100 ਸਾਲ ਪਹਿਲਾਂ ਫੈਲੇ ''ਸਪੈਨਿਸ਼ ਫਲੂ'' ਨਾਲ ਕੋਵਿਡ-19 ਦੇ ਪ੍ਰਭਾਵ ''ਤੇ ਸਟੱਡੀ ਕਰਨਗੇ ਕਾਲਜ

06/15/2020 6:12:56 PM

ਲੁਧਿਆਣਾ (ਵਿੱਕੀ) : ਦੇਸ਼ 'ਚ ਫੈਲੀ ਕੋਰੋਨਾ ਮਹਾਮਾਰੀ ਤੋਂ ਬਚਾਅ ਦੇ ਤਰੀਕੇ ਲੱਭਣ ਲਈ ਕੇਂਦਰ ਸਰਕਾਰ ਨਵੇਂ ਤੋਂ ਨਵੇਂ ਯਤਨ ਕਰ ਰਹੀ ਹੈ ਤਾਂ ਕਿ ਦੇਸ਼ ਦੇ ਲੋਕਾਂ ਨੂੰ ਇਸ ਦੇ ਕਹਿਰ ਤੋਂ ਜ਼ਿਆਦਾ ਪ੍ਰਭਾਵਿਤ ਹੋਣ ਤੋਂ ਬਚਾਇਆ ਜਾ ਸਕੇ। ਇਸ ਲੜੀ ਅਧੀਨ ਹੁਣ ਕਾਲਜਾਂ ਅਤੇ ਯੂਨੀਵਰਸਿਟੀਜ਼ ਨੂੰ ਵੀ ਨਾਲ ਜੋੜਨ ਲਈ ਕਦਮ ਵਧਾਏ ਗਏ ਹਨ। ਯੂਨੀਵਰਸਿਟੀਜ਼ ਗ੍ਰਾਂਟ ਕਮਿਸ਼ਨ (ਯੂ. ਜੀ. ਸੀ.) ਨੇ ਦੇਸ਼ ਦੇ ਸਾਰੇ ਕਾਲਜਾਂ ਅਤੇ ਯੂਨੀਵਰਸਿਟੀਜ਼ ਨੂੰ ਕੋਵਿਡ-19 'ਤੇ ਸਟੱਡੀ ਕਰਨ ਲਈ ਇਕ ਰਿਸਰਚ ਟੀਮ ਬਣਾਉਣ ਨੂੰ ਕਿਹਾ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਇਸ ਗੱਲ ਦੀ ਸਟੱਡੀ ਵੀ ਕੀਤੀ ਜਾਵੇ ਕਿ 1918 ਵਿਚ ਫੈਲੀ ਮਹਾਮਾਰੀ 'ਸਪੈਨਿਸ਼ ਫਲੂ' ਦਾ ਭਾਰਤ ਨੇ ਮੁਕਾਬਲਾ ਕਿਵੇਂ ਕੀਤਾ ਸੀ। ਰਿਸਰਚ ਕਰਨ ਲਈ ਕੇਂਦਰ ਜਾਂ ਰਾਜ ਸਰਕਾਰ ਦੀ ਗਾਈਡਲਾਈਨਜ਼ ਨੂੰ ਵੀ ਧਿਆਨ ਵਿਚ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।

