ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 65 ਲੱਖ ਦੀ ਠੱਗੀ, ਔਰਤ ਸਮੇਤ 3 ’ਤੇ ਮਾਮਲਾ ਦਰਜ
Friday, Dec 29, 2023 - 05:15 PM (IST)
ਫ਼ਰੀਦਕੋਟ (ਰਾਜਨ) : ਵਿਦੇਸ਼ ਭੇਜਣ ਦੇ ਮਾਮਲੇ ਵਿਚ 65 ਲੱਖ ਦੀ ਠੱਗੀ ਮਾਰਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ’ਤੇ ਜ਼ਿਲ੍ਹੇ ਦੇ ਸੀਨੀਅਰ ਪੁਲਸ ਕਪਤਾਨ ਹਰਜੀਤ ਸਿੰਘ ਵੱਲੋਂ ਦਰਖਾਸਤੀ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਦਿੱਤੇ ਗਏ ਨਿਰਦੇਸ਼ ਅਨੁਸਾਰ ਇਕ ਔਰਤ ਸਮੇਤ ਤਿੰਨ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੀ ਕਾਰਵਾਈ ਕਰ ਰਹੇ ਸਹਾਇਕ ਥਾਣੇਦਾਰ ਗੁਰਮੁਖ ਸਿੰਘ ਫ਼ਰੀਦਕੋਟ ਨੇ ਦੱਸਿਆ ਕਿ ਸ਼ਿਕਾਇਤਕਰਤਾ ਹਰੀਸ਼ ਕੁਮਾਰ ਪੁੱਤਰ ਟਹਿਲ ਰਾਮ ਵਾਸੀ ਜੈਤੋ ਨੇ ਜ਼ਿਲ੍ਹੇ ਦੇ ਸੀਨੀਅਰ ਪੁਲਸ ਕਪਤਾਨ ਨੂੰ ਸ਼ਿਕਾਇਤ ਕੀਤੀ ਸੀ ਕਿ ਉਸਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਇਕ ਵਰਾਇਟੀ ਸਟੋਰ ਚਲਾ ਰਿਹਾ ਹੈ।
ਸ਼ਿਕਾਇਤਕਰਤਾ ਅਨੁਸਾਰ ਦਿਵੇਸ਼ ਜੈਨ ਪੁੱਤਰ ਬਾਲ ਕ੍ਰਿਸ਼ਨ, ਰਾਖੀ ਜੈਨ ਪਤਨੀ ਦਿਵੇਸ਼ ਜੈਨ ਅਤੇ ਬਾਲ ਕ੍ਰਿਸ਼ਨ ਪੁੱਤਰ ਮਦਨ ਲਾਲ ਵਾਸੀ ਨੇੜੇ ਮਹਾਂਵੀਰ ਪਾਰਕ ਜੈਤੋ ਉਸ ਕੋਲੋਂ ਸਟੋਰ ’ਤੇ ਸੌਦਾ ਲੈਣ ਲਈ ਆਉਂਦੇ ਰਹਿੰਦੇ ਸਨ ਜਿਸ ਕਰਕੇ ਉਸਦੀ ਇਨ੍ਹਾਂ ਨਾਲ ਜਾਣ ਪਛਾਣ ਹੋ ਗਈ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਉਹ ਹੋਰ ਕਾਮਯਾਬ ਹੋਣ ਲਈ ਵਿਦੇਸ਼ ਜਾਣ ਦਾ ਚਾਹਵਾਨ ਸੀ ਅਤੇ ਜਦੋਂ ਵਿਦੇਸ਼ ਜਾਣ ਲਈ ਉਸਦੀ ਇਨ੍ਹਾਂ ਨਾਲ ਗੱਲਬਾਤ ਹੋਈ ਤਾਂ ਇਨ੍ਹਾਂ ਉਸਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 65 ਲੱਖ ਰੁਪਏ ਦੀ ਠੱਗੀ ਮਾਰੀ ਹੈ। ਸਹਾਇਕ ਥਾਣੇਦਾਰ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਐੱਸ. ਐੱਸ. ਪੀ ਵੱਲੋਂ ਕਰਵਾਈ ਗਈ ਪੜਤਾਲ ਵਿਚ ਸ਼ਿਕਾਇਤ ਕਰਤਾ ਵੱਲੋਂ ਲਗਾਏ ਗਏ ਦੋਸ਼ ਸਹੀ ਪਾਏ ਜਾਣ ’ਤੇ ਉਕਤ ਤਿੰਨਾਂ ਖ਼ਿਲਾਫ਼ ਅਧੀਨ ਧਾਰਾ 420,120 ਬੀ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।