ਮੋਗਾ ਦੇ ਨੌਜਵਾਨ ਨੇ ਵਿਦੇਸ਼ ''ਚ ਚਮਕਾਇਆ ਨਾਂ, ਬਾਡੀ ਬਿਲਡਿੰਗ ਮੁਕਾਬਲੇ ''ਚ ਜਿੱਤੇ ਦੋ ਗੋਲਡ ਮੈਡਲ
Wednesday, Nov 26, 2025 - 10:50 PM (IST)
ਮੋਗਾ - ਮੋਗਾ ਸ਼ਹਿਰ ਦੇ ਨੌਜਵਾਨ ਰੋਬਿਨ ਕੁਮਾਰ ਨੇ ਥਾਈਲੈਂਡ ਵਿੱਚ ਹੋਏ ਬਾਡੀ ਬਿਲਡਿੰਗ ਮੁਕਾਬਲੇ ਵਿੱਚ ਦੋ ਗੋਲਡ ਮੈਡਲ ਜਿੱਤ ਕੇ ਆਪਣੇ ਸ਼ਹਿਰ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਪਿਛਲੇ ਦਿਨੀਂ ਮੋਗਾ ਦੀ ਧੀ ਹਰਮਨ ਵੱਲੋਂ ਵਰਲਡ ਕੱਪ ਜਿੱਤਣ ਤੋਂ ਬਾਅਦ ਹੁਣ ਰੋਬਿਨ ਦੀ ਇਸ ਪ੍ਰਾਪਤੀ ਨੇ ਮੋਗਾ ਦਾ ਮਾਣ ਹੋਰ ਵਧਾ ਦਿੱਤਾ ਹੈ।
ਜਾਣਕਾਰੀ ਦਿੰਦੇ ਹੋਏ ਰੋਬਿਨ ਕੁਮਾਰ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਬਾਡੀ ਬਿਲਡਿੰਗ ਦੀ ਤਿਆਰੀ ਕਰ ਰਿਹਾ ਹੈ। 8 ਮਹੀਨੇ ਪਹਿਲਾਂ ਉਹ ਸਿੰਗਾਪੁਰ ਵਿੱਚ ਹੋਏ ਮੁਕਾਬਲੇ ਵਿੱਚ ਹਿੱਸਾ ਲੈਣਾ ਚਾਹੁੰਦਾ ਸੀ ਪਰ ਨਹੀਂ ਜਾ ਸਕਿਆ। ਬਾਅਦ ਵਿੱਚ ਥਾਈਲੈਂਡ ਵਿੱਚ ਮੌਕਾ ਮਿਲਣ ’ਤੇ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੋ ਸੋਨੇ ਦੇ ਤਗਮੇ ਹਾਸਲ ਕੀਤੇ।
ਉਸ ਨੇ ਦੱਸਿਆ ਕਿ ਸਰਕਾਰਾਂ ਵੱਲੋਂ ਬਾਡੀ ਬਿਲਡਿੰਗ ਵਰਗੀਆਂ ਖੇਡਾਂ ਨੂੰ ਘੱਟ ਮਹੱਤਵ ਦਿੱਤਾ ਜਾਂਦਾ ਹੈ ਜਦਕਿ ਕਈ ਹੋਰ ਖੇਡਾਂ ਨੂੰ ਤਰਜੀਹ ਮਿਲਦੀ ਹੈ। ਉਸ ਨੇ ਉਮੀਦ ਜਤਾਈ ਕਿ ਭਵਿੱਖ ਵਿੱਚ ਸਰਕਾਰਾਂ ਇਸ ਖੇਡ ਵੱਲ ਵੀ ਧਿਆਨ ਦੇਣਗੀਆਂ। ਰੋਬਿਨ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਦਾ ਸੰਦੇਸ਼ ਵੀ ਦਿੱਤਾ ਤਾਂ ਜੋ ਉਹ ਆਪਣੇ ਅਤੇ ਦੇਸ਼ ਦੇ ਨਾਮ ਨੂੰ ਚਮਕਾ ਸਕਣ।