ਰਿਸਰਚ ਲਈ ਗੋਦ ਲੈਣੇ ਹੋਣਗੇ 5-6 ਪਿੰਡ
ਯੂ. ਜੀ. ਸੀ. ਦੇ ਸੈਕਟਰੀ ਰਜਨੀਸ਼ ਜੈਨ ਨੇ ਕਿਹਾ ਕਿ ਮਹਾਮਾਰੀ ਨਾਲ ਲੜਨ ਲਈ ਸਹਿਯੋਗ ਅਤੇ ਇਸ ਨੂੰ ਸਮਝਣ ਦੀ ਲੋੜ ਹੈ। ਜਾਣਕਾਰੀ ਮੁਤਾਬਕ ਦੇਸ਼ ਵਿਚ 750 ਯੂਨੀਵਰਸਿਟੀਜ਼ ਅਤੇ 45 ਹਜ਼ਾਰ ਕਾਲਜਾਂ ਨੂੰ ਪੱਤਰ ਲਿਖ ਕੇ ਇਸ ਰਿਸਰਚ 'ਚ ਸ਼ਾਮਲ ਹੋਣ ਨੂੰ ਕਿਹਾ ਗਿਆ ਹੈ। ਕਮਿਸ਼ਨਰ ਨੇ ਯੂਨੀਵਰਸਿਟੀਜ਼ ਦੇ ਵਾਈਸ ਚਾਂਸਲਰ ਅਤੇ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਕਿਹਾ ਕਿ ਨੇੜੇ ਦੇ 5-6 ਪਿੰਡਾਂ ਨੂੰ ਗੋਦ ਲੈ ਕੇ ਉਥੇ ਕੋਵਿਡ-19 'ਤੇ ਅਧਿਐਨ ਕੀਤਾ ਜਾਵੇ ਅਤੇ ਇਸ ਦੀ ਰਿਪੋਰਟ ਯੂਨੀਵਰਸਿਟੀ ਐਕਟੀਵਿਟੀ ਮਾਨੀਟਰਿੰਗ ਪੋਰਟਲ 'ਤੇ 30 ਜੂਨ ਤੱਕ ਜਮ੍ਹਾ ਕਰਵਾਈ ਜਾਵੇ। ਪੇਂਡੂ ਪੱਧਰ 'ਤੇ ਇਹ ਪਤਾ ਕਰਨਾ ਹੈ ਕਿ ਇਸ ਮਹਾਮਾਰੀ ਤੋਂ ਬਚਣ ਲਈ ਪੇਂਡੂ ਇਲਾਕਿਆਂ ਵਿਚ ਕਿਸ ਤਰ੍ਹਾਂ ਦੀ ਜਾਗਰੂਕਤਾ ਹੈ ਅਤੇ ਪੇਂਡੂ ਇਲਾਕਿਆਂ ਵਿਚ ਕੋਵਿਡ-19 ਦੇ ਬਚਾਅ ਨੂੰ ਲੈ ਕੇ ਕਿਸ ਤਰ੍ਹਾਂ ਦੀ ਮੁਹਿੰਮ ਚਲਾਈ ਜਾ ਰਹੀ ਹੈ।

1918 ਤੋਂ ਬਾਅਦ ਕਿਵੇਂ ਮਜ਼ਬੂਤ ਹੋਈ ਦੇਸ਼ ਦੀ ਅਰਥ-ਵਿਵਸਥਾ
ਯੂ. ਜੀ. ਸੀ. ਨੇ ਕਿਹਾ ਹੈ ਕਿ ਇਸ ਗੱਲ ਦਾ ਵੀ ਪਤਾ ਕਰਨਾ ਹੈ ਕਿ 1918 ਵਿਚ ਫੈਲੀ 'ਸਪੈਨਿਸ਼ ਫਲੂ' ਮਹਾਮਾਰੀ ਤੋਂ ਬਾਅਦ ਭਾਰਤੀ ਅਰਥ-ਵਿਵਸਥਾ ਨੂੰ ਮਜ਼ਬੂਤੀ ਦੇਣ ਲਈ ਕੀ ਉਪਾਅ ਕਤੇ ਗਏ। ਉਥੇ ਉਸ ਸਮੇਂ ਵਿਚ ਭਾਰਤ ਨੇ ਮਹਾਮਾਰੀ ਦਾ ਮੁਕਾਬਲਾ ਕਿਵੇਂ ਕੀਤਾ ਸੀ। ਸੰਸਥਾ ਨੂੰ ਕੋਵਿਡ-19 ਦੇ ਨਾਲ-ਨਾਲ ਇਹ ਵੀ ਰਿਪੋਰਟ ਬਣਾਉਣੀ ਹੈ ਕਿ 1918 ਵਿਚ 'ਸਪੈਨਿਸ਼ ਫਲੂ' ਦਾ ਭਾਰਤ ਵਿਚ ਕੀ ਪ੍ਰਭਾਵ ਪਿਆ ਸੀ। ਸਰਕਾਰ ਦਾ ਮੰਨਣਾ ਹੈ ਕਿ ਪੇਂਡੂ ਇਲਾਕਿਆਂ ਤੋਂ ਅਲੱਗ ਰਿਪੋਰਟ ਬਣਾਉਣੀ ਚਾਹੀਦੀ ਹੈ। ਇਸ ਲਈ ਸੰਸਥਾਨਾਂ ਨੂੰ ਆਪਣੇ ਨੇੜੇ ਪਿੰਡਾਂ ਨੂੰ ਗੋਦ ਲੈਣ ਨੂੰ ਕਿਹਾ ਗਿਆ ਹੈ।


Anuradha

Content Editor

Related News