ਆਪਰੇਟਿੰਗ ਸਿਸਟਮ ’ਚ ਆਈ ਖ਼ਰਾਬੀ ਕਾਰਨ ਇੰਡੀਗੋ ਦੀਆਂ 5 ਉਡਾਣਾਂ ਰੱਦ, 27 ਹੋਈਆਂ ਲੇਟ
Wednesday, Dec 10, 2025 - 02:04 PM (IST)
ਚੰਡੀਗੜ੍ਹ (ਲਲਨ) : ਇੰਡੀਗੋ ਏਅਰਲਾਈਨਜ਼ ਦੇ ਆਪਰੇਟਿੰਗ ਸਿਸਟਮ ’ਚ ਆਈ ਖਰਾਬੀ ਦਾ ਪ੍ਰਭਾਵ ਘੱਟ ਹੁੰਦਾ ਜਾ ਰਿਹਾ ਹੈ, ਜਿਸ ਕਾਰਨ ਹੁਣ ਸੱਤਵੇਂ ਦਿਨ ਸਿਰਫ਼ 5 ਉਡਾਣਾਂ ਰੱਦ ਤੇ 27 ਉਡਾਣਾਂ ਚਲਾਈਆਂ ਗਈਆਂ, ਜੋ ਆਪਣੇ ਤੈਅ ਸਮੇਂ ਤੋਂ 30 ਤੋਂ 35 ਮਿੰਟ ਦੀ ਦੇਰੀ ਨਾਲ ਚੱਲੀਆਂ। ਇਨ੍ਹਾਂ ’ਚ ਡਿਪਾਰਚਰ ਦੀਆਂ 3 ਉਡਾਣਾਂ ਅਤੇ ਅਰਾਈਵਲ ਦੀਆਂ 2 ਉਡਾਣਾਂ ਸ਼ਾਮਲ ਹਨ। ਕੌਮਾਂਤਰੀ ਹਵਾਈ ਅੱਡੇ ਚੰਡੀਗੜ੍ਹ ਤੋਂ ਹੁਣ ਤੱਕ ਕੁੱਲ 66 ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਦਿੱਲੀ ਜਾਣ ਵਾਲੀਆਂ ਲਗਜ਼ਰੀ ਰੇਲਗੱਡੀਆਂ ਭਰੀਆਂ ਹੋਈਆਂ ਹਨ ਤੇ ਵੇਟਿੰਗ ਗਿਣਤੀ 50 ਤੋਂ ਵੱਧ ਪਹੁੰਚ ਗਈ ਹੈ। ਇਸ ਤੋਂ ਇਲਾਵਾ ਊਨਾ ਤੋਂ ਵਾਇਆ ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੀ ਜਨ ਸ਼ਤਾਬਦੀ ਰੇਲਗੱਡੀ ’ਚ ਵੀ ਵੇਟਿੰਗ 50 ਤੋਂ ਵੱਧ ਹੈ। ਇਸ ਲਈ ਇਹ ਮੰਨਿਆ ਜਾ ਸਕਦਾ ਹੈ ਕਿ ਯਾਤਰੀ ਰੇਲਗੱਡੀਆਂ ਨੂੰ ਤਰਜ਼ੀਹ ਦੇ ਰਹੇ ਹਨ।
ਇੰਡੀਗੋ ਦੀਆਂ ਉਡਾਣਾਂ ਰੱਦ ਹੋਣ ਨਾਲ ਰੇਲਗੱਡੀਆਂ ’ਤੇ ਪਿਆ ਅਸਰ
ਇੰਡੀਗੋ ਏਅਰਲਾਈਨਜ਼ ਦੇ ਆਪਰੇਟਿੰਗ ਸਿਸਟਮ ’ਚ ਆਈ ਖਰਾਬੀ ਕਾਰਨ ਯਾਤਰੀਆਂ ਦਾ ਰੁਝਾਨ ਲਗਜ਼ਰੀ ਰੇਲਗੱਡੀਆਂ ਵੱਲ ਵੱਧ ਗਿਆ ਹੈ। ਬੁੱਧਵਾਰ ਨੂੰ ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੀ ਇਕ ਦੇ ਭਾਰਤ ਅਤੇ 2 ਸ਼ਤਾਬਦੀ ਰੇਲਗੱਡੀਆਂ ’ਚ ਫੁਲ ਟਿਕਟ ਜਾ ਰਹੀ ਹੈ। ਚੰਡੀਗੜ੍ਹ ਤੋਂ ਸਵੇਰੇ ਦਿੱਲੀ ਜਾਣ ਵਾਲੀ ਸ਼ਤਾਬਦੀ ਰੇਲਗੱਡੀ ਦੀ ਚੇਅਰ ਕਾਰ ਅਤੇ ਇਕਨੋਮਿਕ ਕਲਾਸ ’ਚ ਸ਼ਾਮ 7 ਵਜੇ ਤੱਕ ਵੇਟਿੰਗ ਜ਼ਿਆਦਾ ਹੋ ਗਈ ਹੈ। ਇਸ ਦੇ ਨਾਲ ਹੀ ਜਨ ਸ਼ਤਾਬਦੀ ਐਕਸਪ੍ਰੈਸ ’ਚ ਵੀ 50 ਤੋਂ ਵੱਧ ਹੋ ਗਈ ਹੈ, ਜਿਸਦਾ ਅਸਰ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਦੇਖਣ ਨੂੰ ਮਿਲ ਰਿਹਾ ਹੈ।
