ਬੱਚਿਆਂ ਦੀ ਜਾਨ ਬਚਾਉਣ ਲਈ ਕੀਤਾ 65 ਸੈਕਿੰਡ ’ਚ ਸਿਜੇਰੀਅਨ ਆਪ੍ਰੇਸ਼ਨ, ਬਣਿਆ ਵਿਸ਼ਵ ਰਿਕਾਰਡ

Wednesday, Nov 20, 2024 - 02:17 AM (IST)

ਬੱਚਿਆਂ ਦੀ ਜਾਨ ਬਚਾਉਣ ਲਈ ਕੀਤਾ 65 ਸੈਕਿੰਡ ’ਚ ਸਿਜੇਰੀਅਨ ਆਪ੍ਰੇਸ਼ਨ, ਬਣਿਆ ਵਿਸ਼ਵ ਰਿਕਾਰਡ

ਲੁਧਿਆਣਾ (ਸਹਿਗਲ) - ਗਰਭ ’ਚ ਪਲ ਰਹੇ ਬੱਚਿਆਂ ਦੀ ਜਾਨ ਬਚਾਉਣ ਲਈ ਐਮਰਜੈਂਸੀ ’ਚ ਕੀਤਾ ਗਿਆ ਸਿਜੇਰੀਅਨ ਆਪ੍ਰੇਸ਼ਨ ਆਪਣੇ ਆਪ ’ਚ ਵਿਸ਼ਵ ਰਿਕਾਰਡ ਬਣ ਗਿਆ। ਮਹਿਲਾ ਡਾਕਟਰ ਦੀ ਕੁਸ਼ਲਤਾ ਨੇ ਸਿਰਫ 65 ਸੈਕਿੰਡ ’ਚ ਬੱਚਿਆਂ ਦੀ ਡਲਿਵਰੀ ਕਰ ਦਿੱਤੀ, ਜਿਸ ਨਾਲ ਨਾ ਸਿਰਫ ਬੱਚਿਆਂ ਦੀ ਜਾਨ ਬਚੀ, ਸਗੋਂ ਇਹ ਆਪਣੇ ਆਪ ’ਚ ਵਿਸ਼ਵ ਰਿਕਾਰਡ ਵੀ ਬਣ ਗਿਆ, ਜਿਸ ਨਾਲ ‘ਇੰਟਰਨੈਸ਼ਨਲ ਬੁੱਕ ਰਿਕਾਰਡ’ ’ਚ ਵੀ ਸਥਾਨ ਮਿਲਿਆ ਹੈ।

ਇਹ ਵਾਕਿਆ ਹੈ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਾਤਲ ਦਾ, ਜਿਥੇ ਮਹਿਲਾ ਰੋਗ ਵਿਭਾਗ ਦੀ ਪ੍ਰੋਫੈਸਰ ਅਤੇ ਮੁਖੀ ਡਾ. ਆਸ਼ਿਮਾ ਤਨੇਜਾ ਨੇ ਇਸ ਕਾਰਜ ਨੂੰ ਅੰਜਾਮ ਦਿੱਤਾ ਹੈ। ਡਾ. ਆਸ਼ਿਮਾ ਤਨੇਜਾ ਨੇ ਦੱਸਿਆ ਕਿ 29 ਸਾਲਾ ਔਰਤ ਜੋ ਲੁਧਿਆਣਾ ਦੇ ਨੇੜਲੇ ਪਿੰਡ ਦੀ ਰਹਿਣ ਵਾਲੀ ਸੀ, ਐਮਰਜੈਂਸੀ ਦੀ ਹਾਲਤ ’ਚ ਉਨ੍ਹਾਂ ਕੋਲ ਆਈ ਸੀ।

ਜਾਂਚ ਦੌਰਾਨ ਪਤਾ ਲੱਗਾ ਕਿ ਬੱਚੇ ਦੀ ਦਿਲ ਦੀ ਧੜਕਣ ਤੇਜ਼ੀ ਨਾਲ ਘੱਟ ਹੋ ਰਹੀ ਹੈ। ਕਿਸੇ ਵੀ ਪਲ ਰੁਕਣ ਦੀ ਸਥਿਤੀ ਵਿਚ ਹੈ। ਅਜਿਹੇ ’ਚ ਉਨ੍ਹਾਂ ਨੇ ਫੌਰਨ ਫੈਸਲਾ ਲੈਂਦੇ ਹੇਏ ਐਮਰਜੈਂਸੀ ਸਿਜੇਰੀਅਨ ਆਪ੍ਰੇਸ਼ਨ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਦੇ ਦਿਮਾਗ ’ਚ ਗਰਭ ’ਚ ਬੱਚਿਆਂ ਦੀ ਜਾਨ ਬਚਾਉਣਾ ਮੁੱਖ ਨਿਸ਼ਾਨਾ ਸੀ। ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਕਰਨ ’ਚ ਸਿਰਫ 1 ਮਿੰਟ 5 ਸੈਕਿੰਡ ਦਾ ਸਮਾਂ ਲੱਗਾ।

ਜਦੋਂ ਉਨ੍ਹਾਂ ਨੇ ਇਸ ਵਿਸ਼ੇ ਵਿਚ ਖੋਜ ਕੀਤੀ ਤਾਂ ਪਤਾ ਲੱਗਾ ਕਿ ਇਹ ਆਪਣੇ ਆਪ ’ਚ ਇਕ ਵਰਲਡ ਰਿਕਾਰਡ ਹੈ। ਉਨ੍ਹਾਂ ਕਿਹਾ ਕਿ ‘ਇੰਟਰਨੈਸ਼ਨਲ ਬੁਕ ਆਫ ਰਿਕਾਰਡਸ’ ਨੇ ਉਨ੍ਹਾਂ ਦੇ ਆਪ੍ਰੇਸ਼ਨ ਨੂੰ ਮਾਨਤਾ ਦਿੱਤੀ, ਜਿਸ ਦੀ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੋਈ।


author

Inder Prajapati

Content Editor

Related News