ਸਿਵਲ ਹਸਪਤਾਲ ’ਚ ਲਾਸ਼ ਦੀ ਦੁਰਗਤੀ ਦਾ ਮਾਮਲਾ DGP ਗੌਰਵ ਯਾਦਵ ਕੋਲ ਪਹੁੰਚਿਆ

Saturday, Nov 16, 2024 - 11:55 AM (IST)

ਸਿਵਲ ਹਸਪਤਾਲ ’ਚ ਲਾਸ਼ ਦੀ ਦੁਰਗਤੀ ਦਾ ਮਾਮਲਾ DGP ਗੌਰਵ ਯਾਦਵ ਕੋਲ ਪਹੁੰਚਿਆ

ਜਲੰਧਰ (ਵਿਸ਼ੇਸ਼)–ਸਮਾਜ-ਸੇਵੀ ਅਤੇ ਮਰੀਜ਼ ਭਲਾਈ ਕਮੇਟੀ ਦੇ ਸਾਬਕਾ ਮੈਂਬਰ ਸੰਜੇ ਸਹਿਗਲ ਅਤੇ ਸਮਾਜ-ਸੇਵੀ ਨਰੇਸ਼ ਲੱਲਾ ਵੱਲੋਂ ਸਿਵਲ ਹਸਪਤਾਲ ਵਿਚ ਲਾਸ਼ ਦੀ ਦੁਰਗਤੀ ਸਬੰਧੀ ਰਾਜਪਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਭੇਜੀ ਗਈ ਸ਼ਿਕਾਇਤ ਦਾ ਨੋਟਿਸ ਲੈਂਦੇ ਹੋਏ ਰਾਜਪਾਲ ਆਫਿਸ ਵੱਲੋਂ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਅਤੇ ਹੈਲਥ ਸੈਕਟਰੀ ਕੁਮਾਰ ਰਾਹੁਲ ਤੋਂ ਇਸ ਮਾਮਲੇ ਵਿਚ ਇਨਵੈਸਟੀਗੇਸ਼ਨ ਲਈ ਕੇਸ ਪਹੁੰਚ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐਡੀਸ਼ਨਲ ਚੀਫ਼ ਸੈਕਟਰੀ-ਟੂ-ਗਵਰਨਰ ਪੰਜਾਬ ਐਂਡ ਐਡਮਨਿਸਟ੍ਰੇਟਰ ਯੂ. ਟੀ. ਚੰਡੀਗੜ੍ਹ ਵੱਲੋਂ ਜਾਰੀ ਚਿੱਠੀ ਵਿਚ ਡੀ. ਜੀ. ਪੀ. ਗੌਰਵ ਯਾਦਵ ਅਤੇ ਹੈਲਥ ਸੈਕਟਰੀ ਕੁਮਾਰ ਰਾਹੁਲ ਕੋਲ ਸਿਵਲ ਹਸਪਤਾਲ ਵਿਚ ਵੱਡੀ ਲਾਪ੍ਰਵਾਹੀ ਕਾਰਨ ਲਾਸ਼ ਦੀ ਹੋਈ ਦੁਰਗਤੀ ਦੇ ਮਾਮਲੇ ’ਚ ਇਨਵੈਸਟੀਗੇਸ਼ਨ ਕਰਵਾਏ ਜਾਣ ਨੂੰ ਕਿਹਾ ਗਿਆ ਹੈ।

