ਫੈਕਟਰੀਆਂ ’ਚ ਕੰਮ ਨਹੀਂ ਕਰਨਾ ਚਾਹੁੰਦੇ ਹਨ ਚੀਨੀ ਨੌਜਵਾਨ, ਉਦਯੋਗਾਂ ਦੇ ਉਤਪਾਦਨ ’ਤੇ ਸੰਕਟ ਦੇ ਬੱਦਲ

Thursday, Nov 24, 2022 - 06:17 PM (IST)

ਫੈਕਟਰੀਆਂ ’ਚ ਕੰਮ ਨਹੀਂ ਕਰਨਾ ਚਾਹੁੰਦੇ ਹਨ ਚੀਨੀ ਨੌਜਵਾਨ, ਉਦਯੋਗਾਂ ਦੇ ਉਤਪਾਦਨ ’ਤੇ ਸੰਕਟ ਦੇ ਬੱਦਲ

ਜਲੰਧਰ (ਇੰਟਨਰੈਸ਼ਨਲ ਡੈਸਕ)-ਲੱਖਾਂ ਚੀਨੀ ਨੌਜਵਾਨ ਹੁਣ ਫੈਕਟਰੀਆਂ ਵਿਚ ਕੰਮ ਕਰਨ ਤੋਂ ਹਾਏ ਤੌਬਾ ਕਰਨ ਲੱਗੇ ਹਨ। ਇਨ੍ਹਾਂ ਨੌਜਵਾਨਾਂ ਨੇ ਫੈਕਟਰੀ ਮਾਲਕਾਂ ਦੇ ਸਾਹਮਣੇ ਸੰਕਟ ਖੜ੍ਹਾ ਕਰ ਦਿੱਤਾ ਹੈ। ਕਿਉਂਕਿ ਉਨ੍ਹਾਂ ਦੇ ਕੋਲ ਕੰਮ ਕਰਨ ਵਾਲੇ ਲੋਕ ਘੱਟ ਹੁੰਦੇ ਜਾ ਰਹੇ ਹਨ। ਇਹ ਚੀਨੀ ਫੈਕਟਰੀ ਮਾਲਕ ਦੁਨੀਆ ਦੀ ਕੁਲ ਖਪਤ ਦਾ ਲਗਭਗ ਇਕ ਤਿਹਾਈ ਉਤਪਾਦਨ ਕਰਦੇ ਹਨ। ਇਕ ਰਿਪੋਰਟ ਮੁਤਾਬਕ ਨੌਜਵਾਨਾਂ ਦੀਆਂ ਤਰਜ਼ੀਹਾਂ ਬਦਲ ਗਈਆਂ ਹਨ। ਘੱਟ ਆਮਦਨ ਵਾਲੀਆਂ ਨੌਕਰੀਆਂ ਕਰਨ ਦੀ ਥਾਂ ਉਹ ਚੰਗੀ ਪੜ੍ਹਾਈ ਕਰਨਾ ਚਾਹੁੰਦੇ ਹਨ। ਇਸ ਸਾਲ 46 ਲੱਖ ਚੀਨੀਆਂ ਨੇ ਪੋਸਟ ਗ੍ਰੈਜੂਏਟ ਡਿਗਰੀ ਲਈ ਅਰਜ਼ੀਆਂ ਦਿੱਤੀਆਂ ਹਨ ਜੋ ਕਿ ਇਕ ਰਿਕਾਰਡ ਹੈ। ਇਸੇ ਮਹੀਨੇ ਸਰਕਾਰੀ ਮੀਡੀਆ ਵਿਚ ਛਪੀ ਇਕ ਰਿਪੋਰਟ ਦੱਸਦੀ ਹੈ ਕਿ ਹਰ ਸਰਕਾਰੀ ਨੌਕਰੀ ਲਈ ਔਸਤਨ 6 ਹਜ਼ਾਰ ਅਜ਼ਰੀਆਂ ਆ ਰਹੀਆਂ ਹਨ। ਚੀਨ 80 ਫ਼ੀਸਦੀ ਤੋਂ ਜ਼ਿਆਦਾ ਨਿਰਮਾਣ ਕਾਮਿਆਂ ਦੀ ਕਮੀ ਨਾਲ ਜੂਝ ਰਿਹਾ ਹੈ। ਮਜਦੂਰਾਂ ਦੀ ਇਹ ਕਮੀ ਲੱਖਾਂ ਤੋਂ ਲੈ ਕੇ ਕਰੋੜਾਂ ਵਿਚ ਹੈ। ਸੀ. ਆਈ. ਆਈ. ਸੀ. ਕੰਸਲਟਿੰਗ ਦਾ ਇਕ ਸਰਵੇਖਣ ਦੱਸਦਾ ਹੈ ਕਿ ਜਿੰਨੇ ਕਾਮਿਆਂ ਦੀ ਲੋੜ ਹੈ ਉਸਦੇ 10 ਤੋਂ 30 ਫੀਸਦੀ ਦੀ ਕਮੀ ਹੈ।

