ਕਾਮਰੇਡਾਂ ਨੇ ਮੋਦੀ ਸਰਕਾਰ ਤੇ ਕੇਂਦਰੀ ਬਜਟ ਦਾ ਫੂਕਿਆ ਪੁਤਲਾ

02/21/2018 5:49:37 AM

ਅਜਨਾਲਾ,  (ਬਾਠ)-  ਅੱਜ ਇਥੇ ਸ਼ਹਿਰ ਦੇ ਬਾਜ਼ਾਰਾਂ 'ਚ ਕੁਲ ਹਿੰਦ ਕਿਸਾਨ ਸੂਬਾ ਪੰਜਾਬ ਦੀ ਤਹਿਸੀਲ ਅਜਨਾਲਾ ਇਕਾਈ ਵੱਲੋਂ ਜ਼ਿਲਾ ਪ੍ਰਧਾਨ ਕਾਮਰੇਡ ਦਰਬਾਰਾ ਸਿੰਘ ਲੋਪੋਕੇ ਦੀ ਅਗਵਾਈ 'ਚ ਕੇਂਦਰ ਦੀ ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਬਜਟ ਤੇ ਤਾਜ਼ਾ ਸਕੈਂਡਲਾਂ ਦੇ ਰੋਸ ਵਜੋਂ ਰੋਹ ਭਰਿਆ ਮਾਰਚ ਕਰ ਕੇ ਮੁੱਖ ਚੌਕ 'ਚ ਟ੍ਰੈਫਿਕ ਜਾਮ ਕੀਤਾ ਅਤੇ ਮੋਦੀ ਸਰਕਾਰ ਤੇ ਕੇਂਦਰੀ ਬਜਟ ਦਾ ਪੁਤਲਾ ਫੂਕ ਕੇ ਨਾਅਰਿਆਂ ਦੀ ਗੂੰਜ 'ਚ ਮੁਜ਼ਾਹਰਾ ਕੀਤਾ।
ਇਸ ਤੋਂ ਪਹਿਲਾਂ ਤਹਿਸੀਲ ਪੱਧਰੀ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਉੱਘੇ ਕਿਸਾਨ ਆਗੂ ਤੇ ਸੀਟੂ ਪੰਜਾਬ ਦੇ ਸੂਬਾ ਸਕੱਤਰ ਮਾ. ਸੁੱਚਾ ਸਿੰਘ ਅਜਨਾਲਾ ਨੇ ਕਿਹਾ ਕਿ ਮੋਦੀ ਸਰਕਾਰ ਦਾ ਬਜਟ ਵਿਚ ਕਿਸਾਨਾਂ ਨੂੰ ਫਸਲਾਂ ਦੀ ਲਾਗਤ ਕੀਮਤਾਂ ਨਾਲੋਂ ਡੇਢ ਗੁਣਾ ਮੁੱਲ ਦੇਣਾ ਇਕ ਨਵਾਂ ਮਜ਼ਾਕ ਭਰਿਆ ਜੁਮਲਾ ਹੈ ਕਿਉਂਕਿ ਮੋਦੀ ਸਰਕਾਰ ਸੁਪਰੀਮ ਕੋਰਟ ਵਿਚ ਕਿਸਾਨਾਂ ਨੂੰ ਖੇਤੀ ਜਿਣਸਾਂ ਦੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਡੇਢ ਗੁਣਾ ਮੁੱਲ ਦੇਣ ਤੋਂ ਹਲਫੀਆ ਬਿਆਨ ਦੇ ਕੇ ਇਨਕਾਰੀ ਹੋ ਚੁੱਕੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਵੀ ਸਾਬਕਾ ਕੇਂਦਰੀ ਕਾਂਗਰਸ ਸਰਕਾਰ ਵਾਂਗ ਵੱਖ-ਵੱਖ ਸਕੈਂਡਲਾਂ ਨੂੰ ਉਤਸ਼ਾਹਿਤ ਕਰ ਰਹੀ ਹੈ, ਜਿਸ ਦੀ ਤਾਜ਼ਾ ਮਿਸਾਲ ਪੀ. ਐੱਨ. ਬੀ. 'ਚ ਹੋਏ ਘਪਲੇ ਤੋਂ ਮਿਲਦੀ ਹੈ।
ਇਸ ਮੌਕੇ ਜ਼ੋਰਾ ਸਿੰਘ ਅਵਾਣ, ਬਚਨ ਸਿੰਘ ਓਠੀਆਂ, ਸੁਖਦੇਵ ਰਾਜ ਕਾਲੀਆ, ਜਸਪਾਲ ਸਿੰਘ ਮੋਹਲੇਕੇ, ਰਘਬੀਰ ਸਿੰਘ ਕਾਮਲਪੁਰਾ, ਨਰਿੰਦਰ ਚਮਿਆਰੀ, ਬਲਦੇਵ ਸਿੰਘ ਰਮਦਾਸ, ਲਾਹੌਰਾ ਸਿੰਘ, ਗੁਰਲਾਲ ਸਿੰਘ, ਲਖਬੀਰ ਸਿੰਘ ਕੋਹਾਲੀ, ਤਰਸੇਮ ਸਿੰਘ ਆਦਿ ਆਗੂ ਹਾਜ਼ਰ ਸਨ।


Related News