ਸਿਵਲ ਹਸਪਤਾਲ ''ਚ ਪੱਟੀ ਕਰਵਾਉਣ ਲਈ ਪੁੱਜੀ ਬਜ਼ੁਰਗ ਔਰਤ ਨੂੰ ਹੋਣਾ ਪਿਆ ਖੱਜਲ-ਖੁਆਰ
Sunday, Feb 25, 2018 - 12:31 PM (IST)
ਧੂਰੀ (ਸੰਜੀਵ ਜੈਨ)—ਇਕ ਬਜ਼ੁਰਗ ਔਰਤ ਨੂੰ ਉਸ ਸਮੇਂ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਆਪਣੇ ਸਿਰ 'ਤੇ ਲੱਗੀ ਸੱਟ 'ਤੇ ਪੱਟੀ ਕਰਵਾਉਣ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਪੁੱਜੀ ਅਤੇ ਕਿਸੇ ਨੇ ਵੀ ਉਸ ਦੀ ਕੋਈ ਸਾਰ ਨਾ ਲਈ। ਪੀੜਤਾ 80 ਸਾਲਾ ਬਜ਼ੁਰਗ ਔਰਤ ਦੀ ਪੁੱਤਰੀ ਮੁਖ਼ਤਿਆਰ ਕੌਰ ਵਾਸੀ ਘਨੌਰੀ ਕਲਾਂ ਨੇ ਦੱਸਿਆ ਕਿ ਉਸ ਦੀ ਮਾਤਾ ਦੇ ਸਵੇਰੇ ਘਰ 'ਚ ਡਿੱਗਣ ਕਾਰਨ ਸੱਟ ਲੱਗ ਗਈ ਅਤੇ ਉਹ ਸਵੇਰੇ ਸਾਢੇ 9 ਵਜੇ ਸਿਵਲ ਹਸਪਤਾਲ ਪੁੱਜੇ ਸੀ, ਜਿਥੇ ਉਨ੍ਹਾਂ ਨੂੰ ਪੱਟੀ ਕਰਵਾਉਣ ਲਈ ਹਸਪਤਾਲ ਸਟਾਫ ਵੱਲੋਂ ਕਾਫੀ ਖੱਜਲ-ਖੁਆਰ ਕੀਤਾ ਗਿਆ ਅਤੇ ਦੁਪਹਿਰ 1 ਵਜੇ ਤੱਕ ਕਿਸੇ ਨੇ ਵੀ ਉਸ ਦੀ ਮਾਤਾ ਦਾ ਇਲਾਜ ਨਾ ਕੀਤਾ। ਇਲਾਜ ਸਬੰਧੀ ਉਥੇ ਮੌਜੂਦ ਸਟਾਫ਼ ਨੂੰ ਉਨ੍ਹਾਂ ਵੱਲੋਂ ਕਈ ਵਾਰ ਕਿਹਾ ਗਿਆ ਪਰ ਕਿਸੇ ਨੇ ਵੀ ਉਨ੍ਹਾਂ ਦੀ ਮਾਤਾ ਨੂੰ ਮੁੱਢਲੀ ਸਹਾਇਤਾ ਨਹੀਂ ਦਿੱਤੀ। ਇਸ ਤੋਂ ਬਾਅਦ ਇਹ ਮਾਮਲਾ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਅਤੇ ਮੀਡੀਆ ਦੇ ਧਿਆਨ 'ਚ ਆਉਣ ਤੋਂ ਬਾਅਦ ਹੀ ਮਾਤਾ ਦਾ ਇਲਾਜ ਹੋ ਸਕਿਆ।
ਕੀ ਕਹਿੰਦੇ ਨੇ ਸਿਵਲ ਸਰਜਨ : ਇਸ ਮਾਮਲੇ ਸਬੰਧੀ ਸਿਵਲ ਸਰਜਨ ਸੰਗਰੂਰ ਕਿਰਨਜੋਤ ਕੌਰ ਬਾਲੀ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਹਸਪਤਾਲ 'ਚ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦੀ ਸੂਰਤ ਵਿਚ ਸੀਨੀਅਰ ਅਧਿਕਾਰੀਆਂ ਨਾਲ ਸੰਪਰਕ ਕਰਨ ਸਬੰਧੀ ਉਨ੍ਹਾਂ ਦੇ ਮੋਬਾਇਲ ਨੰਬਰਾਂ ਵਾਲੇ ਬੋਰਡ ਲਵਾਏ ਜਾਣਗੇ। ਇਸ ਸਬੰਧੀ ਐੱਸ. ਐੱਮ. ਓ. ਨੂੰ ਹਦਾਇਤ ਕੀਤੀ ਜਾਵੇਗੀ।
ਕੀ ਕਹਿੰਦੇ ਨੇ ਵਿਧਾਇਕ : ਇਸ ਸਬੰਧੀ ਵਿਧਾਇਕ ਦਲਵੀਰ ਸਿੰਘ ਗੋਲਡੀ ਦੇ ਨਿੱਜੀ ਸਹਾਇਕ ਇੰਦਰਜੀਤ ਸਿੰਘ ਮਡਾਹਰ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ 'ਚ ਆਉਣ ਤੋਂ ਬਾਅਦ ਬਜ਼ੁਰਗ ਔਰਤ ਦਾ ਇਲਾਜ ਕਰਵਾਉਣ ਲਈ ਟੀਮ ਗੋਲਡੀ ਖੰਗੂੜਾ ਨੂੰ ਸਿਵਲ ਹਸਪਤਾਲ ਵਿਖੇ ਭੇਜ ਕੇ ਬਜ਼ੁਰਗ ਔਰਤ ਦਾ ਇਲਾਜ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸਰਕਾਰੀ ਅਦਾਰੇ 'ਚ ਕੁਤਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।