ਪਤਨੀ ਅਤੇ ਸਾਲੇ ਵੱਲੋਂ ਪਰੇਸ਼ਾਨ ਕਰਨ ’ਤੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
Monday, Nov 24, 2025 - 11:24 AM (IST)
ਖਰੜ (ਰਣਬੀਰ) : ਪਿੰਡ ਸਵਾੜਾ ਦੇ ਰਹਿਣ ਵਾਲੇ 36 ਸਾਲਾ ਮਨਦੀਪ ਸਿੰਘ ਨੇ ਆਪਣੀ ਪਤਨੀ ਅਤੇ ਸਾਲੇ ਵੱਲੋਂ ਲਗਾਤਾਰ ਪਰੇਸ਼ਾਨ ਕੀਤੇ ਜਾਣ ਕਾਰਨ ਕਥਿਤ ਤੌਰ ’ਤੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਮਾਂ ਨੇ ਪੁਲਸ ਨੂੰ ਬਿਆਨ ਦਿੰਦੇ ਹੋਏ ਨੂੰਹ ਅਤੇ ਉਸ ਦੇ ਭਰਾ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਜਾਣਕਾਰੀ ਅਨੁਸਾਰ ਮਨਦੀਪ ਸਿੰਘ ਦਾ ਵਿਆਹ 2016 ’ਚ ਰੂਪਨਗਰ ਜ਼ਿਲ੍ਹੇ ਦੇ ਬੇਲਾ ਦੀ ਰਹਿਣ ਵਾਲੀ ਸਰਬਜੀਤ ਕੌਰ ਨਾਲ ਹੋਇਆ ਸੀ। ਉਨ੍ਹਾਂ ਦੇ ਦੋ ਬੱਚੇ ਧੀ 7 ਸਾਲ ਦੀ ਅਤੇ ਪੁੱਤਰ 3 ਸਾਲ ਦਾ ਹੈ। ਵਿਆਹ ਤੋਂ ਇਕ ਹਫ਼ਤੇ ਬਾਅਦ ਹੀ ਸਰਬਜੀਤ ਝਗੜਾ ਕਰਕੇ ਆਪਣੇ ਮਾਪਿਆਂ ਦੇ ਘਰ ਵਾਪਸ ਆ ਗਈ।
ਫਿਰ ਪਰਿਵਾਰ ਦੇ ਸਾਰੇ ਮੈਂਬਰ ਸਰਬਜੀਤ ਕੌਰ ਦੇ ਘਰ ਗਏ ਅਤੇ ਉਸ ਦੇ ਪਰਿਵਾਰ ਨਾਲ ਗੱਲ ਕੀਤੀ ਪਰ ਉਨ੍ਹਾਂ ਨੇ ਪੰਚਾਇਤ ਕੀਤੀ ਤੇ ਸਰਬਜੀਤ ਨੂੰ ਉਸ ਦੇ ਸਹੁਰੇ ਘਰ ਵਾਪਸ ਭੇਜਣ ਤੋਂ ਇਨਕਾਰ ਕਰ ਦਿੱਤਾ। ਇਕ ਮਹੀਨੇ ਬਾਅਦ ਪਿੰਡ ਦੇ ਸਰਪੰਚ ਦੀ ਮੌਜੂਦਗੀ ’ਚ ਸਮਝੌਤਾ ਹੋਣ ਤੋਂ ਬਾਅਦ ਉਨ੍ਹਾਂ ਦੀ ਨੂੰਹ ਆਪਣੇ ਘਰ ਵਾਪਸ ਆ ਗਈ। ਇਸ ਤੋਂ ਬਾਅਦ ਵੀ ਦੋਵਾਂ ਵਿਚਕਾਰ ਝਗੜਾ ਤੇ ਟਕਰਾਅ ਜਾਰੀ ਰਿਹਾ। ਮ੍ਰਿਤਕ ਦੀ ਮਾਂ ਕਰਮਜੀਤ ਕੌਰ ਦੇ ਅਨੁਸਾਰ ਉਸ ਦੀ ਨੂੰਹ ਅਕਸਰ ਉਸ ਦੇ ਪੁੱਤਰ ਨਾਲ ਝਗੜਾ ਕਰਦੀ ਸੀ ਤੇ ਅਕਸਰ ਆਪਣੇ ਮਾਪਿਆਂ ਦੇ ਘਰ ਚਲੀ ਜਾਂਦੀ ਸੀ। ਉਸ ਦੇ ਪਰਿਵਾਰ ਵੱਲੋਂ ਵਾਰ-ਵਾਰ ਸਮਝਾਉਣ ਦੇ ਬਾਵਜੂਦ ਉਸ ਨੇ ਵਾਪਸ ਆਉਣ ਤੋਂ ਇਨਕਾਰ ਕਰ ਦਿੱਤਾ।
ਉਸ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਸਰਬਜੀਤ ਕੌਰ ਤੇ ਸਾਲਾ ਗੁਰਪ੍ਰੀਤ ਸਿੰਘ ਉਸ ਨਾਲ ਝਗੜਾ ਕਰਦੇ ਸਨ ਅਤੇ ਉਸ ’ਤੇ ਮਾਨਸਿਕ ਦਬਾਅ ਪਾਉਂਦੇ ਸਨ। ਇਕ ਵਾਰ ਗੁਰਪ੍ਰੀਤ ਸਿੰਘ ਉਨ੍ਹਾਂ ਦੇ ਘਰ ਆਇਆ ਤੇ ਉਸ ਦੀ ਕੁੱਟਮਾਰ ਕੀਤੀ, ਜਿਸ ਨਾਲ ਉਹ ਵੀ ਜ਼ਖ਼ਮੀ ਹੋ ਗਈ। ਫਿਰ ਉਸ ਨੇ ਆਪਣੀ ਧੀ ਨਾਲ 5 ਮਹੀਨੇ ਬਿਤਾਏ। ਹਾਲ ਹੀ ’ਚ 16 ਨਵੰਬਰ ਨੂੰ ਸਰਬਜੀਤ ਨੇ ਮਨਦੀਪ ਨਾਲ ਮੁੜ ਝਗੜਾ ਕੀਤਾ ਸੀ, ਜਿਸ ਕਾਰਨ ਉਹ ਮਾਨਸਿਕ ਤੌਰ ’ਤੇ ਪਰੇਸ਼ਾਨ ਸੀ।
ਇਸ ਪਰੇਸ਼ਾਨੀ ਦੇ ਚੱਲਦਿਆਂ ਮਨਦੀਪ ਨੇ ਆਪਣੀ ਪਤਨੀ ਤੇ ਸਾਲੇ ਦੀਆਂ ਧਮਕੀਆਂ ਤੋਂ ਤੰਗ ਆ ਕੇ ਜ਼ਹਿਰੀਲੀ ਦਵਾਈ ਖਾ ਲਈ। ਉਸ ਨੂੰ ਗੰਭੀਰ ਹਾਲਤ ’ਚ ਪਹਿਲਾਂ ਮੋਹਾਲੀ ਦੇ ਸਿਵਲ ਹਸਪਤਾਲ ਅਤੇ ਬਾਅਦ ’ਚ ਸੈਕਟਰ-32 ਚੰਡੀਗੜ੍ਹ ਦੇ ਜੀ. ਐੱਮ. ਸੀ. ਐੱਚ. ’ਚ ਦਾਖ਼ਲ ਕਰਵਾਇਆ ਗਿਆ। ਇਸ ਘਟਨਾ ਦੀ ਜਾਣਕਾਰੀ ਉਸ ਦੀ ਦਰਾਣੀ ਨੇ ਦਿੱਤੀ ਤੇ ਫਿਰ ਉਹ ਚੰਡੀਗੜ੍ਹ ਹਸਪਤਾਲ ਗਈ ਜਿੱਥੇ ਇਲਾਜ ਦੌਰਾਨ ਮਨਦੀਪ ਦੀ ਮੌਤ ਹੋ ਗਈ। ਮ੍ਰਿਤਕ ਦੀ ਮਾਂ ਦੇ ਬਿਆਨ ਦੇ ਆਧਾਰ ’ਤੇ ਪੁਲਸ ਨੇ ਸਰਬਜੀਤ ਕੌਰ ਅਤੇ ਗੁਰਪ੍ਰੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
