ਜਿਊਲਰ ਦੀ ਦੁਕਾਨ ਤੋਂ ਲੱਖਾਂ ਦੇ ਗਹਿਣੇ ਲੁੱਟਣ ਦੇ ਮਾਮਲੇ ''ਚ CCTV ਆਈ ਸਾਹਮਣੇ, ਬੈਗ ’ਚ ਭਰ ਕੇ ਲਿਜਾਂਦੇ ਦਿਸੇ ਚੋਰ

Wednesday, Jan 10, 2024 - 02:59 PM (IST)

ਜਿਊਲਰ ਦੀ ਦੁਕਾਨ ਤੋਂ ਲੱਖਾਂ ਦੇ ਗਹਿਣੇ ਲੁੱਟਣ ਦੇ ਮਾਮਲੇ ''ਚ CCTV ਆਈ ਸਾਹਮਣੇ, ਬੈਗ ’ਚ ਭਰ ਕੇ ਲਿਜਾਂਦੇ ਦਿਸੇ ਚੋਰ

ਜਲੰਧਰ (ਵਰੁਣ)–ਗਦਾਈਪੁਰ ਵਿਚ ਪੁਲਸ ਚੌਂਕੀ ਫੋਕਲ ਪੁਆਇੰਟ ਨੇੜੇ ਹੋਈ 2 ਜਿਊਲਰਜ਼ ਸ਼ਾਪ ਵਿਚ 50.90 ਲੱਖ ਦੀ ਚੋਰੀ ਦੇ ਮਾਮਲੇ ਵਿਚ 24 ਘੰਟੇ ਬੀਤ ਜਾਣ ਦੇ ਬਾਵਜੂਦ ਕਮਿਸ਼ਨਰੇਟ ਪੁਲਸ ਦੇ ਹੱਥ ਖਾਲੀ ਹਨ। ਪੁਲਸ ਕੋਲ ਚੋਰਾਂ ਦਾ ਕੋਈ ਸੁਰਾਗ ਨਹੀਂ ਹੈ। ਵਾਰਦਾਤ ਕਰਨ ਤੋਂ ਬਾਅਦ ਚੋਰਾਂ ਦਾ ਝੁੰਡ ਚੋਰੀ ਦੇ ਗਹਿਣੇ ਬੈਗ ਅਤੇ ਬੋਰੀਆਂ ਵਿਚ ਭਰ ਕੇ ਲਿਜਾਂਦੇ ਹੋਏ ਗਦਾਈਪੁਰ ਨਹਿਰ ਦੇ ਸੱਜੇ ਪਾਸੇ ਸਥਿਤ ਮੁਰਗੀ ਫਾਰਮ ਨਜ਼ਦੀਕ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋਇਆ ਹੈ। ਇਹ ਮੁਲਜ਼ਮ ਉਸੇ ਤਰ੍ਹਾਂ ਨਾਲ ਜਾ ਰਹੇ ਹਨ, ਜਿਸ ਤਰ੍ਹਾਂ ਸਲੇਮਪੁਰ ਮਸੰਦਾਂ ਵਿਚ 22 ਦਸੰਬਰ ਦੀ ਦੇਰ ਰਾਤ ਐੱਨ. ਆਰ. ਆਈ. ਦੇ ਘਰ ਵਿਚ ਡਕੈਤੀ ਕਰਨ ਤੋਂ ਬਾਅਦ ਰੋਡ ’ਤੇ ਜਾਂਦੇ ਸੀ. ਸੀ. ਟੀ. ਵੀ. ਵਿਚ ਕੈਦ ਹੋਏ ਸਨ।

