ਦਵਾਈ ਘਪਲੇ ਦੇ ਦੋਸ਼ੀ ਸਟੋਰਕੀਪਰ ਨੂੰ 5 ਸਾਲ ਦੀ ਕੈਦ
Tuesday, Apr 17, 2018 - 11:36 AM (IST)
ਲੁਧਿਆਣਾ (ਮਹਿਰਾ)-ਸਥਾਨਕ ਵਰਿੰਦਰ ਅਗਰਵਾਲ ਵਧੀਕ ਸੈਸ਼ਨ ਜੱਜ ਦੀ ਅਦਾਲਤ ਨੇ ਸਿਵਲ ਸਰਜਨ ਦਫਤਰ ਦੇ ਸਟੋਰਕੀਪਰ ਵਿਨੋਦ ਕੁਮਾਰ ਨੂੰ ਭ੍ਰਿਸ਼ਟਾਚਾਰ ਅਤੇ ਹੋਰਨਾਂ ਧਾਰਾਵਾਂ ਤਹਿਤ 5 ਸਾਲ ਦੀ ਕੈਦ ਅਤੇ 2 ਲੱਖ ਵੀਹ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਇਸ ਸਬੰਧੀ ਵਿਜੀਲੈਂਸ ਬਿਊਰੋ ਲੁਧਿਆਣਾ ਵੱਲੋਂ 10 ਅਗਸਤ, 2006 ਨੂੰ ਦੋਸ਼ੀ ਵੱਲੋਂ ਧਾਰਾ 467, 468, 471 ਆਈ. ਪੀ. ਸੀ. ਅਤੇ ਭ੍ਰਿਸ਼ਟਾਚਾਰ ਉਨਮੂਲਨ ਅਧਿਨਿਯਮ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ। ਜ਼ਿਲਾ ਅਟਾਰਨੀ ਰਵਿੰਦਰ ਕੁਮਾਰ ਅਬਰੋਲ ਅਤੇ ਕੇਸ ਦੇ ਸਰਕਾਰੀ ਵਕੀਲ ਐੱਸ. ਐੱਸ. ਹੈਦਰ ਨੇ ਦੱਸਿਆ ਕਿ ਇਕ ਜਾਂਚ ਦੌਰਾਨ ਲੁਧਿਆਣਾ ਦੇ ਸਿਵਲ ਸਰਜਨ ਨੇ ਦੱਸਿਆ ਕਿ ਦੋਸ਼ੀ ਵਿਨੋਦ ਕੁਮਾਰ ਜੋ ਕਿ 1999 ਤੋਂ 2005 ਤੱਕ ਬਤੌਰ ਸਟੋਰਕੀਪਰ ਕੰਮ ਕਰਦਾ ਰਿਹਾ ਅਤੇ ਜਿਸ ਨੇ ਜਤਾਇਆ ਸੀ ਕਿ ਉਸ ਨੇ ਵੱਖ-ਵੱਖ ਹੈਲਥ ਸੈਂਟਰਾਂ ਨੂੰ ਜ਼ਿਆਦਾ ਮੈਡੀਸਨ ਸਪਲਾਈ ਕੀਤੀ ਹੈ। ਜਾਂਚ ਦੌਰਾਨ ਇਹ ਪਤਾ ਲੱਗਾ ਕਿ ਦੋਸ਼ੀ ਨੇ 4 ਲੱਖ ਦੀ ਕੀਮਤ ਦੀਆਂ ਦਵਾਈਆਂ ਨੂੰ ਖੁਰਦ-ਬੁਰਦ ਕੀਤਾ ਅਤੇ ਉਨ੍ਹਾਂ ਨੂੰ ਲੁਕਾਉਣ ਲਈ ਫਰਜ਼ੀ ਦਸਤਾਵੇਜ਼ ਤਿਆਰ ਕਰ ਕੇ ਧੋਖਾ ਦੇਣ ਦਾ ਯਤਨ ਕੀਤਾ। ਨਾਲ ਹੀ ਕੇਸ ਵਿਚ ਸਹਾਇਕ ਸਿਵਲ ਸਰਜਨ 'ਤੇ ਵੀ ਦੋਸ਼ ਲਾਏ ਗਏ ਸਨ। ਬਾਅਦ 'ਚ ਵਿਜੀਲੈਂਸ ਪੁਲਸ ਨੇ ਦੋਸ਼ੀ ਖਿਲਾਫ ਕੇਸ ਦਰਜ ਕਰ ਲਿਆ ਗਿਆ ਸੀ। ਅਦਾਲਤ ਵਿਚ ਪੁਲਸ ਵੱਲੋਂ ਦੋਸ਼ੀ ਖਿਲਾਫ ਕੁਲ 9 ਗਵਾਹ ਪੇਸ਼ ਕੀਤੇ ਗਏ। ਜਦੋਂਕਿ ਸਹਾਇਕ ਸਿਵਲ ਸਰਜਨ ਨੂੰ ਇਕ ਜਾਂਚ ਦੌਰਾਨ ਨਿਰਦੋਸ਼ ਪਾਇਆ ਗਿਆ ਸੀ। ਅਦਾਲਤ 'ਚ ਦੋਸ਼ੀ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਅਤੇ ਕਿਹਾ ਕਿ ਉਸ ਦਾ ਇਸ ਕੇਸ 'ਚ ਕੋਈ ਕਸੂਰ ਨਹੀਂ ਹੈ ਅਤੇ ਉਸ ਨੂੰ ਝੂਠਾ ਫਸਾਇਆ ਗਿਆ ਹੈ। ਅਦਾਲਤ ਨੇ ਦੋਸ਼ੀ ਨੂੰ ਧੋਖਾਦੇਹੀ ਅਤੇ ਭ੍ਰਿਸ਼ਟਾਚਾਰ ਦਾ ਦੋਸ਼ੀ ਪਾਉਂਦੇ ਹੋਏ ਉਸ ਨੂੰ ਉਪਰੋਕਤ ਸਜ਼ਾ ਸੁਣਾਈ।
