ਕੈਨੇਡਾ ਲਿਜਾਣ ਦਾ ਝਾਂਸਾ ਦੇ ਕੇ ਕੀਤਾ ਵਿਆਹ, ਮੁੰਡੇ ਨਾਲ ਮਾਰੀ 24 ਲੱਖ ਰੁਪਏ ਦੀ ਠੱਗੀ

Friday, Dec 08, 2023 - 05:59 PM (IST)

ਕੈਨੇਡਾ ਲਿਜਾਣ ਦਾ ਝਾਂਸਾ ਦੇ ਕੇ ਕੀਤਾ ਵਿਆਹ, ਮੁੰਡੇ ਨਾਲ ਮਾਰੀ 24 ਲੱਖ ਰੁਪਏ ਦੀ ਠੱਗੀ

ਨਵਾਂਸ਼ਹਿਰ (ਤ੍ਰਿਪਾਠੀ) : ਕੈਨੇਡਾ ਲਿਜਾਣ ਦਾ ਝਾਂਸਾ ਦੇ ਕੇ ਝੂਠਾ ਵਿਆਹ ਕਰਵਾ ਕੇ 24 ਲੱਖ ਰੁਪਏ ਦੀ ਠੱਗੀ ਮਾਰਨ ਵਾਲੀ ਕੁੜੀ ਅਤੇ ਉਸਦੇ ਮਾਪਿਆਂ ਖ਼ਿਲਾਫ ਥਾਣਾ ਸਦਰ ਦੀ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਗੁਰਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਹਿਆਤਪੁਰ ਜੱਟਾਂ, ਤਹਿਸੀਲ ਬਲਾਚੌਰ ਨੇ ਦੱਸਿਆ ਕਿ ਉਹ ਵਿਦੇਸ਼ ਜਾਣਾ ਚਾਹੁੰਦਾ ਸੀ, ਜਿਸਦੇ ਸਬੰਧ ਵਿਚ ਉਹ ਆਪਣੇ ਪਿਤਾ ਨਾਲ ਨਵਾਂਸ਼ਹਿਰ ਵਿਚ ਇੱਕ ਟ੍ਰੈਵਲ ਏਜੰਟ ਦੇ ਦਫ਼ਤਰ ਆਇਆ ਸੀ। ਉਸਨੇ ਦੱਸਿਆ ਕਿ ਇਸ ਮੌਕੇ ਤਰਨਦੀਪ ਕੌਰ ਪੁੱਤਰੀ ਪਰਮਿੰਦਰ ਸਿੰਘ ਵਾਸੀ ਲੁਧਿਆਣਾ, ਪਰਮਿੰਦਰ ਸਿੰਘ ਅਤੇ ਜਗਪ੍ਰੀਤ ਕੌਰ ਪਤਨੀ ਪਰਮਿੰਦਰ ਸਿੰਘ ਵਾਸੀ ਲੁਧਿਆਣਾ ਵੀ ਮੌਜੂਦ ਸਨ। ਉਸਨੇ ਉਕਤ ਏਜੰਟ ਨਾਲ ਉਸਦੀ ਗੱਲਬਾਤ ਸੁਣੀ। ਉਸਨੇ ਦੱਸਿਆ ਕਿ ਉਕਤ ਵਿਅਕਤੀ ਬਾਅਦ ਵਿਚ ਉਸਨੂੰ ਵੇਟਿੰਗ ਰੂਮ ਵਿਚ ਮਿਲੇ ਅਤੇ ਦੱਸਿਆ ਕਿ ਉਸਦੀ ਲੜਕੀ ਤਰਨਦੀਪ ਕੌਰ ਨੇ ਆਈਲੈਟਸ ਕੀਤਾ ਹੈ ਅਤੇ ਉਸਦਾ ਆਫਰ ਲੈਟਰ ਵੀ ਆ ਗਿਆ ਹੈ। ਜੋ ਉਸਦੇ ਪੁੱਤਰ ਗੁਰਦੀਪ ਸਿੰਘ ਨੂੰ ਨਾਲ ਲੈ ਕੇ ਕੈਨੇਡਾ ਜਾ ਸਕਦਾ ਹੈ। ਜਿਸ ਲਈ ਉਸਨੇ ਲੜਕੀ ਦੀ ਪੜ੍ਹਾਈ ਦਾ ਸਾਰਾ ਖਰਚ ਚੁੱਕਣ ਦੀ ਸ਼ਰਤ ਰੱਖੀ। 

