ਸੀ. ਆਈ. ਡੀ. ਦੇ ਸਬ-ਇੰਸਪੈਕਟਰ ਨੂੰ ਕਤਲ ਕਰਨ ਵਾਲੇ 4 ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ
Friday, Jun 26, 2020 - 06:32 PM (IST)

ਅਬੋਹਰ (ਸੁਨੀਲ) : ਨਗਰ ਥਾਣਾ ਨੰ. 1 ਪੁਲਸ ਨੇ ਬੀਤੇ ਦਿਨੀਂ ਸੀ. ਆਈ. ਡੀ. ਯੂਨਿਟ ਫਾਜ਼ਿਲਕਾ ਦੇ ਸਬ-ਇੰਸਪੈਕਟਰ ਗੁਰਵਿੰਦਰ ਸਿੰਘ ਦੀ ਹੱਤਿਆ ਦੇ ਮਾਮਲੇ 'ਚ 4 ਅਣਪਛਾਤੇ ਨੌਜਵਾਨਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਸਬ-ਇੰਸਪੈਕਟਰ ਹਰਬੰਸ ਸਿੰਘ ਕਰ ਰਹੇ ਹਨ। ਜਾਣਕਾਰੀ ਅਨੁਸਾਰ ਨਗਰ ਥਾਣਾ ਨੰ. 1 ਦੀ ਪੁਲਸ ਨੂੰ ਦਿੱਤੇ ਬਿਆਨਾਂ 'ਚ ਸੁਖਚਰਣ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਗਲੀ ਨੰ. 1 ਬਸੰਤ ਨਗਰ ਨੇ ਦੱਸਿਆ ਕਿ ਬੁੱਧਵਾਰ 24 ਜੂਨ ਰਾਤ ਕਰੀਬ 10 ਵਜੇ ਉਹ ਅਤੇ ਉਸਦਾ ਲੜਕਾ ਗੁਰਵਿੰਦਰ ਸਿੰਘ ਖਾਣਾ ਖਾਣ ਬਾਅਦ ਸੀਤੋ ਰੋਡ 'ਤੇ ਸੈਰ ਕਰ ਰਹੇ ਸਨ ਕਿ ਉਸਦਾ ਬੇਟਾ ਗੁਰਵਿੰਦਰ ਸਿੰਘ ਸੀਤੋ ਰੋਡ 'ਤੇ ਸਥਿਤ ਕੁਈਨ ਬਿਊਟੀ ਪਾਰਲਰ ਸਾਹਮਣੇ ਪੌੜੀਆਂ 'ਤੇ ਬੈਠ ਗਿਆ ਅਤੇ ਉਹ ਉਥੇ ਨੇੜੇ ਹੀ ਸੈਰ ਕਰਦਾ ਰਿਹਾ। ਉਦੋਂ ਇਕ ਚਿੱਟੇ ਰੰਗ ਦੀ ਕਾਰ ਉਥੇ ਆ ਕੇ ਰੁਕੀ। ਜਿਸ 'ਚ 4 ਨੌਜਵਾਨ ਸਵਾਰ ਸੀ।
ਕਾਰ 'ਚੋਂ 3 ਨੌਜਵਾਨ ਹੇਠਾਂ ਉਤਰੇ ਅਤੇ ਉਨ੍ਹਾਂ ਨੇ ਗੁਰਵਿੰਦਰ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਗੋਲੀਆਂ ਦੀ ਆਵਾਜ਼ ਸੁਣ ਕੇ ਉਹ ਗੁਰਵਿੰਦਰ ਵੱਲ ਭੱਜਿਆ ਉਦੋਂ ਤਿੰਨੇ ਨੌਜਵਾਨ ਕਾਰ 'ਚ ਸਵਾਰ ਹੋ ਕੇ ਫਰਾਰ ਹੋ ਗਏ। ਉਹ ਆਪਣੇ ਪੁੱਤਰ ਨੂੰ ਸਰਕਾਰੀ ਹਸਪਤਾਲ 'ਚ ਲੈ ਕੇ ਆਏ ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਥਾਣਾ ਨੰ. 1 ਦੀ ਪੁਲਸ ਨੇ ਸੁਖਚਰਣ ਸਿੰਘ ਦੇ ਬਿਆਨਾਂ 'ਤੇ 4 ਅਣਪਛਾਤੇ ਨੌਜਵਾਨਾਂ ਵਿਰੁੱਧ ਆਈ. ਪੀ. ਸੀ. ਦੀ ਧਾਰਾ 302, 34, 120ਬੀ ਅਤੇ ਅਸਲਾ ਐਕਟ ਦੀ ਧਾਰਾ 25, 27, 54, 59 ਤਹਿਤ ਮਾਮਲਾ ਦਰਜ ਕਰ ਲਿਆ ਹੈ।