ਜ਼ਿਕਰਯੋਗ ਹੈ ਕਿ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਲਗਭਗ ਇਕ ਮਹੀਨੇ ਤਕ ਇਕ ਲਾਸ਼ ਦੇ ਪਏ ਰਹਿਣ ਅਤੇ ਗਲ਼-ਸੜ ਜਾਣ ਤੋਂ ਬਾਅਦ ਪੁਲਸ ਦੇ ਧਿਆਨ ਵਿਚ ਮਾਮਲਾ ਲਿਆਂਦਾ ਗਿਆ ਸੀ। ਇਸ ਸਬੰਧ ਵਿਚ ਜਾਂਚ ਪੁਲਸ ਥਾਣਾ ਨੰਬਰ 4 ਜਲੰਧਰ ਵੱਲੋਂ ਕੀਤੀ ਗਈ ਅਤੇ ਸ਼ਨਾਖਤ ਲਈ ਲਾਸ਼ ਰੱਖੇ ਜਾਣ ਤੋਂ ਬਾਅਦ ਲਾਸ਼ ਨੂੰ ਅਣਪਛਾਤੀ ਮੰਨਦੇ ਹੋਏ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮਾਮਲੇ ’ਚ ਸਭ ਤੋਂ ਵੱਡੀ ਗੱਲ ਜਿਹੜੀ ਹੈਰਾਨ ਵਾਲੀ ਸੀ, ਉਹ ਇਹ ਸੀ ਕਿ ਮੌਕੇ ’ਤੇ ਸਿਵਲ ਹਸਪਤਾਲ ਵੱਲ ਨਾ ਮੋਰਚਰੀ ਇੰਚਾਰਜ ਕੋਲ ਇਸ ਸਬੰਧ ਵਿਚ ਕੋਈ ਰਿਕਾਰਡ ਉਪਲੱਬਧ ਸੀ। ਬਾਅਦ ਵਿਚ ਜੋ ਫਾਈਲ ਪੁਲਸ ਨੂੰ ਸੌਂਪੀ ਗਈ, ਉਸ ਵਿਚ ਦਿੱਤਾ ਗਿਆ ਨਾਂ ਅਤੇ ਪਤਾ ਗਲਤ ਪਾਇਆ ਗਿਆ। ਪੁਲਸ ਵੱਲੋਂ ਫਾਈਲ ਵਿਚ ਦਿੱਤੇ ਗਏ ਪਤੇ ’ਤੇ ਮ੍ਰਿਤਕ ਦੇ ਨਾਂ ਵਾਲਾ ਕੋਈ ਵਿਅਕਤੀ ਨਹੀਂ ਰਹਿੰਦਾ ਸੀ, ਜਿਸ ਕਾਰਨ ਲਾਸ਼ ਨੂੰ ਅਣਪਛਾਤੀ ਮੰਨ ਕੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ-ਸਰਕਾਰੀ ਨੌਕਰੀਆਂ ਦੇ ਚਾਹਵਾਨਾਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਵੱਲੋਂ ਇਸ ਵਿਭਾਗ 'ਚ ਭਰਤੀ ਦੀ ਤਿਆਰੀ