ਚੋਰ ਸੋਮਵਾਰ ਤੜਕੇ ਮਕਸੂਦਾਂ ਬਾਈਪਾਸ ’ਤੇ ਪੈਦਲ ਜਾਂਦੇ ਵਿਖਾਈ ਦਿੱਤੇ ਹਨ। ਪੁਲਸ ਸੀ. ਸੀ. ਟੀ. ਵੀ. ਕੈਮਰਿਆਂ ਨਾਲ ਮੁਲਜ਼ਮਾਂ ਦਾ ਪਿੱਛਾ ਕਰਕੇ ਹਾਈਵੇਅ ਤਕ ਪਹੁੰਚ ਗਈ ਹੈ, ਜਿਨ੍ਹਾਂ ਦਾ ਅਗਲਾ ਰੂਟ ਵੀ ਚੈੱਕ ਕੀਤਾ ਜਾ ਰਿਹਾ ਹੈ। ਫਿਲਹਾਲ ਮੋਬਾਇਲ ਡੰਪ ਤੋਂ ਚੋਰਾਂ ਦਾ ਕੁਝ ਸੁਰਾਗ ਨਹੀਂ ਲੱਗਾ ਹੈ ਅਤੇ ਨਾ ਹੀ ਕੋਈ ਚੋਰ ਵਾਰਦਾਤ ਦੌਰਾਨ ਜਾਂ ਰਸਤੇ ਵਿਚ ਮੋਬਾਇਲ ’ਤੇ ਗੱਲ ਕਰਦਾ ਦਿਖਾਈ ਦਿੱਤਾ। ਹੈਰਾਨੀ ਦੀ ਗੱਲ ਹੈ ਕਿ ਮੁਲਜ਼ਮ ਹਾਈਵੇ ਤਕ ਪਹੁੰਚ ਗਏ ਹਨ ਪਰ ਰਸਤੇ ਵਿਚ ਕੋਈ ਵੀ ਪੁਲਸ ਕਰਮਚਾਰੀ ਪੈਟਰੋਲਿੰਗ ਕਰਦਾ ਨਹੀਂ ਮਿਲਿਆ। ਜੇਕਰ ਸ਼ਹਿਰ ਵਿਚ ਰਾਤ ਦੀ ਪੈਟਰੋਲਿੰਗ ਸਹੀ ਢੰਗ ਨਾਲ ਹੁੰਦੀ ਹੈ ਤਾਂ ਰਸਤੇ ਵਿਚ ਮੁਲਜ਼ਮ ਫੜੇ ਜਾ ਸਕਦੇ ਸਨ। ਦੱਸ ਦੇਈਏ ਕਿ ਐਤਵਾਰ ਦੇਰ ਰਾਤ ਚੋਰਾਂ ਨੇ ਵੀ ਸ਼੍ਰੀਨਾਥ ਜਿਊਲਰਜ਼ (ਗਦਾਈਪੁਰ) ਦੇ ਤਾਲੇ ਤੋੜ ਕੇ ਅੰਦਰੋਂ 10 ਹਜ਼ਾਰ ਰੁਪਏ ਕੈਸ਼ ਅਤੇ 80 ਹਜ਼ਾਰ ਦੇ ਗਹਿਣੇ ਲੁੱਟ ਲਏ ਸਨ। ਇਸ ਤੋਂ ਬਾਅਦ ਮੁਲਜ਼ਮਾਂ ਨੇ ਕੁਝ ਹੀ ਦੂਰੀ ’ਤੇ ਸਥਿਤ ਅਮਿਤ ਜਿਊਲਰਜ਼ ਦੇ ਤਾਲੇ ਤੋੜ ਕੇ ਸ਼ੀਸ਼ੇ ਦਾ ਬਣਿਆ ਗੇਟ ਤੋੜਿਆ ਅਤੇ ਫਿਰ ਚੱਪਾ-ਚੱਪਾ ਛਾਣ ਕੇ ਅੰਦਰੋਂ ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ ਕੀਤੇ।

PunjabKesari

ਇਹ ਵੀ ਪੜ੍ਹੋ :  ਜਲੰਧਰ 'ਚ ਨਸ਼ੇ 'ਚ ਟੱਲੀ ਦੋ ਕੁੜੀਆਂ ਦਾ ਬੱਸ ਸਟੈਂਡ 'ਤੇ ਹੰਗਾਮਾ, ਆਪਸ 'ਚ ਭਿੜੀਆਂ, ਛੁਡਾਉਣ ਗਏ ਲੋਕਾਂ ਨੂੰ ਵੱਢੇ ਦੰਦ

ਮੁਲਜ਼ਮਾਂ ਤੋਂ ਤਿਜੌਰੀ ਨਾ ਖੁੱਲ੍ਹੀ ਤਾਂ ਉਹ ਇਕ ਕੁਇੰਟਲ ਦੀ ਤਿਜੌਰੀ ਨਾਲ ਲੈ ਗਏ ਅਤੇ ਸੁੱਕੀ ਨਹਿਰ ਵਿਚ ਸੁੱਟ ਕੇ ਤਿਜੌਰੀ ਨੂੰ ਤੋੜਿਆ ਅਤੇ ਅੰਦਰੋਂ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ। ਸਵੇਰੇ 4.10 ਵਜੇ ਅਮਿਤ ਜਿਊਲਰਜ਼ ਦੇ ਮਾਲਕ ਅਮਿਤ ਨੂੰ ਜਦੋਂ ਫੋਨ ’ਤੇ ਕਿਸੇ ਨੇ ਸੂਚਨਾ ਦਿੱਤੀ ਤਾਂ ਮੌਕੇ ’ਤੇ ਪਹੁੰਚ ਕੇ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ।

