ਕੁਕਰਮੀ ਪਿਤਾ ਦੇ ਚੁੰਗਲ ਤੋਂ ਬੱਚੀ ਨੂੰ ਕਰਾਇਆ ਮੁਕਤ, ਪੜੋ ਬੱਚੀ ਦੀ ਦਰਦਨਾਕ ਕਹਾਣੀ

Friday, Jun 23, 2017 - 10:47 AM (IST)


ਸ੍ਰੀ ਮੁਕਤਸਰ ਸਾਹਿਬ(ਪਵਨ, ਭੁਪਿੰਦਰ)-ਸਰਕਾਰ ਵੱਲੋਂ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਬਾਲ ਸੁਰੱਖਿਆ ਯੂਨਿਟ ਵੱਲੋਂ ਚਲਾਏ ਜਾ ਰਹੇ ਵਨ ਸਟਾਪ ਕ੍ਰਾਈਸਿਸ ਸੈਂਟਰ 'ਸਖੀ' ਨੇ ਇਕ ਬੱਚੀ ਨੂੰ ਹਨੇਰੀ ਜ਼ਿੰਦਗੀ 'ਚੋਂ ਕੱਢ ਕੇ ਉਸ ਦਾ ਪੁਨਰਵਾਸ ਕੀਤਾ ਹੈ, ਜਦਕਿ ਨਾਲ ਹੀ ਉਸ ਦੀ ਜ਼ਿੰਦਗੀ 'ਚ ਅੰਧਕਾਰ ਭਰਨ ਵਾਲੇ ਉਸ ਦੇ ਪਿਤਾ ਨੂੰ ਵੀ ਸਲਾਖ਼ਾ ਪਿੱਛੇ ਭੇਜਿਆ ਹੈ।
     ਇਸ ਸਬੰਧੀ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਡਾ. ਸ਼ਿਵਾਨੀ ਨਾਗਪਾਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸੁਮੀਤ ਜਾਰੰਗਲ ਆਈ. ਏ. ਐੱਸ. ਦੀ ਅਗਵਾਈ 'ਚ ਚਲਾਏ ਜਾ ਰਹੇ ਇਸ ਸੈਂਟਰ ਦੇ ਧਿਆਨ 'ਚ ਉਕਤ ਮਾਮਲਾ ਆਇਆ ਸੀ, ਜਿਸ ਤੋਂ ਬਾਅਦ ਐੱਸ. ਐੱਸ. ਪੀ., ਏ. ਡੀ. ਸੀ. ਅਤੇ ਸਿਵਲ ਸਰਜਨ ਦਫ਼ਤਰ ਦੇ ਸਹਿਯੋਗ ਨਾਲ ਉਕਤ ਬੱਚੀ ਨੂੰ ਮੁਕਤ ਕਰਵਾਇਆ ਗਿਆ ਹੈ। 
   ਉਨ੍ਹਾਂ ਦੱਸਿਆ ਕਿ ਲੰਬੀ ਬਲਾਕ ਦੇ ਕਿਸੇ ਪਿੰਡ ਤੋਂ ਸੂਚਨਾ ਮਿਲੀ ਸੀ ਕਿ ਇਕ ਪਿਤਾ ਵੱਲੋਂ ਆਪਣੀ ਹੀ ਨਾਬਾਲਗ ਬੱਚੀ ਨਾਲ ਜਬਰ-ਜ਼ਨਾਹ ਕੀਤਾ ਜਾ ਰਿਹਾ ਹੈ।
ਜ਼ਿਲਾ ਬਾਲ ਸੁਰੱਖਿਆ ਯੂਨਿਟ ਨੇ ਉਕਤ ਬੱਚੀ ਨੂੰ ਮੁਕਤ ਕਰਵਾਇਆ ਅਤੇ ਵਨ ਸਟਾਪ ਕ੍ਰਾਈਸਿਸ ਸੈਂਟਰ ਲਿਆ ਕੇ ਉਸ ਨੂੰ ਮੈਡੀਕਲ ਅਤੇ ਕਾਨੂੰਨੀ ਸਹਾਇਤਾ ਉਪਲੱਬਧ ਕਰਵਾਈ, ਜਿਸ ਉਪਰੰਤ ਜਾਂਚ ਤੋਂ ਬਾਅਦ ਪੁਲਸ ਨੇ ਉਕਤ ਪਿਤਾ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਅਤੇ ਬੱਚੀ ਦੇ ਇਲਾਜ ਤੋਂ ਬਾਅਦ ਉਸ ਦੇ ਪੁਨਰਵਾਸ ਲਈ ਉਸ ਨੂੰ ਉਸ ਦੇ ਨਾਨਕੇ ਪਰਿਵਾਰ ਕੋਲ ਭੇਜਿਆ ਹੈ, ਜਦਕਿ ਉਕਤ ਵਿਅਕਤੀ ਆਪਣੀ ਪਤਨੀ 'ਤੇ ਵੀ ਅਤਿਆਚਾਰ ਕਰਦਾ ਸੀ। ਡਾ. ਨਾਗਪਾਲ ਨੇ ਦੱਸਿਆ ਕਿ ਵਨ ਸਟਾਪ ਕ੍ਰਾਈਸਿਸ ਸੈਂਟਰ ਇਕ ਅਜਿਹਾ ਕੇਂਦਰ ਬਣਾਇਆ ਗਿਆ ਹੈ, ਜਿਥੇ ਕਿਸੇ ਵੀ ਤਰ੍ਹਾਂ ਦੇ ਗੰਭੀਰ ਅਪਰਾਧਾਂ ਤੋਂ ਪੀੜਤ ਔਰਤਾਂ, ਬੱਚੀਆਂ ਰਾਬਤਾ ਕਰ ਸਕਦੀਆਂ ਹਨ ਅਤੇ ਇਥੇ ਇਕ ਛੱਤ ਹੇਠ ਹੀ ਉਨ੍ਹਾਂ ਨੂੰ ਇਲਾਜ ਅਤੇ ਨਿਆਂ ਦੀ ਸਹੂਲਤ ਉਪਲੱਬਧ ਕਰਵਾ ਕੇ ਉਨ੍ਹਾਂ ਦਾ ਪੁਨਰਵਾਸ ਕੀਤਾ ਜਾਂਦਾ ਹੈ।


Related News