ਲਾਪ੍ਰਵਾਹੀ ’ਤੇ ਲਾਪ੍ਰਵਾਹੀ
ਸਿਵਲ ਹਸਪਤਾਲ ਦੀ ਮੋਰਚਰੀ ਵਿਚ ਲਾਸ਼ ਦੇ ਗਲ਼-ਸੜ ਜਾਣ ਤਕ ਗੱਲ ਉਜਾਗਰ ਨਾ ਕੀਤੇ ਜਾਣ ਵਿਚ ਵਰਤੀ ਗਈ ਲਾਪ੍ਰਵਾਹੀ ਤੋਂ ਇਲਾਵਾ ਇਸ ਤੋਂ ਪਹਿਲਾਂ ਹੋਈਆਂ ਲਾਪ੍ਰਵਾਹੀਆਂ ਨੇ ਤਾਂ ਹੋਰ ਵੀ ਹੈਰਾਨ ਕਰ ਦਿੱਤਾ। ਸਭ ਤੋਂ ਪਹਿਲੀ ਲਾਪ੍ਰਵਾਹੀ ਇਹੀ ਵਰਤੀ ਗਈ, ਜਿਵੇਂ ਕਿ ਦੱਸਿਆ ਗਿਆ ਕਿ ਸਿਵਲ ਹਸਪਤਾਲ ਵਿਚ ਕੋਈ ਵਿਅਕਤੀ ਇਕ ਜ਼ਖ਼ਮੀ (ਜਿਸ ਦੀ ਗਲ਼ੀ-ਸੜੀ ਲਾਸ਼ ਮੋਰਚਰੀ ਵਿਚੋਂ ਮਿਲੀ) ਨੂੰ ਜ਼ਖ਼ਮੀ ਹਾਲਤ ਵਿਚ ਛੱਡ ਗਿਆ ਸੀ ਪਰ ਐਮਰਜੈਂਸੀ ਡਿਊਟੀ ਦੌਰਾਨ ਤਾਇਨਾਤ ਡਾਕਟਰ ਵੱਲੋਂ ਇਸ ਸਬੰਧ ਵਿਚ ਸਿਵਲ ਹਸਪਤਾਲ ਵਿਚ 24 ਘੰਟੇ ਮੌਜੂਦ ਰਹਿੰਦੀ ਪੁਲਸ ਦੇ ਧਿਆਨ ਵਿਚ ਮਾਮਲਾ ਲਿਆਂਦਾ ਹੀ ਨਹੀਂ ਗਿਆ ਅਤੇ ਨਾ ਹੀ ਕੋਈ ਐੱਮ. ਐੱਲ. ਆਰ. ਕੱਟੀ ਗਈ, ਜੋਕਿ ਪੁਲਸ ਨੂੰ ਸੌਂਪਣੀ ਹੁੰਦੀ ਹੈ ਅਤੇ ਮੁੱਢਲੇ ਇਲਾਜ ਤੋਂ ਬਾਅਦ ਜ਼ਖ਼ਮੀ ਨੂੰ ਵਾਰਡ ਵਿਚ ਸ਼ਿਫਟ ਕਰ ਦਿੱਤਾ ਗਿਆ। ਦੂਜੀ ਲਾਪ੍ਰਵਾਹੀ ਜੋਕਿ ਸਾਹਮਣੇ ਆਈ, ਉਸ ਦੇ ਮੁਤਾਬਕ ਵਾਰਡ ਵਿਚ ਉਕਤ ਜ਼ਖ਼ਮੀ ਵਿਅਕਤੀ ਦੀ ਮੌਤ ਹੋ ਗਈ ਅਤੇ ਇਸ ਸਬੰਧ ਵਿਚ ਵੀ ਪੁਲਸ ਨੂੰ ਸੂਚਿਤ ਨਹੀਂ ਕੀਤਾ ਗਿਆ ਅਤੇ ਲਾਸ਼ ਨੂੰ ਮੋਰਚਰੀ ਵਿਚ ਸ਼ਿਫ਼ਟ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ- ਢਿੱਲੋਂ ਬ੍ਰਦਰਜ਼ ਦੀ ਮੌਤ ਦੇ ਮਾਮਲੇ 'ਚ ਖੁੱਲ੍ਹੀਆਂ ਵੱਡੀਆਂ ਪਰਤਾਂ, ਖੜ੍ਹੇ ਹੋਣ ਲੱਗੇ ਵੱਡੇ ਸਵਾਲ