ਕੀ ਹੈ ਫੈਕਟਰੀ ਮਾਲਕਾਂ ਦੀ ਸਮੱਸਿਆ

ਫੈਕਟਰੀ ਮਾਲਕਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਨੌਜਵਾਨ ਮਜਦੂਰ ਮਿਲਣਗੇ ਤਾਂ ਉਹ ਜ਼ਿਆਦਾ ਤੇਜ਼ੀ ਨਾਲ ਅਤੇ ਜ਼ਿਆਦਾ ਮਾਤਰਾ ਵਿਚ ਉਤਪਾਦਨ ਕਰ ਸਕਣਗੇ, ਪਰ ਇਸਦੇ ਲਈ ਉਨ੍ਹਾਂ ਨੂੰ ਨੌਜਵਾਨਾਂ ਦੀ ਜ਼ਿਆਦਾ ਤਨਖਾਹਾਂ ਦੇਣੀਆਂ ਪੈਣਗੀਆਂ ਅਤੇ ਕੰਮ ਦੇ ਹਾਲਾਤ ਵੀ ਬੇਹਤਰ ਕਰਨੇ ਹੋਣਗੇ, ਤਾਂ ਹੀ ਨੌਜਵਾਨ ਇਸ ਕੰਮ ਵੱਲ ਆਕਰਸ਼ਿਤ ਹੋਣਗੇ। ਇਕ ਹੋਰ ਬਦਲ ਆਟੋਮੇਸ਼ਨ ਹੈ ਪਰ ਛੋਟੇ ਉਦਯੋਗ ਕਹਿੰਦੇ ਹਨ ਕਿ ਆਟੋਮੇਸ਼ਨ ਤਕਨੀਕ ਵਿਚ ਨਿਵੇਸ਼ ਜਾਂ ਤਾਂ ਸਹਿਣ ਯੋਗ ਨਹੀਂ ਹੈ ਜਾਂ ਫਿਰ ਵਿਵਹਾਰਿਕ ਨਹੀਂ ਕਿਉਂਕਿ ਮਹਿੰਗਾਈ ਕਾਰਨ ਚੀਨ ਦੀ ਵੱਡੀ ਬਰਾਮਦ (ਐਕਸਪੋਰਟ) ਬਾਜ਼ਾਰਾਂ ਵਿਚ ਮੰਗ ਘੱਟ ਹੋ ਰਹੀ ਹੈ।

ਇਹ ਵੀ ਪੜ੍ਹੋ : ਜਲੰਧਰ ਵਿਖੇ ਵੱਡਾ ਹਾਦਸਾ, ਸੰਗਤ ਨਾਲ ਭਰੀ ਟਰੈਕਟਰ-ਟਰਾਲੀ ਟਰੱਕ 'ਚ ਵੱਜੀ, ਵੇਂਈ 'ਚ ਡਿੱਗਾ ਵਾਹਨ

ਚੀਨ ਦੇ ਸਿਖਿਆ ਮੰਤਰਾਲਾ ਦਾ ਅਨੁਮਾਨ ਹੈ ਕਿ 2025 ਤੱਕ ਮੈਨਿਊਫੈਕਚਰਿੰਗ ਵਿਚ 3 ਕਰੋੜ ਮਜਦੂਰਾਂ ਦੀ ਕਮੀ ਹੋਵੇਗੀ ਜੋ ਕਿ ਆਸਟ੍ਰੇਲੀਆ ਦੀ ਕੁਲ ਆਬਾਦੀ ਦੇ ਬਰਾਬਰ ਹੈ। ਕਾਗਜ਼ਾਂ ’ਤੇ ਦੇਖਿਆ ਜਾਵੇ ਤਾਂ ਮਜਦੂਰਾਂ ਦੀ ਇਹ ਕਮੀ ਕਿਤੇ ਨਜ਼ਰ ਨਹੀਂ ਆਉਂਦੀ ਹੈ। ਚੀਨ ਵਿਚ 16 ਤੋਂ 24 ਸਾਲ ਦੇ ਲਗਭਗ 18 ਫੀਸਦੀ ਨੌਜਵਾਨ ਬੇਰੋਜ਼ਗਾਰ ਹਨ। ਕੋਵਿਡ ਕਾਰਨ ਦੇਸ਼ ਦੀ ਆਰਥਿਕਤਾ ਹਿੱਲੀ ਹੋਈ ਹੈ। ਪ੍ਰਾਪਰਟੀ ਮਾਰਕੀਟ ਵਿਚ ਗਿਰਾਵਟ ਅਤੇ ਤਕਨੀਕੀ ਤੇ ਹੋਰ ਨਿੱਜੀ ਖੇਤਰਾਂ ’ਤੇ ਸਰਕਾਰੀ ਨਿਯਮਾਂ ਦੀ ਸਖਤੀ ਕਾਰਨ ਆਰਥਿਕਤਾ ਦਹਾਕਿਆਂ ਵਿਚ ਆਪਣੀ ਸਭ ਤੋਂ ਮੱਠੀ ਵਿਕਾਸ ਦਰ ’ਚੋਂ ਲੰਘ ਰਹੀ ਹੈ।

ਨੌਜਵਾਨਾਂ ਦੀਆਂ ਇੱਛਾਵਾਂ ਵਧੀਆਂ

ਦੱਖਣੀ ਚੀਨੀ ਵਿਚ ਯੂਰਪੀ ਚੈਂਬਰ ਆਫ ਕਾਮਰਸ ਦੇ ਪ੍ਰਧਾਨ ਕਲਾਉਸ ਸੇਕੇਲ ਦੋ ਦਹਾਕੇ ਪਹਿਲਾਂ ਚੀਨ ਚਲੇ ਗਏ ਸਨ, ਤਦੋਂ ਯੂਨੀਵਰਸਿਟੀ ਤੋਂ ਪਾਸ ਹੋਣ ਵਾਲੇ ਗ੍ਰੇਜੂਏਟ ਅੱਜ ਦੇ ਮੁਕਾਬਲੇ 10 ਫੀਸਦੀ ਵੀ ਨਹੀਂ ਸਨ ਅਤੇ ਦੇਸ਼ ਦੀ ਆਰਥਿਕਤਾ ਦਾ ਆਕਾਰ ਹੁਣ ਤੋਂ 15 ਗੁਣਾ ਛੋਟਾ ਸੀ। ਸੇਕੇਲ ਸ਼ੇਨਜੇਨ ਇਕ ਫੈਕਟਰੀ ਚਲਾਉਂਦੇ ਹਨ। 50 ਮਜਦੂਰਾਂ ਵਾਲੀ ਇਸ ਫੈਕਟਰੀ ਵਿਚ ਉਹ ਮੈਗਨੇਟਿਕ ਸ਼ੀਲਡ ਬਣਾਉਂਦੇ ਹਨ ਜੋ ਹਸਪਤਾਲਾਂ ਵਿਚ ਕੰਮ ਆਉਂਦੀਆਂ ਹਨ।
ਸੇਕੇਲ ਦੱਸਦੇ ਹਨ ਕਿ ਚੀਨ ਦੀ ਆਰਥਿਕਤਾ ਵਿਚ ਹਾਲ ਦੇ ਸਾਲਾਂ ਵਿਚ ਆਏ ਉਛਾਲ ਨੇ ਨੌਜਵਾਨਾਂ ਦੀਆਂ ਇੱਛਾਵਾਂ ਨੂੰ ਪਰ ਲਗਾ ਦਿੱਤੇ ਹਨ ਅਤੇ ਹੁਣ ਫੈਕਟਰੀ ਵਿਚ ਕੰਮ ਕਰਨ ਦੀ ਇੱਛਾ ਲਗਾਤਾਰ ਘੱਟ ਹੋ ਰਹੀ ਹੈ। ਉਹ ਦੱਸਦੇ ਹਨ ਕਿ ਨੌਜਵਾਨਾਂ ਲਈ ਇਹ ਕੰਮ ਕਰਨਾ ਬਹੁਤ ਸੌਖਾ ਹੈ। ਉਹ ਪੌੜੀਆਂ ’ਤੇ ਚੜ੍ਹ ਸਕਦੇ ਹਨ, ਮਸ਼ੀਨਾਂ ਨੂੰ ਆਸਾਨੀ ਨਾਲ ਸੰਭਾਲ ਸਕਦੇ ਹਨ, ਔਜਾਰਾਂ ਨਾਲ ਕੰਮ ਕਰ ਸਕਦੇ ਹਨ, ਪਰ ਸਾਡੇ ਜ਼ਿਆਦਾਤਰ ਮੁਲਾਜ਼ਮ 50 ਤੋਂ 60 ਸਾਲ ਦਰਮਿਆਨ ਹਨ। ਜਲਦੀ ਹੀ ਸਾਨੂੰ ਨੌਜਵਾਨਾਂ ਦੀ ਲੋੜ ਪਵੇਗੀ ਪਰ ਇਹ ਬਹੁਤ ਮੁਸ਼ਕਲ ਹੈ।

ਕੀ ਹੈ ਬਦਲ?

