ਮਲੋਆ ’ਚ ਨੌਜਵਾਨ ’ਤੇ ਚਾਕੂ ਨਾਲ ਹਮਲਾ, ਹਸਪਤਾਲ ’ਚ ਦਾਖ਼ਲ
Tuesday, Nov 18, 2025 - 12:25 PM (IST)
ਚੰਡੀਗੜ੍ਹ (ਸੁਸ਼ੀਲ) : ਵਿਆਹ ’ਚ ਆਏ ਨੌਜਵਾਨ ਅਤੇ ਜਨਮਦਿਨ ਮਨਾ ਰਹੇ ਨੌਜਵਾਨਾਂ ਵਿਚਕਾਰ ਮਲੋਆ ਦੀ ਪਾਰਕਿੰਗ ’ਚ ਬਹਿਸ ਹੋ ਗਈ। ਬਹਿਸ ਦੌਰਾਨ ਇਕ ਨੌਜਵਾਨ ਨੇ ਚਾਕੂ ਕੱਢਿਆ ਅਤੇ ਦੂਜੀ ਧਿਰ ਦੇ ਨੌਜਵਾਨ ਨੂੰ ਮਾਰ ਦਿੱਤਾ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜ਼ਖਮੀ ਰਵੀ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ। ਕਰਨ ਦੇ ਬਿਆਨ ਦੇ ਆਧਾਰ ’ਤੇ ਮਲੋਆ ਪੁਲਸ ਨੇ ਨੀਸ਼ੂ, ਬ੍ਰਿੰਦਰ, ਘੋਸਲਾ ਅਤੇ ਗੰਜੂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਮਲੋਆ ਦੇ ਰਹਿਣ ਵਾਲੇ ਕਰਨ ਨੇ ਆਪਣੀ ਸ਼ਿਕਾਇਤ ’ਚ ਦੱਸਿਆ ਹੈ ਕਿ ਉਹ ਡੀ. ਜੇ. ਦਾ ਕੰਮ ਕਰਦਾ ਹੈ। 15 ਨਵੰਬਰ ਦੀ ਰਾਤ ਨੂੰ ਉਹ ਅਤੇ ਉਸਦੇ ਦੋਸਤ ਰਵੀ, ਰੋਹਿਤ ਅਤੇ ਗੋਲੂ ਝਾਮਪੁਰ ਵਿਚ ਆਪਣੇ ਦੋਸਤ ਸਾਵਨ ਦੇ ਵਿਆਹ ਦੀ ਪਾਰਟੀ ਵਿਚ ਗਏ ਸਨ। ਉਹ ਉੱਥੋਂ ਰਾਤ 10:45 ਵਜੇ ਦੇ ਕਰੀਬ ਵਾਪਸ ਆ ਰਹੇ ਸਨ। ਉਹ ਗ੍ਰੀਨ ਬੈਲਟ ਦੇ ਨੇੜੇ ਮੰਦਰ ਦੇ ਨੇੜੇ ਇੱਕ ਪਾਰਕਿੰਗ ਵਿਚ ਰੁਕੇ। ਪਾਰਕਿੰਗ ਗੇਟ ਦੇ ਨੇੜੇ 6 ਤੋਂ 7 ਨੌਜਵਾਨ ਕੇਕ ਕੱਟ ਰਹੇ ਸਨ ਅਤੇ ਸ਼ਰਾਬ ਪੀ ਰਹੇ ਸਨ।
ਉਨ੍ਹਾਂ ਵਿਚੋਂ ਇੱਕ ਨੇ ਰਵੀ ਨੂੰ ਦੇਖ ਕੇ ਉਸ ਬਾਰੇ ਟਿੱਪਣੀ ਕੀਤੀ। ਇਸ ਨਾਲ ਉਹ ਗੁੱਸੇ ਵਿਚ ਆ ਗਏ, ਜਿਸ ਕਾਰਨ ਬਹਿਸ ਹੋਈ ਜੋ ਲੜਾਈ ਵਿਚ ਬਦਲ ਗਈ। ਲੜਾਈ ਦੌਰਾਨ ਨੀਸ਼ੂ ਨੇ ਰਵੀ ਦੇ ਪੇਟ ਵਿਚ ਚਾਕੂ ਮਾਰ ਦਿੱਤਾ। ਇਸ ਤੋਂ ਬਾਅਦ ਬਾਬਾ ਉਰਫ਼ ਗੰਜੂ ਨੇ ਰਵੀ ਦੀ ਛਾਤੀ ਵਿਚ ਚਾਕੂ ਮਾਰਿਆ ਅਤੇ ਬ੍ਰਿੰਦਰ ਨੇ ਵੀ ਹਮਲਾ ਕਰ ਦਿੱਤਾ। ਰਵੀ ’ਤੇ ਲਗਾਤਾਰ ਹਮਲਾ ਹੁੰਦੇ ਦੇਖ ਕੇ ਕਰਨ ਅਤੇ ਹੋਰ ਘਬਰਾ ਗਏ। ਸ਼ਿਕਾਇਤਕਰਤਾ ਦੇ ਅਨੁਸਾਰ ਮੁਲਜ਼ਮਾਂ ਨੀਸ਼ੂ, ਬਰਿੰਦਰ, ਘੋਸਲਾਮ ਉਰਫ਼ ਬਾਬੇ ਅਤੇ ਗੰਜੂ ਨੇ ਰਵੀ ’ਤੇ ਮਾਰਨ ਦੇ ਇਰਾਦੇ ਨਾਲ ਹਮਲਾ ਕੀਤਾ ਅਤੇ ਫਰਾਰ ਹੋ ਗਏ। ਕਰਨ ਅਤੇ ਰੋਹਿਤ ਰਵੀ ਨੂੰ ਐਕਟਿਵਾ ’ਤੇ ਹਸਪਤਾਲ ਲੈ ਗਏ। ਮਲੋਆ ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