ਅਗਲੀ ਲਾਪ੍ਰਵਾਹੀ ਜਿਵੇਂ ਕਿ ਮੋਰਚਰੀ ਇੰਚਾਰਜ ਬੇਅੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਇਸ ਲਾਸ਼ ਸਬੰਧੀ ਕੋਈ ਰਿਕਾਰਡ ਜਾਂ ਫਾਈਲ ਨਹੀਂ ਹੈ। ਇਸ ਤੋਂ ਵੀ ਵੱਡੀ ਲਾਪ੍ਰਵਾਹੀ ਕਿ ਜਦੋਂ ਮੋਰਚਰੀ ਵਿਚ ਲਾਸ਼ ਸ਼ਿਫਟ ਕੀਤੀ ਗਈ, ਉਦੋਂ ਸਟਾਫ਼ ਵੱਲੋਂ ਫਾਈਲ ਕਿਉਂ ਨਹੀਂ ਲਈ ਗਈ। ਇਸੇ ਵਿਚਕਾਰ ਜਿਹੜੀ ਲਾਪ੍ਰਵਾਹੀ ਸਾਹਮਣੇ ਆਈ, ਸਿਵਲ ਹਸਪਤਾਲ ਦੀ ਫਾਰਮੇਸੀ ਵੱਲੋਂ ਉਕਤ ਮਰੀਜ਼ ਲਈ ਦਿੱਤੀਆਂ ਗਈਆਂ ਦਵਾਈਆਂ ਦਾ ਕੋਈ ਰਿਕਾਰਡ ਸਾਹਮਣੇ ਨਹੀਂ ਆਇਆ।

ਕਾਹਲੀ-ਕਾਹਲੀ ਵਿਚ ਫਰਜ਼ੀ ਤਾਂ ਨਹੀਂ ਬਣਾਈ ਗਈ ਫਾਈਲ?
ਜਿਵੇਂ ਕਿ ਸਿਵਲ ਹਸਪਤਾਲ ਵੱਲੋਂ ਪੁਲਸ ਨੂੰ ਜਾਣਕਾਰੀ ਦਿੱਤੀ ਗਈ ਕਿ ਕੋਈ ਅਣਪਛਾਤਾ ਵਿਅਕਤੀ ਜ਼ਖ਼ਮੀ ਨੂੰ ਹਸਪਤਾਲ ਵਿਚ ਛੱਡ ਕੇ ਚਲਾ ਗਿਆ ਤਾਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਜ਼ਖ਼ਮੀ ਵਿਅਕਤੀ ਦੀ ਫਾਈਲ ਕਿਸ ਨੇ ਬਣਵਾਈ ਅਤੇ ਜ਼ਖ਼ਮੀ ਦਾ ਨਾਂ-ਪਤਾ, ਜੋਕਿ ਪੁਲਸ ਨੂੰ ਦੱਸਿਆ ਗਿਆ, ਇਹ ਕਿਸ ਨੇ ਫਾਈਲ ਵਿਚ ਲਿਖਵਾਇਆ। ਉਥੇ ਹੀ, ਇਹ ਵੀ ਸਵਾਲ ਉੱਠ ਰਿਹਾ ਹੈ ਕਿ ਕਿਤੇ ਬਾਅਦ ਵਿਚ ਜਿਹੜੀ ਫਾਈਲ ਪੁਲਸ ਨੂੰ ਸੌਂਪੀ ਗਈ, ਮਾਮਲਾ ਮੀਡੀਆ ਵਿਚ ਆਉਣ ਤੋਂ ਬਾਅਦ ਫਰਜ਼ੀ ਤਾਂ ਤਿਆਰ ਨਹੀਂ ਕੀਤੀ ਗਈ ਸੀ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਘਰ 'ਚ ਅੱਗ ਲੱਗਣ ਕਾਰਨ ਮੈਡੀਕਲ ਸਟੋਰ ਮਾਲਕ ਦੀ ਮੌਤ

