ਮੁੰਡੇ ਦੀ ਲਾਲਸਾ ’ਚ ਸਹੁਰਿਆਂ ਨੇ ਕੀਤੀ ਔਰਤ ਦੀ ਕੁੱਟਮਾਰ, ਘਰੋਂ ਕੱਢਿਆ

Saturday, Nov 09, 2024 - 05:18 PM (IST)

ਮੁੰਡੇ ਦੀ ਲਾਲਸਾ ’ਚ ਸਹੁਰਿਆਂ ਨੇ ਕੀਤੀ ਔਰਤ ਦੀ ਕੁੱਟਮਾਰ, ਘਰੋਂ ਕੱਢਿਆ

ਅਬੋਹਰ (ਸੁਨੀਲ) : ਸਥਾਨਕ ਸਰਾਭਾ ਨਗਰ ਦੀ ਵਸਨੀਕ ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਵਿਆਹੁਤਾ ਔਰਤ ਨੂੰ ਉਸ ਦੇ ਪਤੀ ਅਤੇ ਸੱਸ ਨੇ ਮੁੰਡੇ ਦੀ ਲਾਲਸਾ ’ਚ ਕੁੱਟਮਾਰ ਕਰਕੇ ਜ਼ਖਮੀ ਕਰ ਕਰ ਦਿੱਤਾ। ਬੀਤੇ ਦਿਨੀਂ ਤਿੰਨ ਨੰਨ੍ਹੀਆਂ ਬੱਚੀਆਂ ਸਮੇਤ ਵਿਆਹੁਤਾ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ। ਪੀੜਤਾ ਨੂੰ ਉਸ ਦੀ ਬਜ਼ੁਰਗ ਅਤੇ ਵਿਧਵਾ ਮਾਂ ਨੇ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਹੈ। ਇਲਾਜ ਅਧੀਨ ਜੋਤੀ (37) ਪੁੱਤਰੀ ਪੰਮੀ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਢਾਈ ਸਾਲ ਪਹਿਲਾਂ ਮੌਤ ਹੋ ਗਈ ਸੀ, ਜਦੋਂ ਕਿ ਉਸ ਦਾ ਵਿਆਹ ਕਰੀਬ 10 ਸਾਲ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਜਗਵੀਰ ਸਿੰਘ ਨਾਲ ਹੋਇਆ ਸੀ।

ਜੋਤੀ ਨੇ ਦੱਸਿਆ ਕਿ ਉਸ ਦੀਆਂ ਤਿੰਨ ਧੀਆਂ ਹਨ, ਜਿਨ੍ਹਾਂ ਦੀ ਉਮਰ ਇਸ ਸਮੇਂ 10 ਸਾਲ, 5 ਸਾਲ ਅਤੇ 3 ਸਾਲ ਹੈ, ਜਦੋਂ ਕਿ ਉਸ ਦਾ ਪਤੀ ਹੁਣ ਤੱਕ 5 ਵਾਰ ਉਸ ਦਾ ਗਰਭਪਾਤ ਕਰਵਾ ਚੁੱਕਾ ਹੈ। ਔਰਤ ਨੇ ਕਥਿਤ ਤੌਰ 'ਤੇ ਦੋਸ਼ ਲਾਇਆ ਕਿ ਉਸ ਦਾ ਪਤੀ ਮੁੰਡੇ ਦੀ ਲਾਲਸਾ ’ਚ ਉਸਨੂੰ ਛੱਡਣਾ ਚਾਹੁੰਦਾ ਹੈ ਅਤੇ ਉਸਦੇ ਅਬੋਹਰ ਦੀ ਹੀ ਇਕ ਅਣਵਿਆਹੀ ਕੁੜੀ ਨਾਲ ਕਥਿਤ ਨਾਜਾਇਜ਼ ਸਬੰਧ ਹਨ। ਉਸ ਦੇ ਸਹੁਰੇ ਉਸ ਨੂੰ ਬੱਚਿਆਂ ਸਮੇਤ ਘਰੋਂ ਕੱਢ ਕੇ ਉਸ ਕੁੜੀ ਨੂੰ ਘਰ ’ਚ ਲਿਆਉਣਾ ਚਾਹੁੰਦੇ ਹਨ।

ਇਸ ਕਾਰਨ ਉਸ ਨੂੰ ਅਕਸਰ ਤਸੀਹੇ ਦਿੱਤੇ ਜਾਂਦੇ ਹਨ। ਬੀਤੀ ਦੁਪਹਿਰ ਵੀ ਉਸ ਦੇ ਪਤੀ ਅਤੇ ਸੱਸ ਨੇ ਉਸ ਦੀ ਕੁੱਟਮਾਰ ਕੀਤੀ। ਜਿਸ ਦੀ ਸੂਚਨਾ ਉਸ ਨੇ ਆਪਣੀ ਮਾਂ ਨੂੰ ਦਿੱਤੀ। ਉਸ ਦੀ ਮਾਂ ਆਪਣੀ ਲੱਤ ਫਰੈਕਚਰ ਹੋਣ ਦੇ ਬਾਵਜੂਦ ਉਸ ਦੇ ਸਹੁਰੇ ਘਰ ਆਈ ਅਤੇ ਉਸ ਨੂੰ ਅਬੋਹਰ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ। ਸੀਡ ਫਾਰਮ ਚੌਂਕੀ ਦੇ ਇੰਚਾਰਜ ਸਹਾਇਕ ਸਬ ਇੰਸਪੈਕਟਰ ਭੁਪਿੰਦਰ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਇਸ ਮਾਮਲੇ ਦੀ ਐੱਮ. ਐੱਲ. ਆਰ. ਪ੍ਰਾਪਤ ਹੋ ਗਈ ਹੈ ਪਰ ਉਹ ਕਿਸੇ ਮਾਮਲੇ ’ਚ ਬਾਹਰ ਗਏ ਹਨ। ਇਥੇ ਆਉਂਦੇ ਹੀ ਔਰਤ ਦੇ ਬਿਆਨ ਕਲਮਬੱਧ ਕਰ ਬਣਦੀ ਕਾਰਵਾਈ ਕੀਤੀ ਜਾਵੇਗੀ।


author

Babita

Content Editor

Related News