ਗੁਰਦਾਸਪੁਰ ''ਚ ਪਤੰਗਾਂ ਵੇਚਣ ਵਾਲੀ ਦੁਕਾਨ ਤੋਂ ਚਾਈਨਾ ਡੋਰ ਦੇ 207 ਗੱਟੂ ਬਰਾਮਦ

Wednesday, Dec 28, 2022 - 03:01 PM (IST)

ਗੁਰਦਾਸਪੁਰ ''ਚ ਪਤੰਗਾਂ ਵੇਚਣ ਵਾਲੀ ਦੁਕਾਨ ਤੋਂ ਚਾਈਨਾ ਡੋਰ ਦੇ 207 ਗੱਟੂ ਬਰਾਮਦ

ਗੁਰਦਾਸਪੁਰ (ਜੀਤ ਮਠਾਰੂ) : ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਲਾਸਟਿਕ/ਚਾਈਨਾ ਡੋਰ ਦੀ ਵਿਕਰੀ ਤੇ ਵਰਤੋਂ ਨੂੰ ਰੋਕਣ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਸਮੇਂ ਸਫ਼ਲਤਾ ਮਿਲੀ, ਜਦੋਂ ਗੁਰਦਾਸਪੁਰ ਦੇ ਗੀਤਾ ਭਵਨ ਰੋਡ ਸਥਿਤ ਪੰਪਾ ਕਾਇਟ ਹਾਊਸ ਤੋਂ ਥਾਣਾ ਸਿਟੀ ਪੁਲਸ ਨੇ 207 ਗੱਟੂ ਬਰਾਮਦ ਕੀਤੇ। ਇਸ ਸਬੰਧੀ ਥਾਣਾ ਸਿਟੀ ਗੁਰਦਾਸਪੁਰ ਦੀ ਪੁਲਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਪੂਰੀ ਕਾਰਵਾਈ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਪੀ. (ਡੀ)  ਪ੍ਰਿਥੀਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਦੁਕਾਨ 'ਤੇ ਚਾਈਨਾ ਡੋਰ (ਗੱਟੂ) ਮਿਲ ਸਕਦੀ ਹੈ, ਜਿਸਦੇ ਤਹਿਤ ਪੁਲਸ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਥਾਣਾ ਸਿਟੀ ਦੇ ਐੱਸ. ਐੱਚ. ਓ. ਗੁਰਮੀਤ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਦੱਸੀ ਗਈ ਦੁਕਾਨ ’ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਪੁਲਸ ਨੂੰ ਮੌਕੇ ਤੋਂ 207 ਸਿੰਥੈਟਿਕ ਡੋਰ ਦੇ ਗੱਟੂ ਬਰਾਮਦ ਹੋਏ। ਪੁਲਸ ਨੇ ਚਾਈਨਾ ਡੋਰ ਦੇ ਗੱਟੂ ਬਰਾਮਦ ਕਰਕੇ ਦੁਕਾਨ ਦੇ ਮਾਲਕ ਸੁਖਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ  ਲਿਆ ਹੈ। ਐੱਸ. ਪੀ. (ਡੀ) ਪ੍ਰਿਥੀਪਾਲ ਸਿੰਘ ਨੇ ਕਿਹਾ ਕਿ ਇਸ ਵਾਰ ਚਾਈਨਾ ਡੋਰ ਨਾਲ ਪਤੰਗਾਂ ਉਡਾਉਣ ਵਾਲਿਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਸ ਦੀਆਂ ਟੀਮਾਂ ਵੱਲੋਂ ਪਤੰਗਾਂ ਉਡਾ ਰਹੇ ਵਿਅਕਤੀਆਂ ਦੀ ਮੌਕੇ ’ਤੇ ਜਾ ਕੇ ਡੋਰ ਚੈੱਕ ਕੀਤੀ ਜਾਵੇਗੀ ਅਤੇ ਜੇਕਰ ਉਹ ਡੋਰ ਪਲਾਸਟਿਕ/ਚਾਈਨਾ ਦੀ ਹੋਈ ਤਾਂ ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪਤੰਗਾਂ ਉਡਾਉਣ ਲਈ ਸਿਰਫ ਸੂਤੀ ਧਾਗੇ ਦੀ ਡੋਰ ਦਾ ਹੀ ਇਸਤੇਮਾਲ ਕਰਨ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਖੂਨੀ ਡੋਰ ਦੀ ਵਿਕਰੀ ਦੀ ਰੋਕਥਾਮ ਲਈ ਪੁਲਸ ਦਾ ਸਹਿਯੋਗ ਕਰਨ ਅਤੇ ਇਸ ਦੇ ਖ਼ਿਲਾਫ਼ ਜਾਰੀ ਕੀਤੇ ਗਏ ਹੈਲਪਲਾਈਨ ਨੰਬਰ 01874-222710 ’ਤੇ ਚਾਈਨਾ ਡੋਰ ਵੇਚਣ ਵਾਲੇ ਦੀ ਸੂਚਨਾ ਦੇਣ। ਉਨ੍ਹਾਂ ਕਿਹਾ ਕਿ ਚਾਈਨਾ ਡੋਰ ਵੇਚਣ ਵਾਲੇ ਦੀ ਸੂਚਨਾ ਦੇਣ ਵਾਲੇ ਦਾ ਨਾਮ ਬਿਲਕੁਲ ਗੁਪਤ ਰੱਖਿਆ ਜਾਵੇਗਾ।
 


author

Babita

Content Editor

Related News