ਮਾਲਵਾ ਖੇਤਰ ਦੇ ਕੈਂਸਰ ਪੀੜਤਾਂ ਨੂੰ ਐੱਸ. ਜੀ. ਪੀ. ਸੀ. ਵੱਲੋਂ ਦਿੱਤੀ ਜਾ ਰਹੀ ਹੈ ਘੱਟ ਸਹਾਇਤਾ

01/16/2018 2:58:29 PM

ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) - ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸਿੱਖਾਂ ਦੀ ਸਭ ਤੋਂ ਵੱਡੀ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਦਾ ਹਰ ਸਾਲ ਦਾ ਕਰੋੜਾਂ, ਅਰਬਾਂ ਰੁਪਏ ਦਾ ਬਜਟ ਹੁੰਦਾ ਹੈ। ਪੰਜਾਬ ਦੇ ਕੈਂਸਰ ਪੀੜਤ ਮਰੀਜ਼ਾਂ ਦੀ ਸਹਾਇਤਾ ਕਰਨ ਲਈ ਹਰੇਕ ਸਾਲ ਬਜਟ ਦਾ ਕੁਝ ਹਿੱਸਾ ਰੱਖਿਆ ਜਾਂਦਾ ਹੈ ਪਰ ਜੋ ਰਿਪੋਰਟਾਂ ਮਿਲ ਰਹੀਆਂ ਹਨ ਉਸ ਅਨੁਸਾਰ ਸੂਬੇ ਦੇ ਮਾਲਵੇ ਖੇਤਰ ਵਿਚ ਕੈਂਸਰ ਪੀੜਤ ਮਰੀਜ਼ਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰ੍ਰਬੰਧਕ ਕਮੇਟੀ ਵੱਲੋਂ ਇਲਾਜ਼ ਕਰਵਾਉਣ ਲਈ ਬਹੁਤ ਘੱਟ ਸਹਾਇਤਾ ਮੁਹੱਈਆ ਕਰਵਾਈ ਗਈ ਹੈ। 
ਜ਼ਿਕਰਯੋਗ ਹੈ ਕਿ ਮਾਲਵਾ ਖੇਤਰ ਨਾਲ ਸਬੰਧਿਤ ਜ਼ਿਲਿਆਂ ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਫਿਰੋਜ਼ਪੁਰ , ਫਾਜ਼ਿਲਕਾ, ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ ਤੇ ਮੋਗਾ ਆਦਿ ਵਿਚ ਪਿਛਲੇਂ ਦੋ ਦਹਾਕਿਆ ਤੋਂ ਕੈਂਸਰ ਦਾ ਕਹਿਰ ਜਾਰੀ ਹੈ ਤੇ ਕੈਂਸਰ ਦੀ ਨਾਮੁਰਾਦ ਬੀਮਾਰੀ ਨੇ ਹਜ਼ਾਰਾਂ ਲੋਕਾਂ ਦੀ ਜਾਨ ਲਈ ਹੈ। ਅਜੇ ਵੀ ਅਨੇਕਾ ਕੈਂਸਰ ਪੀੜਤ ਮਰੀਜ਼ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹਨ। 'ਜਗਬਾਣੀ' ਵੱਲੋਂ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੈਂਸਰ ਪੀੜਤਾਂ ਦੀ ਸਹਾਇਤਾ ਲਈ ਜੋ ਪੈਸੇ ਦਿੱਤੇ ਜਾ ਰਹੇ ਹਨ, ਉਸ ਦਾ ਹਿੱਸਾ ਮਾਲਵਾ ਖੇਤਰ ਦੇ ਜ਼ਿਲਿਆਂ ਲਈ ਬਹੁਤ ਘੱਟ ਹੈ। ਇਸ ਦੀ ਜਾਣਕਾਰੀ ਉਨ੍ਹਾਂ ਕੈਂਸਰ ਪੀੜਤ ਮਰੀਜ਼ਾਂ ਤੋਂ ਮਿਲਦੀ ਹੈ, ਜਿਹੜੇ ਇਸ ਬੀਮਾਰੀ ਤੋਂ ਪ੍ਰਭਾਵਿਤ ਸਨ ਤੇ ਇਲਾਜ ਦੌਰਾਨ ਲੰਮਾ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਹਾਇਤਾ ਨੂੰ ਉਡੀਕਦੇ ਰਹੇ। ਭਾਗਸਰ ਪਿੰਡ ਦਾ ਇਕ ਦਰਮਿਆਨਾ ਕਿਸਾਨ ਸੁਖਦੇਵ ਸਿੰਘ ਤੇ ਉਸ ਦੀ ਪਤਨੀ ਨਸੀਬ ਕੌਰ ਦੋਵੇਂ ਕੈਂਸਰ ਪੀੜਤ ਸਨ। ਉਨ੍ਹਾਂ ਨੇ ਸਹਾਇਤਾ ਲੈਣ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲ ਜਾ ਕੇ ਵੀ ਫਰਿਆਦ ਕੀਤੀ ਪਰ ਕਿਸੇ ਨੇ ਗੱਲ ਨਹੀਂ ਸੁਣੀ ਤੇ ਅਖੀਰ 50-52 ਸਾਲਾਂ ਦੇ ਇਹ ਪਤੀ-ਪਤਨੀ ਆਪਣੀਆਂ ਚਾਰ ਧੀਆਂ ਤੇ ਇਕ ਪੁੱਤਰ ਨੂੰ ਛੱਡ ਗਏ ਤੇ ਜ਼ਿੰਦਗੀ ਹੱਥੋਂ ਹਾਰ ਗਏ। ਅਜਿਹੇ ਅਨੇਕਾ ਮਰੀਜ ਹੋਰ ਵੀ ਹਨ, ਜਿੰਨਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਸਹਾਇਤਾ ਨਹੀਂ ਭੇਜੀ ਗਈ। ਜਦਕਿ ਕੈਂਸਰ ਪੀੜਤਾਂ ਵਾਸਤੇ ਬੱਜਟ ਕਰੋੜਾਂ ਰੁਪਈਆ ਦਾ ਰੱਖਿਆ ਜਾਂਦਾ ਹੈ। 
ਹੁਣ ਤਿੰਨ ਮਹੀਨਿਆਂ ਦੇ ਅੰਦਰ ਹੀ ਮਿਲਿਆ ਕਰੇਗੀ ਸਹਾਇਤਾ - ਗੋਬਿੰਦ ਸਿੰਘ ਲੌਂਗੋਵਾਲ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣਾਏ ਗਏ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨਾਲ ਜਦ 'ਜਗਬਾਣੀ' ਵੱਲੋਂ ਮਾਲਵਾ ਖੇਤਰ ਦੇ ਜ਼ਿਲਿਆ ਤੇ ਖਾਸ ਕਰਕੇ ਸ੍ਰੀ ਮੁਕਤਸਰ ਸਾਹਿਬ ਦੇ ਕੈਂਸਰ ਪੀੜਤਾਂ ਨਾਲ ਕੀਤੇ ਜਾ ਰਹੇ ਵਿਤਕਰੇ ਸਬੰਧੀ ਗੱਲਬਾਤ ਕੀਤੀ। ਉਨ੍ਹਾਂ ਮੰਨਿਆ ਕਿ ਪਹਿਲਾਂ ਦੇਰੀ ਹੋ ਜਾਂਦੀ ਹੋਵੇਗੀ ਜਾਂ ਕਿਸੇ ਨੂੰ ਆਰਥਿਕ ਤੌਰ ਤੇ ਸਹਾਇਤਾ ਨਹੀਂ ਮਿਲੀ ਹੋਵੇਗੀ ਪਰ ਹੁਣ ਕੈਂਸਰ ਪੀੜਤ ਮਰੀਜ਼ ਨੂੰ ਅਰਜ਼ੀ ਦੇਣ ਤੋਂ ਤਿੰਨ ਮਹੀਨਿਆਂ ਤੱਕ ਹੀ ਸਹਾਇਤਾ ਰਾਸ਼ੀ ਮਿਲ ਜਾਇਆ ਕਰੇਗੀ ਤੇ ਕਿਸੇ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। 
ਸਮਾਜ ਸੇਵੀਆ ਦੀ ਮੰਗ
