ਸਾਊਦੀ ਅਰਬ ''ਚ 2 ਪੰਜਾਬੀਆਂ ਦਾ ਸਿਰ ਕਲਮ, ਵਿਦੇਸ਼ ਮੰਤਰਾਲੇ ''ਤੇ ਭੜਕੇ ਕੈਪਟਨ
Thursday, Apr 18, 2019 - 12:31 PM (IST)
ਚੰਡੀਗੜ੍ਹ (ਭੁੱਲਰ) : ਸਾਊੁਦੀ ਅਰਬ 'ਚ ਹਾਲ ਹੀ 'ਚ 2 ਪੰਜਾਬੀਆਂ ਦਾ ਸਿਰ ਕਲਮ ਕਰਨ ਦੀ ਘਿਨਾਉਣੀ ਅਤੇ ਗੈਰ-ਮਨੁੱਖੀ ਘਟਨਾ ਦੀ ਤਿੱਖੀ ਆਲੋਚਨਾ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਭਾਰਤ ਦੇ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਕੋਲੋ ਇਸ ਸਬੰਧੀ ਵਿਸਤ੍ਰਿਤ ਰਿਪੋਰਟ ਮੰਗਣਗੇ। ਇਸ ਘਿਨਾਉਣੀ ਕਾਰਵਾਈ 'ਤੇ ਦੁੱਖ ਪ੍ਰਗਟ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਸੱਭਿਅਕ ਰਾਸ਼ਟਰ 'ਚ ਵੀ ਅਜਿਹੀਆਂ ਅੱਤਿਆਚਾਰੀ ਘਟਨਾਵਾਂ ਲਗਾਤਾਰ ਵਾਪਰ ਰਹੀਂਆਂ ਹਨ। ਇਸ ਘਟਨਾ ਦੀ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਵਲੋਂ ਪੁਸ਼ਟੀ ਕੀਤੀ ਜਾ ਚੁੱਕੀ ਹੈ, ਜੋ ਕਿ 28 ਫਰਵਰੀ ਨੂੰ ਵਾਪਰੀ ਸੀ। ਮੁੱਖ ਮੰਤਰੀ ਨੇ ਇਸ ਘਟਨਾ ਨੂੰ ਰੋਕੇ ਜਾਣ ਵਿਚ ਅਸਫਲ ਰਹਿਣ ਅਤੇ 2 ਵਿਅਕਤੀਆਂ ਦੀ ਸਿਰ ਕਲਮ ਕਰ ਕੇ ਕੀਤੀ ਗਈ ਹੱਤਿਆ ਦਾ ਪ੍ਰਗਟਾਵਾ ਨਾ ਕਰਨ ਲਈ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਦੀ ਤਿੱਖੀ ਆਲੋਚਨਾ ਕੀਤੀ ਹੈ। ਇਨ੍ਹਾਂ ਵਿਅਕਤੀਆਂ ਦੀ ਹੁਸ਼ਿਆਰਪੁਰ ਦੇ ਸਤਵਿੰਦਰ ਕੁਮਾਰ ਅਤੇ ਲੁਧਿਆਣਾ ਦੇ ਹਰਜੀਤ ਸਿੰਘ ਵਜੋਂ ਸ਼ਨਾਖਤ ਹੋਈ ਹੈ। ਸਤਵਿੰਦਰ ਸਿੰਘ ਦੀ ਪਤਨੀ ਵਲੋਂ ਦਾਖਲ ਕੀਤੀ ਪਟੀਸ਼ਨ ਤੋਂ ਬਾਅਦ ਅਜਿਹਾ ਪ੍ਰਗਟਾਵਾ ਹੋਇਆ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਕਤ ਘਟਨਾ ਦੇ ਵੇਰਵਿਆਂ ਸਬੰਧੀ ਉਹ ਵਿਦੇਸ਼ ਮਾਮਲਿਆਂ ਦੀ ਮੰਤਰੀ ਸੁਸ਼ਮਾ ਸਵਰਾਜ ਕੋਲ ਪਹੁੰਚ ਕਰਨਗੇ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦਾ ਸਾਊਦੀ ਅਰਬ 'ਚ ਭਾਰਤੀ ਦੂਤ ਘਰ ਨੂੰ ਅਗਾਊਂ ਸੂਚਨਾ ਦਿੱਤੇ ਜਾਣ ਤੋਂ ਬਿਨਾਂ ਕਤਲ ਕੀਤਾ ਗਿਆ ਹੈ ਤੇ ਦੋਸ਼ੀਆਂ ਨੂੰ ਕਾਨੂੰਨੀ ਸਹਾਇਤਾ ਨਹੀਂ ਮੁਹੱਈਆ ਕਰਵਾਈ ਗਈ ਤਾਂ ਇਹ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ।