ਕੈਪਟਨ ਕਰਨਗੇ 100 ਫੀਸਦੀ ਵਾਟਰ ਸਪਲਾਈ ਯੋਜਨਾ ਦੀ ਸ਼ੁਰੂਆਤ
Friday, Jul 27, 2018 - 04:15 AM (IST)
ਲੁਧਿਆਣਾ(ਹਿਤੇਸ਼)-ਇਕ ਤਰ੍ਹਾਂ ਜਿਥੇ ਕੈਪਟਨ ਅਮਰਿੰਦਰ ਸਿੰਘ ਵਲੋਂ 15 ਅਗਸਤ ਨੂੰ ਲੁਧਿਆਣਾ ਵਿਜ਼ਿਟ ਦੌਰਾਨ ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ 1000 ਕਰੋਡ਼ ਦੇ ਪ੍ਰਾਜੈਕਟ ਦਾ ਐਲਾਨ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਥੇ ਨਗਰ ਨਿਗਮ ਨੇ ਚੀਫ ਮਨਿਸਟਰ ਤੋਂ 100 ਫੀਸਦੀ ਵਾਟਰ ਸਪਲਾਈ ਯੋਜਨਾ ਦੀ ਸ਼ੁਰੂਆਤ ਕਰਵਾਉਣ ਦਾ ਫੈਸਲਾ ਕੀਤਾ ਹੈ। ਇਹ ਯੋਜਨਾ ਕੇਂਦਰ ਸਰਕਾਰ ਵਲੋਂ ਅਟਲ ਮਿਸ਼ਨ ਤਹਿਤ ਮਨਜ਼ੂਰ ਕੀਤੀ ਗਈ ਹੈ। ਜਿਸ ਵਿਚ ਆਊਟਰ ਏਰੀਏ ਦੇ ਉਹ ਵਾਰਡ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਨੂੰ ਪਹਿਲਾਂ ਕਾਫੀ ਦੇਰ ਤਕ ਡਿਕਲੇਅਰ ਨਾ ਹੋਣ ਦਾ ਹਵਾਲਾ ਦਿੰਦੇ ਹੋਏ ਸਰਕਾਰੀ ਵਾਟਰ ਸਪਲਾਈ ਦੀ ਸਹੂਲਤ ਨਹੀਂ ਦਿੱਤੀ ਗਈ। ਇਸ ਯੋਜਨਾ ’ਚ ਲੋਕਾਂ ਨੂੰ ਘਰਾਂ ਤੱਕ ਕੁਨੈਕਸ਼ਨ ਦੇਣ ਦਾ ਪਹਿਲੂ ਸ਼ਾਮਲ ਹੈ ਪਰ ਨਗਰ ਨਿਗਮ ਵਲੋਂ ਰੱਖੇ ਗਏ ਠੇਕੇਦਾਰਾਂ ਨੇ ਪਹਿਲਾਂ ਵਾਟਰ ਸਪਲਾਈ ਲਾਈਨ ਪਾ ਦਿੱਤੀ ਅਤੇ ਡੈੱਡਲਾਈਨ ਨਿਕਲਣ ਦੇ ਬਾਵਜੂਦ ਹੁਣ ਤਕ ਪੂਰੇ ਟਿਊਬਵੈੱਲ ਚਾਲੂ ਨਹੀਂ ਕੀਤੇ ਗਏ। ਇਸ ਨੂੰ ਲੈ ਕੇ ਚੀਫ ਮਨਿਸਟਰ ਦੇ ਟੈਕਨੀਕਲ ਅਡਵਾਈਜ਼ਰ ਨੇ ਪਿਛਲੇ ਦਿਨੀਂ ਨਗਰ ਨਿਗਮ ਅਧਿਕਾਰੀਆਂ ਨਾਲ ਬੈਠਕ ਕਰ ਕੇ ਲੇਟ-ਲਤੀਫੀ ਲਈ ਕਾਫੀ ਖਿਚਾਈ ਕੀਤੀ ਸੀ ਪਰ ਉਨ੍ਹਾਂ ਵਲੋਂ ਦਿੱਤੀ ਗਈ 31 ਜੁਲਾਈ ਦੀ ਡੈੱਡਲਾਈਨ ਤੱਕ ਕੰਮ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਹੁਣ ਜਦੋਂ ਕੈਪਟਨ ਤੋਂ ਪ੍ਰਾਜੈਕਟ ਦਾ ਉਦਘਾਟਨ ਕਰਵਾਉਣ ਦਾ ਪ੍ਰੋਗਰਾਮ ਬਣ ਰਿਹਾ ਹੈ ਤਾਂ ਨਗਰ ਨਿਗਮ ਪ੍ਰਸ਼ਾਸਨ ਵੀ ਹਰਕਤ ਵਿਚ ਆ ਗਿਆ ਹੈ। ਜਿਸ ਤਹਿਤ ਕਮਿਸ਼ਨਰ ਕੇ. ਪੀ. ਬਰਾਡ਼ ਨੇ ਓ. ਐਂਡ ਐੱਮ. ਸੈੱਲ ਦੇ ਅਧਿਕਾਰੀਆਂ ਨੂੰ 10 ਅਗਸਤ ਤਕ ਵਾਟਰ ਸਪਲਾਈ ਲਾਈਨ ਪਾਉਣ ਦਾ ਕੰਮ ਪੂਰਾ ਕਰਨ ਦੇ ਇਲਾਵਾ ਸਾਰੇ ਟਿਊਬਵੈੱਲ ਚਾਲੂ ਹੋਣਾ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ।
ਇਹ ਹੈ ਪ੍ਰਾਜੈਕਟ ਦਾ ਸਟੇਟਸ
* ਅਜੇ ਕਈ ਇਲਾਕਿਆਂ ’ਚ ਚਲ ਰਿਹਾ ਵਾਟਰ ਸਪਲਾਈ ਲਾਈਨ ਵਿਛਾਉਣ ਦਾ ਕੰਮ
* 25 ’ਚੋਂ ਸਿਰਫ 16 ਟਿਊਬਵੈੱਲ ਹੀ ਹੋ ਸਕੇ ਹਨ ਚਾਲੂ
* ਟਿਊਬਵੈੱਲਾਂ ਦਾ ਵਾਟਰ ਸਪਲਾਈ ਲਾਈਨ ਤੋਂ ਕੁਨੈਕਸ਼ਨ ਹੋਣਾ ਬਾਕੀ
* ਕਈ ਟਿਊਬਵੈੱਲਾਂ ’ਤੇ ਨਹੀਂ ਲੱਗੇ ਬਿਜਲੀ ਮੀਟਰ ਤੇ ਪੈਨਲ
* ਅਜੇ ਪਾਣੀ ਛੱਡਣ ਤੋਂ ਪਹਿਲਾਂ ਟੈਸਟਿੰਗ ’ਚ ਵੀ ਲੱਗੇਗਾ ਸਮਾਂ