ਪੁਲਸ ਨੇ ਲਾਪ੍ਰਵਾਹੀਆਂ ਦਾ ਨਹੀਂ ਲਿਆ ਨੋਟਿਸ
ਸਮਾਜ-ਸੇਵੀਆਂ ਦਾ ਕਹਿਣਾ ਹੈ ਕਿ ਪੁਲਸ ਕਾਰਵਾਈ ਕਰਦੀ ਤਾਂ ਮ੍ਰਿਤਕ ਨੂੰ ਇਨਸਾਫ ਮਿਲ ਸਕਦਾ ਸੀ। ਉਨ੍ਹਾਂ ਦੱਸਿਆ ਕਿ ਪੁਲਸ ਨੇ ਸਿਵਲ ਹਸਪਤਾਲ ਵਿਚ ਵਿਅਕਤੀ ਦੀ ਮੌਤ ਅਤੇ ਉਸ ਤੋਂ ਬਾਅਦ ਲਾਸ਼ ਦੀ ਹੋਈ ਦੁਰਗਤੀ ਨੂੰ ਲੈ ਕੇ ਜਿਹੜੀਆਂ ਲਾਪ੍ਰਵਾਹੀਆਂ ਸਾਹਮਣੇ ਆਈਆਂ ਸਨ, ਉਨ੍ਹਾਂ ਨੂੰ ਗੰਭੀਰਤਾ ਨਾਲ ਲਿਆ ਹੁੰਦਾ ਤਾਂ ਮ੍ਰਿਤਕ ਨੂੰ ਇਨਸਾਫ਼ ਮਿਲ ਸਕਦਾ ਸੀ ਅਤੇ ਲਾਸ਼ ਦਾ ਪਰਿਵਾਰ ਵੱਲੋਂ ਸਸਕਾਰ ਕਰਵਾਇਆ ਜਾਂਦਾ ਪਰ ਪੁਲਸ ਨਾਂ-ਪਤਾ ਸਹੀ ਨਾ ਹੋਣ ਕਾਰਨ ਅੱਗੇ ਹੀ ਨਹੀਂ ਵਧੀ ਅਤੇ ਲਾਸ਼ ਦਾ ਅੰਤਿਮ ਸੰਸਕਾਰ ਕਰਕੇ ਕੇਸ ਬੰਦ ਕਰ ਦਿੱਤਾ ਗਿਆ।

ਕੀ ਕਹਿੰਦੇ ਹਨ ਸਮਾਜ-ਸੇਵੀ ਸੰਜੇ ਸਹਿਗਲ
ਰਾਜਪਾਲ ਦਫ਼ਤਰ ਵੱਲੋਂ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਅਤੇ ਹੈਲਥ ਸੈਕਟਰੀ ਕੁਮਾਰ ਰਾਹੁਲ ਨੂੰ ਲਾਸ਼ ਦੀ ਦੁਰਗਤੀ ਦੇ ਮਾਮਲੇ ਵਿਚ ਇਨਵੈਸਟੀਗੇਸ਼ਨ ਕਰਵਾਏ ਜਾਣ ਸਬੰਧੀ ਕਹੇ ਜਾਣ ’ਤੇ ਸਮਾਜ-ਸੇਵੀ ਸੰਜੇ ਸਹਿਗਲ ਨੇ ਕਿਹਾ ਕਿ ਸਿਵਲ ਹਸਪਤਾਲ ਵਿਚ ਸਾਹਮਣੇ ਆ ਰਹੀਆਂ ਲਾਪ੍ਰਵਾਹੀਆਂ ਦਾ ਕੋਈ ਅੰਤ ਨਹੀਂ ਹੈ ਪਰ ਲਾਪ੍ਰਵਾਹੀ ਉਜਾਗਰ ਹੋਣ ਤੋਂ ਬਾਅਦ ਡਿਪਟੀ ਡਾਇਰੈਕਟਰ-ਕਮ-ਮੈਡੀਕਲ ਸੁਪਰਿੰਟੈਂਡੈਂਟ ਗੀਤਾ ਕਟਾਰੀਆ ਵੱਲੋਂ ਸਖ਼ਤ ਕਾਰਵਾਈ ਨਾ ਕਰਨਾ ਕਈ ਤਰ੍ਹਾਂ ਦੇ ਸਵਾਲ ਪੈਦਾ ਕਰਦਾ ਹੈ, ਜਿਵੇਂ ਕਿ ਉਹ ਡਿਪਟੀ ਡਾਇਰੈਕਟਰ-ਕਮ-ਮੈਡੀਕਲ ਸੁਪਰਿੰਟੈਂਡੈਂਟ ਨੂੰ ਸਵਾਲ ਕਰ ਹੀ ਚੁੱਕੇ ਹਨ ਕਿ ਸ਼ੱਕ ਹੈ ਕਿ ਮਰੀਜ਼, ਜੋ ਐਮਰਜੈਂਸੀ ਵਾਰਡ ਸਿਵਲ ਹਸਪਤਾਲ ਜਲੰਧਰ ਵਿਚ ਭਰਤੀ ਸੀ ਅਤੇ ਅਗਲੇ ਦਿਨ ਉਸ ਦੀ ਮੌਤ ਹੋ ਗਈ, ਉਸ ਨੂੰ 50 ਦਿਨਾਂ ਤਕ ਸਿਵਲ ਹਸਪਤਾਲ ਜਲੰਧਰ ਵਿਚ ਅਣਪਛਾਤੇ ਢੰਗ ਨਾਲ ਕਿਉਂ ਰੱਖਿਆ ਗਿਆ ਅਤੇ ਸਿਵਲ ਹਸਪਤਾਲ ਦੇ ਅਧਿਕਾਰੀ, ਡਿਪਟੀ ਡਾਇਰੈਕਟਰ-ਕਮ-ਮੈਡੀਕਲ ਸੁਪਰਡੈਂਟ 72 ਘੰਟਿਆਂ ਅੰਦਰ ਪੁਲਸ ਨੂੰ ਸਮੇਂ ’ਤੇ ਸੂਚਿਤ ਕਰਨ ’ਤੇ ਅਸਫ਼ਲ ਕਿਉਂ ਰਹੇ।

