਾਈ ਲੜਨ ਦਾ ਫੈਸਲਾ ਕੀਤਾ ਹੈ ।  ਜਨਤਾ ਨੂੰ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਲਾਮਬੰਦ ਕੀਤਾ ਜਾਵੇਗਾ। ਜਾਖੜ ਨੇ ਕਿਹਾ ਕਿ ਚਾਰ ਸਾਲ ਪਹਿਲਾਂ ਭਾਜਪਾ ਨੇ ਲੋਕਾਂ ਨੂੰ ਅੱਛੇ ਦਿਨ ਦਿਖਾਉਣ ਦੇ ਸੁਪਨੇ ਦਿਖਾਏ ਸਨ  ਪਰ ਸੱਤਾ 'ਚ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਾ ਦੇ ਹਿੱਤਾਂ ਦੀ ਚਿੰਤਾ ਕਰਨ ਦੀ ਬਜਾਏ  ਅਮੀਰ ਲੋਕਾਂ ਦੇ ਹਿੱਤਾਂ ਦਾ ਪੱਖ ਲੈਣਾ ਸ਼ੁਰੂ ਕਰ ਦਿੱਤਾ।  6 ਸਾਲ ਪਹਿਲਾਂ ਜਦੋਂ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 104 ਡਾਲਰ ਪ੍ਰਤੀ ਬੈਰਲ ਪਹੁੰਚ ਗਈਆਂ ਸਨ ਤਾਂ  ਮਨਮੋਹਨ ਸਿੰਘ ਸਰਕਾਰ ਨੇ ਲੋਕਾਂ ਨੂੰ ਡੀਜ਼ਲ 40.91 ਰੁਪਏ ਪ੍ਰਤੀ ਲਿਟਰ ਦੇ ਹਿਸਾਬ ਨਾਲ ਮੁਹੱਈਆ ਕਰਵਾਇਆ ਸੀ ਜਦਕਿ ਇਸ ਸਮੇਂ ਡੀਜ਼ਲ 69 ਰੁਪਏ ਪ੍ਰਤੀ ਲਿਟਰ ਤਕ ਪਹੁੰਚ ਗਿਆ ਹੈ। ਪਿਛਲੇ ਚਾਰ ਸਾਲਾਂ 'ਚ ਮੋਦੀ ਸਰਕਾਰ ਨੇ ਪੈਟਰੋਲੀਅਮ ਉਤਪਾਦਾਂ 'ਤੇ ਟੈਕਸ ਲਾ ਕੇ ਦੇਸ਼ ਦੀ ਜਨਤਾ 'ਤੇ 12 ਲੱਖ ਕਰੋੜ ਰੁਪਏ ਦਾ ਬੋਝ ਪਾਇਆ। ਸੂਬਾ ਪ੍ਰਧਾਨ ਨੇ ਕਿਹਾ ਕਿ ਡੀਜ਼ਲ ਦੀਆਂ ਕੀਮਤਾਂ ਵਧਣ ਨਾਲ ਨਾ ਸਿਰਫ ਮਹਿੰਗਾਈ ਵਧੀ ਹੈ ਸਗੋਂ ਕਿਸਾਨਾਂ 'ਤੇ ਵੀ ਵਿੱਤੀ ਬੋਝ ਵਧ ਗਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅਕਾਲੀ ਦਲ ਨਾਲ ਕਾਂਗਰਸ ਦੇ ਸਿਆਸੀ ਮਤਭੇਦ ਹਨ ਪਰ ਗੁਜਰਾਤ ਦੌਰੇ 'ਤੇ ਜਦੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਗਏ ਸਨ ਤਾਂ ਪ੍ਰਧਾਨ ਮੰਤਰੀ ਮੋਦੀ ਨੇ ਬਾਦਲ ਦੀ ਫਤਿਹ ਦਾ ਜਵਾਬ ਦੇਣਾ ਵੀ ਉਚਿਤ ਨਹੀਂ ਸਮਝਿਆ ਸੀ। ਇਹ ਪੂਰੇ ਪੰਜਾਬ ਦਾ ਅਪਮਾਨ ਸੀ।


Related News