ਸ਼ਹਿਰ ਵਿਚ ਬਿਨਾਂ ਵੈਰੀਫਿਕੇਸ਼ਨ ਦੇ ਰਹਿ ਰਹੇ ਅਣਪਛਾਤੇ ਲੋਕ
ਦੱਸ ਦੇਈਏ ਕਿ ਸ਼ਹਿਰ ਦੇ ਕਈ ਇਲਾਕਿਆਂ ਵਿਚ ਮਕਾਨ ਮਾਲਕਾਂ ਨੇ ਬਿਨਾਂ ਵੈਰੀਫਿਕੇਸ਼ਨ ਦੇ ਕਿਰਾਏਦਾਰ, ਨੌਕਰ ਆਦਿ ਰੱਖੇ ਹੋਏ ਹਨ, ਜੋ ਸ਼ਹਿਰ ਦੀ ਸੁਰੱਖਿਆ ਨੂੰ ਖਤਰਾ ਹਨ। ਦੋਵਾਂ ਜਿਊਲਰਜ਼ ਦੀਆਂ ਦੁਕਾਨਾਂ ਵਿਚ ਹੋਈ ਚੋਰੀ ਦੀ ਵਾਰਦਾਤ ਬਿਨਾਂ ਰੇਕੀ ਦੇ ਨਹੀਂ ਹੋ ਸਕਦੀ। ਇਹ ਲੋਕ ਰੇਹੜੀ ਜਾਂ ਫਿਰ ਛੋਟਾ-ਮੋਟਾ ਸਾਮਾਨ ਵੇਚਣ ਦੀ ਆੜ ਵਿਚ ਰੇਕੀ ਕਰਦੇ ਹਨ ਅਤੇ ਫਿਰ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਜਾਂਦੇ ਹਨ। ਗੜ੍ਹਾ ਰੋਡ ’ਤੇ ਪਿਛਲੇ ਸਾਲ ਰਮਨ ਜਿਊਲਰਜ਼ ਦੀ ਦੁਕਾਨ ਵਿਚ ਇਸੇ ਢੰਗ ਨਾਲ ਚੋਰੀ ਹੋਈ ਸੀ। ਨੇਪਾਲ ਤੋਂ ਆਏ ਲੋਕਾਂ ਨੇ ਰਮਨ ਜਿਊਲਰਜ਼ ਦੇ ਬਿਲਕੁਲ ਨਾਲ ਵਾਲੇ ਪਲਾਟ ਨੂੰ ਕਿਰਾਏ ’ਤੇ ਚੌਪਾਟੀ ਬਣਾਉਣ ਲਈ ਲਿਆ ਸੀ ਪਰ ਜਿੰਨੇ ਵੀ ਦਿਨ ਉਹ ਪਲਾਟ ਵਿਚ ਰਹੇ, ਰੇਕੀ ਕਰਦੇ ਰਹੇ ਅਤੇ ਜਦੋਂ ਤਰਪਾਲ ਬਣਾ ਕੇ ਸਾਮਾਨ ਰੱਖਣ ਦੀ ਜਗ੍ਹਾ ਬਣਾਈ ਤਾਂ ਉਸੇ ਦਾ ਓਹਲਾ ਕਰ ਕੇ ਉਨ੍ਹਾਂ ਰਮਨ ਜਿਊਲਰਜ਼ ਦੀ ਕੰਧ ਪਾੜ ਕੇ ਕਰੋੜਾਂ ਰੁਪਏ ਦੇ ਗਹਿਣੇ ਚੋਰੀ ਕਰ ਲਏ ਅਤੇ ਫਿਰ ਨੇਪਾਲ ਫ਼ਰਾਰ ਹੋ ਗਏ ਸਨ। ਅਜੇ ਤਕ ਉਹ ਵਾਰਦਾਤ ਅਨਟਰੇਸ ਹੀ ਹੈ। ਐਤਵਾਰ ਦੀ ਰਾਤ ਰਮਨ ਜਿਊਲਰਜ਼ ਦੀ ਦੂਜੀ ਦੁਕਾਨ ਵਿਚੋਂ ਵੀ ਗਹਿਣੇ ਚੋਰੀ ਹੋਏ ਸਨ।

ਇਹ ਵੀ ਪੜ੍ਹੋ :  ਕੁਫ਼ਰੀ ’ਚ ਮੌਸਮ ਦੀ ਪਹਿਲੀ ਬਰਫ਼ਬਾਰੀ, ਰੈੱਡ ਤੇ ਓਰੇਂਜ ਅਲਰਟ ਤੋਂ ਪੰਜਾਬ ਨੂੰ ਮਿਲੀ ਰਾਹਤ, ਜਾਣੋ ਅਗਲੇ ਦਿਨਾਂ ਦਾ ਹਾਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News