ਸ਼ਿਕਾਇਤਕਰਤਾ ਨੇ ਕਿਹਾ ਕਿ ਉਸਨੇ ਉਸਦੇ ਸੁਝਾਅ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਪਰ ਬਾਅਦ ਵਿਚ ਵੀ ਉਕਤ ਪਰਿਵਾਰ ਉਸ ਨਾਲ ਫ਼ੋਨ ’ਤੇ ਗੱਲ ਕਰਦਾ ਰਿਹਾ ਅਤੇ ਉਕਤ ਏਜੰਟ ਨਾਲ ਉਸਦੇ ਘਰ ਆ ਗਿਆ। ਉਸਨੇ ਦੱਸਿਆ ਕਿ ਉਸਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਕਾਨੂੰਨ ਦੇ ਦਾਇਰੇ ਤੋਂ ਬਾਹਰ ਕੁੱਝ ਨਹੀਂ ਕਰਨਾ ਚਾਹੁੰਦਾ ਪਰ ਉਕਤ ਵਿਅਕਤੀਆਂ ਨੇ ਉਸਨੂੰ ਆਪਣੇ ਜਾਲ ਵਿਚ ਫਸਾ ਲਿਆ, ਜਿਸ ਕਾਰਨ ਉਸਨੇ ਉਕਤ ਪਰਮਿੰਦਰ ਸਿੰਘ ਦੇ ਬੈਂਕ ਖਾਤੇ ਵਿਚ 8 ਲੱਖ ਰੁਪਏ ਟ੍ਰਾਂਸਫਰ ਕਰ ਦਿੱਤੇ। ਜਿਸ ਤੋਂ ਬਾਅਦ ਉਸਨੇ 6 ਲੱਖ ਰੁਪਏ ਦੀ ਜੀ.ਆਈ.ਸੀ. ਫੀਸ ਵੀ ਟਰਾਂਸਫਰ ਕਰ ਦਿੱਤੀ। ਉਸਨੇ ਦੱਸਿਆ ਕਿ ਇਸ ਤੋਂ ਬਾਅਦ ਉਕਤ ਤਰਨਦੀਪ ਕੌਰ ਦਾ ਵੀਜ਼ਾ ਆ ਗਿਆ। ਜਿਸ ’ਤੇ ਉਸਨੇ ਕਿਹਾ ਕਿ ਲੜਕੇ ਨੂੰ ਬਾਹਰ ਭੇਜਣ ਲਈ ਉਸਨੂੰ ਵਿਆਹ ਕਰਵਾਉਣਾ ਪਵੇਗਾ, ਜਿਸਦਾ ਖਰਚਾ ਵੀ ਉਸਨੇ ਅਦਾ ਕੀਤਾ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਨੇ ਦੂਜੇ ਸਮੈਸਟਰ ਦੀ ਫੀਸ ਸਮੇਤ ਕੁੱਲ 24 ਲੱਖ ਰੁਪਏ ਉਕਤ ਵਿਅਕਤੀਆਂ ਨੂੰ ਦੇ ਦਿੱਤੇ। 

ਕੈਨੇਡਾ ਪਹੁੰਚ ਕੇ ਤਰਨਦੀਪ ਕੌਰ ਨੇ ਲੜਕੇ ਦੇ ਕਾਗਜ਼ ਪੱਤਰ ਗੁਰਦੀਪ ਸਿੰਘ ਨੂੰ ਭੇਜੇ ਪਰ ਇਸਨੂੰ ਰੱਦ ਕਰ ਦਿੱਤਾ ਗਿਆ ਕਿਉਂਕਿ ਲੜਕੀ ਨੇ ਗੁਰਦੀਪ ਨਾਲ ਉਸਦੇ ਫੋਨ ’ਤੇ ਸੰਪਰਕ ਕਰਨਾ ਸੀ ਪਰ ਉਸਨੇ ਜਾਣਬੁੱਝ ਕੇ ਸੰਪਰਕ ਨਹੀਂ ਕੀਤਾ। ਉਸਨੇ ਦੱਸਿਆ ਕਿ ਹੁਣ ਉਹ ਲੜਕੇ ਤੋਂ ਤਲਾਕ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਉਸ ਵੱਲੋਂ ਖਰਚ ਕੀਤੇ ਪੈਸੇ ਵਾਪਸ ਕਰਨ ਤੋਂ ਵੀ ਇਨਕਾਰ ਕੀਤਾ ਜਾ ਰਿਹਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਪੁਲਸ ਕੋਲ ਸ਼ਿਕਾਇਤ ਕਰਨ ’ਤੇ ਉਕਤ ਵਿਅਕਤੀਆਂ ਨੇ ਸਮਝੌਤਾ ਕਰ ਲਿਆ ਅਤੇ ਕਿਸ਼ਤਾਂ ਵਿਚ ਪੈਸੇ ਵਾਪਸ ਕਰਨ ਦਾ ਵਾਅਦਾ ਕੀਤਾ ਪਰ ਵਾਅਦਾ ਪੂਰਾ ਨਹੀਂ ਕੀਤਾ। ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਉਸਨੇ ਆਪਣੇ ਪੈਸੇ ਵਾਪਸ ਦਿਵਾਉਣ ਅਤੇ ਦੋਸ਼ੀਆਂ ਖ਼ਿਲਾਫ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਡੀ.ਐੱਸ.ਪੀ. ਪੱਧਰ ਦੇ ਅਧਿਕਾਰੀ ਵੱਲੋਂ ਉਕਤ ਸ਼ਿਕਾਇਤ ਦੀ ਜਾਂਚ ਕਰਨ ਉਪਰੰਤ ਦਿੱਤੀ ਗਈ ਨਤੀਜਾ ਰਿਪੋਰਟ ਦੇ ਆਧਾਰ ’ਤੇ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਿਸ ਨੇ ਤਰਨਦੀਪ ਕੌਰ, ਪਰਮਿੰਦਰ ਸਿੰਘ ਅਤੇ ਜਗਪ੍ਰੀਤ ਕੌਰ ਖ਼ਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News