ਇਹ ਵੀ ਪੜ੍ਹੋ- ਇਕ ਵਾਰ ਫਿਰ ਵੱਡੀ ਮੁਸੀਬਤ 'ਚ ਘਿਰਿਆ ਜਲੰਧਰ ਦਾ ਮਸ਼ਹੂਰ ਕੁੱਲ੍ਹੜ ਪਿੱਜ਼ਾ ਕੱਪਲ

ਉਥੇ ਹੀ, ਡਿਪਟੀ ਡਾਇਰੈਕਟਰ-ਕਮ-ਮੈਡੀਕਲ ਸੁਪਰਿੰਟੈਂਡੈਂਟ ਸਿਵਲ ਹਸਪਤਾਲ ਜਲੰਧਰ ਵੱਲੋਂ ਮੀਡੀਆ ਵਿਚ ਕੋਈ ਖ਼ਬਰ ਜਾਂ ਇਸ਼ਤਿਹਾਰ ਕਿਉਂ ਨਹੀਂ ਛਪਵਾਇਆ ਗਿਆ। ਅਜਿਹੇ ਵਿਚ ਇਹ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਿਵਲ ਹਸਪਤਾਲ ਜਲੰਧਰ ਵਿਚ ਮਨੁੱਖੀ ਅੰਗਾਂ ਦੀ ਸਮੱਗਲਿੰਗ ਅਤੇ ਅਣਪਛਾਤੀਆਂ ਲਾਸ਼ਾਂ ਦੇ ਅੰਗਾਂ ਦਾ ਨਾਜਾਇਜ਼ ਵਪਾਰ ਕੀਤਾ ਜਾਂਦਾ ਹੈ।  ਉਨ੍ਹਾਂ ਕਿਹਾ ਕਿ ਰਾਸ਼ਟਰੀ ਪ੍ਰਿੰਟ ਮੀਡੀਆ 'ਪੰਜਾਬ ਕੇਸਰੀ' ਵਿਚ ਛਪੀ ਖਬਰ ਕਲੀਪਿੰਗ ਦਾ ਸੰਦਰਭ ਤੁਹਾਡੀ ਜਾਂਚ ਅਤੇ ਲਾਪ੍ਰਵਾਹੀ, ਨਾਜਾਇਜ਼ ਗਤੀਵਿਧੀਆਂ ਵਿਚ ਸ਼ਾਮਲ ਸਾਰੇ ਮੁਲਜ਼ਮਾਂ ਖ਼ਿਲਾਫ਼ ਤੁਰੰਤ ਕਾਰਵਾਈ ਲਈ ਨੱਥੀ ਹੈ। ਸਾਰੇ ਸਬੰਧਤ ਐਮਰਜੈਂਸੀ ਡਾਕਟਰ ਜਿਹੜੇ ਉਸ ਦਿਨ ਡਿਊਟੀ ’ਤੇ ਸਨ, ਡਿਪਟੀ ਡਾਇਰੈਕਟਰ-ਕਮ-ਮੈਡੀਕਲ ਸੁਪਰਿੰਟੈਂਡੈਂਟ ਸਿਵਲ ਹਸਪਤਾਲ ਜਲੰਧਰ ਇਸ ਗੰਭੀਰ ਲਾਪ੍ਰਵਾਹੀ ਲਈ ਜ਼ਿੰਮੇਵਾਰ ਹਨ ਅਤੇ ਇਸ ਵਿਚ ਸ਼ਾਮਲ ਸਾਰੇ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਅਪਰਾਧਿਕ ਕਾਰਵਾਈ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਇਕ ਗੰਭੀਰ ਜੁਰਮ ਹੈ ਕਿ ਸਿਵਲ ਹਸਪਤਾਲ ਜਲੰਧਰ ਵਿਚ ਜ਼ਿੰਦਾ ਮਰੀਜ਼ ਨੂੰ ਭਰਤੀ ਕਰਵਾਇਆ ਗਿਆ ਅਤੇ ਮੌਤ ਉਪਰੰਤ ਉਸ ਨੂੰ ਅਣਪਛਾਤੀ ਐਲਾਨ ਦਿੱਤਾ ਗਿਆ ਅਤੇ ਡਿਪਟੀ ਡਾਇਰੈਕਟਰ-ਕਮ-ਮੈਡੀਕਲ ਸੁਪਰਿੰਟੈਂਡੈਂਟ ਜਲੰਧਰ ਨੇ 50ਵੇਂ ਦਿਨ ਭਾਵ 4 ਜੁਲਾਈ 2024 ਨੂੰ ਪੁਲਸ ਨੂੰ ਸੂਚਿਤ ਕੀਤਾ।

ਸਿਹਤ ਵਿਭਾਗ ਨੇ ਕੋਈ ਜ਼ਿੰਮੇਵਾਰੀ ਤੈਅ ਨਹੀਂ ਕੀਤੀ ਹੈ ਅਤੇ ਦੋਸ਼ੀ ਡਾਕਟਰਾਂ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਅਣਪਛਾਤੀਆਂ ਲਾਸ਼ਾਂ ਦੇ ਅੰਗਾਂ ਦਾ ਵਪਾਰ ਜੋ ਟੀ. ਐੱਚ. ਓ. ਟੀ. ਏ. (ਮਨੁੱਖੀ ਅੰਗਾਂ ਅਤੇ ਟਿਸ਼ੂਜ਼ ਦਾ ਟਰਾਂਸਪਲਾਂਟੇਸ਼ਨ ਐਕਟ) 1994 ਅਤੇ ਇਸਦੇ ਅਧੀਨ ਨਿਯਮਾਂ ਦੀ ਵਿਵਸਥਾ ਦਾ ਉਲੰਘਣ ਹੈ।

ਇਹ ਵੀ ਪੜ੍ਹੋ- ਔਰਤ ਨੇ ਤਾਂਤਰਿਕ 'ਤੇ ਕੀਤਾ ਅੰਨ੍ਹਾ ਵਿਸ਼ਵਾਸ, ਫਿਰ ਹੋਇਆ ਉਹ ਜੋ ਸੋਚਿਆ ਨਾ ਸੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News