ਇਸ ਖੇਤਰ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਕੈਂਸਰ ਪੀੜਤਾਂ ਦੇ ਇਲਾਜ ਲਈ ਸਹਾਇਤਾ ਕੀਤੀ ਜਾਵੇ। ਔਰਤ ਤੇ ਬੱਚਾ ਭਲਾਈ ਸੰਸਥਾ ਪੰਜਾਬ ਦੇ ਚੈਅਰਪਰਸਨ ਹਰਗੋਬਿੰਦ ਕੌਰ, ਗੈਰ ਸਰਕਾਰੀ ਸਮਾਜ ਸੇਵੀ ਸੰਸਥਾਂ ਦੇ ਕਨਵੀਨਰ ਡਾ. ਨਰੇਸ਼ ਪਰੂਥੀ, ਸਕੰਲਪ ਸੁਸਾਇਟੀ ਦੇ ਪ੍ਰਧਾਨ ਨਰਿੰਦਰ ਸਿੰਘ ਪੰਮਾ ਸੰਧੂ ਅਤੇ ਪੰਜਾਬ ਪਬਲਿਕ ਸਕੂਲ ਲੱਖੇਵਾਲੀ ਦੇ ਚੇਅਰਮੈਨ ਹਰਚਰਨ ਸਿੰਘ ਬਰਾੜ ਭਾਗਸਰ ਨੇ ਕਿਹਾ ਹੈ ਕਿ ਮਾਲਵਾ ਖੇਤਰ ਵਿਚ ਕਈ ਕੈਂਸਰ ਪੀੜਤ ਇਲਾਜ ਤੋਂ ਬਿਨ੍ਹਾਂ ਹੀ ਮਰ ਰਹੇ ਹਨ ਤੇ ਅਜਿਹੇ ਮਰੀਜ਼ਾਂ ਨੂੰ ਬਚਾਉਣ ਲਈ ਸ਼੍ਰੋਮਣੀ ਕਮੇਟੀ ਯੋਗ ਉਪਰਾਲਾ ਕਰੇ। ਜ਼ਿਕਰਯੋਗ ਹੈ ਕਿ ਸਾਲ 2001 ਤੋਂ ਲੈ ਕੇ ਹੁਣ ਤੱਕ ਪਿਛਲੇਂ 17 ਸਾਲਾਂ ਵਿਚ 40 ਹਜ਼ਾਰ ਤੋਂ ਵੱਧ ਮੌਤਾਂ ਕੈਂਸਰ ਦੀ ਬਿਮਾਰੀ ਨਾਲ ਹੋਈਆਂ ਹਨ। ਜਿੰਨਾਂ ਵਿਚ ਮਰਦ, ਔਰਤਾਂ ਅਤੇ ਬੱਚੇ ਸ਼ਾਮਿਲ ਹਨ। 
ਪੀਣ ਵਾਲਾ ਮਾੜਾ ਪਾਣੀ ਹੈ ਬੀਮਾਰੀ ਦਾ ਕਾਰਨ 
ਇਸ ਬੀਮਾਰੀ ਦਾ ਕਾਰਨ ਪੀਣ ਵਾਲਾ ਮਾੜਾ ਪਾਣੀ ਸਮਝਿਆ ਜਾ ਰਿਹਾ ਹੈ, ਕਿਉਂਕਿ ਮਾਲਵਾ ਖੇਤਰ ਦੇ ਜ਼ਿਆਦਾ ਹਿੱਸੇ 'ਚ ਧਰਤੀ ਹੇਠਲਾ ਪਾਣੀ ਖਰਾਬ ਹੈ। ਡਾਕਟਰਾਂ ਅਨੁਸਾਰ ਵੱਧ ਕੀਤੀ ਜਾ ਰਹੀ ਕੀਟਨਾਸ਼ਕ ਦਵਾਈਆਂ ਦੀ ਵਰਤੋਂ, ਖਾਦਾਂ ਤੇ ਮਾੜੇ ਪਾਣੀ ਨਾਲ ਤਿਆਰ ਕੀਤੀਆਂ ਜਾ ਰਹੀਆਂ ਸ਼ਬਜੀਆਂ ਵੀ ਇਸ ਬੀਮਾਰੀ ਦੀ ਜੜ੍ਹ ਹਨ। 
ਕੋਈ ਵੱਡਾ ਹਸਪਤਾਲ ਨਹੀਂ
ਇਸ ਖੇਤਰ ਵਿਚ ਕੈਂਸਰ ਦੀ ਬੀਮਾਰੀ ਦਾ ਕੋਈ ਵੱਡਾ ਹਸਪਤਾਲ ਨਹੀਂ ਹੈ, ਜਿਸ ਕਰਕੇ ਮਾਲਵੇ ਦੇ ਕੈਂਸਰ ਪੀੜਤਾਂ ਨੂੰ ਆਪਣਾ ਇਲਾਜ ਕਰਵਾਉਣ ਲਈ ਦੂਰ ਦੁਰਾਡੇ ਦੇ ਹਸਪਤਾਲਾਂ ਵਿਚ ਜਾਣਾ ਪੈਂਦਾ ਹੈ। 
ਕੈਂਸਰ ਪੀੜਤ ਔਰਤਾਂ ਦੀ ਗਿਣਤੀ ਜ਼ਿਆਦਾ
ਮਿਲੇ ਵੇਰਵੇ ਅਨੁਸਾਰ ਕੈਂਸਰ ਦੇ ਮਰੀਜ਼ਾਂ ਵਿਚ ਔਰਤਾਂ ਦੀ ਗਿਣਤੀ 65 ਪ੍ਰਤੀਸ਼ਤ ਹੈ ਜਦਕਿ ਮਰਦਾਂ  ਦੀ ਗਿਣਤੀ 35 ਪ੍ਰਤੀਸ਼ਤ ਹੈ। ਔਰਤਾਂ ਦੀ ਛਾਤੀ ਦੇ ਕੈਂਸਰ ਵਧੇਰੇ ਹੈ। ਉਂਝ ਗਲੇ ਦਾ ਕੈਂਸਰ, ਪੇਟ ਦਾ ਕੈਂਸਰ ਤੇ ਬਲੱਡ ਕੈਂਸਰ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਘੱਟ ਨਹੀਂ ਹੈ। 


Related News