ਨਿਰਮਾਣ ਵਿਚ ਕੰਮ ਕਰਨ ਵਾਲੇ ਲੋਕ ਕਹਿੰਦੇ ਹਨ ਕਿ ਇਸ ਸਮੱਸਿਆ ਨਾਲ ਨਜਿੱਠਣ ਲਈ ਉਨ੍ਹਾਂ ਕੋਲ ਤਿੰਨ ਮੁੱਖ ਬਦਲ ਹਨ। ਉਹ ਆਪਣਾ ਮੁਨਾਫਾ ਘੱਟ ਕਰਨ ਅਤੇ ਤਨਖਾਹ ਵਧਾਈ ਤਾਂ ਜੋ ਨੌਜਵਾਨਾਂ ਨੂੰ ਆਕਰਸ਼ਿਤ ਕੀਤਾ ਜਾ ਸਕੇ, ਆਟੋਮੇਸ਼ਨ ਵਿਚ ਨਿਵੇਸ਼ ਕਰਨ, ਜਾਂ ਫਿਰ ਭਾਰਤ ਅਤੇ ਵੀਅਤਨਾਮ ਵਰਗੇ ਸਸਤੇ ਬਾਜ਼ਾਰਾਂ ਵਿਚ ਚਲੇ ਜਾਣ, ਪਰ ਇਨ੍ਹਾਂ ਤਿੰਨਾਂ ਬਦਲਾਂ ਵਿਚੋਂ ਸੌਖਾ ਕੋਈ ਵੀ ਨਹੀਂ ਹੈ। ਚੀਨ ਦੇ ਨੀਤੀ ਨਿਰਮਾਤਾ ਆਟੋਮੇਸ਼ਨ ’ਤੇ ਜ਼ੋਰ ਦਿੰਦੇ ਹਨ ਅਤੇ ਬੁੱਢੇ ਹੁੰਦੇ ਮਜਦੂਰਾਂ ਦੀ ਸਮੱਸਿਆ ਨੂੰ ਮਸ਼ੀਨੀ ਆਧੁਨਿਕੀਕਰਨ ਨਾਲ ਹੱਲ ਕਰਨ ’ਤੇ ਜ਼ੋਰ ਦਿੰਦੇ ਹਨ। ਇਲੈਕਟ੍ਰਿਕ ਬੈਟਰੀ ਦੇ ਖੇਤਰ ਵਿਚ ਕੰਮ ਕਰਨ ਵਾਲੇ ਫੈਕਟਰੀ ਮਾਲਕ ਲੂ ਦੱਸਦੇ ਹਨ ਕਿ ਉਨ੍ਹਾਂ ਨੇ ਆਧੁਨਿਕ ਮਸ਼ੀਨਾਂ ਵਿਚ ਨਿਵੇਸ਼ ਕੀਤਾ, ਪਰ ਇਸਦੇ ਕਾਰਨ ਉਨ੍ਹਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਉਹ ਦੱਸਦੇ ਹਨ ਕਿ ਵੱਡੀ ਉਮਰ ਦੇ ਮਜਦੂਰ ਨਹੀਂ ਤਕਨੀਕ ਨੂੰ ਨਹੀਂ ਸਮਝਦੇ ਹਨ ਅਤੇ ਉਹ ਤੇਜ਼ੀ ਨਾਲ ਕੰਮ ਨਹੀਂ ਕਰ ਸਕਦੇ ਹਨ।

ਇਹ ਵੀ ਪੜ੍ਹੋ : ਜਲੰਧਰ ਦਾ ਮੁੰਡਾ ਬਣਾਉਂਦੈ ਲਾਜਵਾਬ Pizza,ਪਿਓ ਦੀ ਮੌਤ ਮਗਰੋਂ ਅੰਦਰੋਂ ਟੁੱਟਿਆ ਪਰ ਮਾਂ ਦੇ ਹੌਂਸਲੇ ਨਾਲ ਫਿਰ ਭਰੀ ਉਡਾਣ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

shivani attri

Content Editor

Related News