ਨੌਜਵਾਨ ਪਿੰਡਾਂ ਦੀ ਨੁਹਾਰ ਬਦਲਣ ਲਈ ਕਲੱਬ ਬਣਾ ਕੇ ਕਰਨ ਸਹਿਯੋਗ: ਏ.ਡੀ.ਸੀ

Monday, Jun 29, 2020 - 10:27 PM (IST)

ਮਾਨਸਾ,(ਸੰਦੀਪ ਮਿੱਤਲ)- ਪਿੰਡਾਂ ਅੰਦਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਉਲਾਂਭੇ ਕਰਕੇ ਖੇਡਾਂ ਅਤੇ ਹੋਰ ਸਿਹਤ ਯੋਜਨਾਵਾਂ ਨਾਲ ਜੋੜਨ ਦੇ ਮਕਸਦ ਨਾਲ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਵੱਲੋਂ ਦਿਹਾਤੀ ਖੇਤਰ ਅੰਦਰ ਖੇਡ ਸਟੇਡੀਅਮ, ਜਿੰਮ ਅਤੇ ਪਾਰਕ ਖੋਲ੍ਹਣ ਦੀ ਤਿਆਰੀ ਚੱਲ ਰਹੀ ਹੈ। ਪ੍ਰੀਸ਼ਦ ਦਾ ਮਕਸਦ ਹੈ ਕਿ ਆਉਣ ਵਾਲੇ ਸਮੇਂ ਹਰ ਪਿੰਡ ਵਿੱਚ ਇਕ ਖੇਡ ਸਟੇਡੀਅਮ ਅਤੇ ਇੱਕ ਜਿੰਮ ਲਾਜਮੀ ਹੋਵੇਗਾ ਅਤੇ ਨੌਜਵਾਨ ਨਸ਼ਿਆਂ ਨਾਲ ਨਾ ਜੁੜੇ ਅਤੇ ਹੋਰ ਅਲਾਮਤਾ ਨਾਲ ਨਾ ਜੁੜੇ। ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਕਿਹਾ ਕਿ ਬਹੁਤੇ ਪਿੰਡਾਂ ਅੰਦਰ ਖੇਡ ਸਟੇਡੀਅਮ ਅਤੇ ਪਾਰਕ ਆਦਿ ਬਣਾਏ ਜਾ ਚੁੱਕੇ ਹਨ, ਜਿੱਥੇ ਹਲੇ ਤੱਕ ਇਹ ਨਿਰਮਾਣ ਨਹੀਂ ਹੋ ਸਕਿਆ। ਉੱਥੇ ਛੇਤੀ ਹੀ ਖੇਡ ਸਟੇਡੀਅਮ ਉਸਾਰੇ ਜਾਣਗੇ। ਜਿਨ੍ਹਾਂ ਵਾਸਤੇ ਯੋਜਨਾਵਾਂ ਅਤੇ ਰੂਪ-ਰੇਖਾ ਤਿਆਰ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਵਾਸਤੇ ਪੰਜਾਬ ਸਰਕਾਰ ਦੇ ਫੰਡ ਆ ਚੁੱਕੇ ਹਨ ਅਤੇ ਕਿਸੇ ਵੀ ਪਿੰਡ ਨੂੰ ਇਸ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਇਸ ਮੌਕੇ ਮੋਫਰ ਨੇ ਨੌਜਵਾਨਾਂ ਨੂੰ ਪੰਜਾਬ ਸਰਕਾਰ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੰਦਿਆਂ ਕੋਰੋਨਾ ਪ੍ਰਤੀ ਵੀ ਸਾਵਧਾਨ ਕੀਤਾ। ਉਨ੍ਹਾਂ ਨੂੰ ਮਾਸਕ ਅਤੇ ਸੈਨੀਟਾਈਜਰ ਆਦਿ ਸਮੱਗਰੀ ਵੀ ਵੰਡੀ ਗਈ। ਇਸ ਮੌਕੇ ਸਰਪੰਚ ਪਰਮਜੀਤ ਸਿੰਘ ਨੰਗਲ ਕਲਾਂ, ਕਾਂਗਰਸੀ ਆਗੂ ਰਣਧੀਰ ਸਿੰਘ, ਕਾਂਗਰਸੀ ਆਗੂ ਜਗਤਾਰ ਸਿੰਘ,  ਕਰਤਾਰ ਸਿੰਘ ਨੰਗਲ, ਜੋਰਾ ਸਿੰਘ ਮੈਂਬਰ, ਨਾਜਮ ਸਿੰਘ ਮੈਂਬਰ, ਸੁੱਖੀ ਭੰਮੇ, ਮੇਜਰ ਮੰਤਰੀ ਕੁਲਰੀਆਂ, ਸਰਪੰਚ ਅਜੀਤ ਸਿੰਘ ਕਰੰਡੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੌਜਵਾਨ ਵੀ ਮੌਜੂਦ ਸਨ।
ਦੂਸਰੀ ਤਰਫ ਨਵ-ਨਿਯੁਕਤ ਏ.ਡੀ.ਸੀ ਵਿਕਾਸ ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਆਈ.ਏ.ਐੱਸ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਅਨੇਕਾਂ ਯੋਜਨਾਵਾਂ ਪਿੰਡਾਂ ਨੂੰ ਸ਼ਹਿਰਾਂ ਵਰਗਾਂ ਬਣਾਉਣ ਵਾਸਤੇ ਤਿਆਰ ਹਨ। ਆਉਂਦੇ ਕੁਝ ਦਿਨਾਂ ਵਿੱਚ ਹੀ ਇਸ ਦਾ ਕੰਮ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਤੋਂ ਸ਼ੁਰੂ ਕੀਤਾ ਜਾਵੇਗਾ ਅਤੇ ਪਿੰਡ-ਪਿੰਡ ਵਿੱਚ ਵਿਕਾਸ ਦੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਜਾਣਗੇ।  ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਹਰ ਪਿੰਡ ਵਿੱਚ ਕਲੱਬ ਬਣਾ ਕੇ ਪਿੰਡ ਦੀ ਨੁਹਾਰ ਬਦਲਣ ਲਈ ਪ੍ਰਸ਼ਾਸ਼ਨ ਅਤੇ ਪੰਚਾਇਤ ਦਾ ਸਹਿਯੋਗ ਕਰਨ ਤਾਂ ਜੋ ਚੰਗੇ ਸਮਾਜ ਦੀ ਸਿਰਜਣਾ ਹੋ ਸਕੇ।


Bharat Thapa

Content Editor

Related News