ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਮੌਤ

07/30/2019 6:23:08 PM

ਪਟਿਆਲਾ,(ਜੋਸਨ) : ਵਿਦੇਸ਼ ਜਾਣ ਲਈ ਨੌਜਵਾਨਾਂ 'ਚ ਵਧੇ ਰੁਝਾਨ ਕਾਰਣ ਜਿਥੇ ਹਰ ਪੰਜਾਬੀ ਅੱਜ ਵਿਦੇਸ਼ ਜਾ ਕੇ ਵਸਣਾ ਚਾਹੁੰਦਾ ਹੈ, ਉਥੇ ਹੀ ਮਾਪਿਆਂ ਵੱਲੋਂ ਕਰਜ਼ੇ ਚੁੱਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ 'ਚ ਭੇਜਣਾ ਵੀ ਕਾਫੀ ਮਹਿੰਗਾ ਪੈ ਰਿਹਾ ਹੈ ਕਿਉਂਕਿ ਵਿਦੇਸ਼ 'ਚ ਕੰਮ-ਕਾਜ ਕਰਦਿਆਂ ਆਰਥਿਕ ਤੇ ਮਾਨਸਿਕ ਤਣਾਅ ਕਾਰਣ ਕਈ ਘਟਨਾਵਾਂ ਅਜਿਹੀਆਂ ਵਾਪਰੀਆਂ ਹਨ ਕਿ ਮਾਪਿਆਂ ਨੂੰ ਆਪਣੇ ਬੱਚੇ ਤੱਕ ਗੁਆਉਣੇ ਪੈ ਰਹੇ ਹਨ। ਅਜਿਹੀ ਹੀ ਇਕ ਹੋਰ ਦੁਖਦਾਈ ਘਟਨਾ ਪਟਿਆਲਾ ਦੇ ਰਣਜੀਤ ਵਿਹਾਰ ਦੇ ਰਹਿਣ ਵਾਲੇ ਹਰਮਨਦੀਪ ਸਿੰਘ ਭਿੰਡਰ ਨਾਲ ਵਾਪਰੀ ਹੈ, ਜਿਸ ਦੀ ਕੈਨੇਡਾ 'ਚ ਮੌਤ ਹੋ ਗਈ। ਹਰਮਨਦੀਪ ਸਿੰਘ ਦੇ ਮਾਪਿਆਂ ਨੇ ਉਸ ਨੂੰ ਵਿਦੇਸ਼ ਪੜ੍ਹਾਈ ਲਈ ਭੇਜਿਆ ਸੀ।

ਹਰਮਨਦੀਪ ਸਿੰਘ ਦੀ ਮੌਤ ਦੀ ਖ਼ਬਰ ਜਿਵੇਂ ਹੀ ਰਣਜੀਤ ਵਿਹਾਰ 'ਚ ਰਹਿੰਦੇ ਮਾਪਿਆਂ ਨੂੰ ਮਿਲੀ ਤਾਂ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਪਰਿਵਾਰਕ ਮੈਂਬਰ ਜਿਥੇ ਆਪਣੇ ਪੁੱਤਰ ਦੀ ਮੌਤ ਨਾਲ ਸੋਗ 'ਚ ਡੁੱਬੇ ਹੋਏ ਹਨ, ਉਥੇ ਹੀ ਆਪਣੇ ਪੁੱਤਰ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਹਰਮਨਦੀਪ ਸਿੰਘ ਦੇ ਪਿਤਾ ਗੁਰਚਰਨ ਸਿੰਘ ਭਿੰਡਰ ਤੇ ਮਾਤਾ ਜਗਰੂਪ ਕੌਰ ਦਾ ਕਹਿਣਾ ਹੈ ਕਿ ਅਸੀਂ ਕਰਜ਼ਾ ਚੁੱਕ ਕੇ ਆਪਣੇ ਪੁੱਤਰ ਨੂੰ ਕੈਨੇਡਾ ਪੜ੍ਹਾਈ ਲਈ ਭੇਜਿਆ ਸੀ ਪਰ ਅਚਨਚੇਤ ਉਸ ਦੀ ਮੌਤ ਦੀ ਖ਼ਬਰ ਆਉਣ ਨਾਲ ਸਾਡੇ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਪਿਤਾ ਦਾ ਕਹਿਣਾ ਹੈ ਕਿ ਹਰਮਨਦੀਪ ਸਿੰਘ ਨਾਲ ਹਫਤਾ ਪਹਿਲਾ ਗੱਲਬਾਤ ਹੋਈ ਸੀ, ਜੋ ਬਿਲਕੁਲ ਠੀਕ-ਠਾਕ ਸੀ ਪਰ ਅਚਾਨਕ ਕੈਨੇਡਾ ਰਹਿੰਦੇ ਉਨ੍ਹਾਂ ਦੇ ਰਿਸ਼ਤੇਦਾਰਾਂ ਦਾ ਫੋਨ ਆਇਆ ਕਿ ਹਰਮਨਦੀਪ ਦੀ ਅਚਾਨਕ ਮੌਤ ਹੋ ਗਈ ਹੈ।

PunjabKesari

ਪਿਤਾ ਗੁਰਚਰਨ ਸਿੰਘ ਦਾ ਕਹਿਣਾ ਹੈ ਕਿ ਅੱਜ ਉਹ ਆਪਣੇ ਪੁੱਤਰ ਦਾ ਮੂੰਹ ਵੇਖਣ ਨੂੰ ਤਰਸ ਰਹੇ ਹਨ, ਜਦਕਿ ਉਸ ਦੀ ਮ੍ਰਿਤਕ ਦੇਹ ਵਾਪਸ ਲਿਆਉਣ ਲਈ ਉਨ੍ਹਾਂ ਦੀ ਆਰਥਿਕ ਹਾਲਾਤ ਠੀਕ ਨਹੀਂ ਹੈ। ਹਰਮਨਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਜਿਥੇ ਭਾਰਤ ਸਰਕਾਰ ਨੂੰ ਮਦਦ ਦੀ ਗੁਹਾਰ ਲਗਾਈ ਹੈ, ਉਥੇ ਹੀ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਹਰਮਨਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਵਾਪਸ ਲਿਆਉਣ 'ਚ ਉਹ ਉਨ੍ਹਾਂ ਦੀ ਸਹਾਇਤਾ ਕਰਨ।


Related News