''ਮੰਮੀ-ਡੈਡੀ ਮੁਆਫ਼ ਕਰਨਾ ਮੈਂ ਹੋਰ ਬਰਦਾਸ਼ਤ ਨਹੀਂ ਕਰ ਸਕਦੀ'', ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ
Friday, Nov 14, 2025 - 12:33 PM (IST)
ਮੋਹਾਲੀ (ਜੱਸੀ) : ਇੱਥੇ ਸੈਕਟਰ-82 ’ਚ ਕਿਰਾਏ ਦੇ ਮਕਾਨ ’ਚ ਰਹਿ ਰਹੀ ਮੈਡੀਕਲ ਵਿਦਿਆਰਥਣ ਨੇ ਦੇਰ ਸ਼ਾਮ ਨੂੰ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਮੂਲ ਤੌਰ ’ਤੇ ਜੰਮੂ ਦੀ ਰਹਿਣ ਵਾਲੀ ਨੀਤਿਕਾ ਸ਼ਰਮਾ (18) ਵਜੋਂ ਹੋਈ ਹੈ। ਉਹ ਮੋਹਾਲੀ ਦੇ ਨਿੱਜੀ ਕਾਲਜ ’ਚ ਮੈਡੀਕਲ ਦੀ ਪੜ੍ਹਾਈ ਕਰ ਰਹੀ ਸੀ। ਇਸ ਸਬੰਧੀ ਪੁਲਸ ਨੇ ਦੱਸਿਆ ਕਿ ਘਟਨਾ ਵਾਲੀ ਜਗਾ ਤੋਂ ਹੱਥ ਨਾਲ ਲਿਖਿਆ ਖ਼ੁਦਕੁਸ਼ੀ ਨੋਟ ਬਰਾਮਦ ਹੋਇਆ ਹੈ। ਇਸ ’ਚ ਲਿਖਿਆ ਹੈ ਕਿ ਮੰਮੀ-ਡੈਡੀ ਮਾਫ਼ ਕਰਨਾ, ਮੈਂ ਇਸ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦੀ। ਇਸ ਨੋਟ ’ਚ ਡੂੰਘੀ ਪਰੇਸ਼ਾਨੀ ਦਾ ਸੰਕੇਤ ਦਿੱਤਾ ਗਿਆ ਸੀ। ਹਾਲਾਂਕਿ ਉਸ ਦੇ ਇਸ ਕਦਮ ਦਾ ਕਾਰਨ ਅਜੇ ਵੀ ਸਪੱਸ਼ਟ ਨਹੀਂ ਹੈ।
ਨੀਤਿਕਾ ਨੇ ਕਿਉਂ ਚੁੱਕਿਆ ਕਦਮ, ਪਤਾ ਲਗਾਉਣ ਦੀ ਕੋਸ਼ਿਸ਼ ਜਾਰੀ
ਜਾਣਕਾਰੀ ਮੁਤਾਬਕ ਸੁਸਾਈਡ ਦੀ ਜਾਣਕਾਰੀ ਉਸ ਵੇਲੇ ਮਿਲੀ, ਜਦੋਂ ਜਾਣਕਾਰਾਂ ਨੇ ਉਸ ਨੂੰ ਪੱਖੇ ਨਾਲ ਲਟਕਦੇ ਦੇਖਿਆ ਤੇ ਪੁਲਸ ਨੂੰ ਸੂਚਿਤ ਕੀਤੇ ਬਿਨਾਂ ਨੀਤਿਕਾ ਨੂੰ ਸਿਵਲ ਹਸਪਤਾਲ ਫ਼ੇਜ਼-6 ਲੈ ਗਏ। ਹਸਪਤਾਲ ਵਾਲਿਆਂ ਨੇ ਘਟਨਾ ਬਾਰੇ ਥਾਣਾ ਆਈ.ਟੀ. ਸਿਟੀ ਪੁਲਸ ਨੂੰ ਜਾਣਕਾਰੀ ਦਿੱਤੀ ਤਾਂ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਅਧਿਕਾਰੀ ਏ.ਐੱਸ.ਆਈ. ਪ੍ਰੇਮਚੰਦ ਮੁਤਾਬਕ ਨੀਤਿਕਾ ਦੇ ਕਮਰੇ ’ਚੋਂ ਨੋਟ ਬਰਾਮਦ ਕੀਤਾ ਗਿਆ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਮ੍ਰਿਤਕਾ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ-194 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਪਤਾ ਲਗਾਉਣ ਲਈ ਜਾਂਚ ਜਾਰੀ ਹੈ ਕਿ ਨੀਤਿਕਾ ਨੇ ਇਹ ਕਦਮ ਕਿਉਂ ਚੁੱਕਿਆ।
ਦੋਸਤਾਂ ਤੇ ਸਹਿਪਾਠੀਆਂ ਨਾਲ ਗੱਲ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼
ਦੂਜੇ ਪਾਸ ਨੀਤਿਕਾ ਦੀ ਮੌਤ ਕਾਰਨ ਕਾਲਜ ਦੇ ਸਾਥੀਆਂ ਤੇ ਗੁਆਂਢੀਆਂ ਨੂੰ ਡੂੰਘਾ ਸਦਮਾ ਲੱਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਨੀਤਿਕਾ ਦੇ ਫੋਨ ਦੀ ਜਾਂਚ, ਉਸ ਦੇ ਦੋਸਤਾਂ ਤੇ ਸਹਿਪਾਠੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਉਹ ਕਿਸੇ ਵਿੱਦਿਅਕ ਜਾਂ ਨਿੱਜੀ ਦਬਾਅ ਦਾ ਸਾਹਮਣਾ ਕਰ ਰਹੀ ਸੀ।
