ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 15 ਲੱਖ 20 ਹਜ਼ਾਰ ਦੀ ਠੱਗੀ

03/28/2022 5:50:32 PM

ਮੋਗਾ (ਅਜ਼ਾਦ) : ਮੋਗਾ ਜ਼ਿਲ੍ਹੇ ਦੀ ਸਬ-ਡਵੀਜ਼ਨ ਧਰਮਕੋਟ ਨਿਵਾਸੀ ਗੁਰਮੀਤ ਸਿੰਘ ਔਲਖ਼ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਪਤੀ-ਪਤਨੀ ਵੱਲੋਂ 15 ਲੱਖ 20 ਹਜ਼ਾਰ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਐਂਟੀ ਹਿਊਮਨ ਟਰੈਫਿਕਿੰਗ ਸੈੱਲ ਮੋਗਾ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਕਥਿਤ ਦੋਸ਼ੀਆਂ ਰਾਕੇਸ਼ ਕੁਮਾਰ ਉਰਫ ਬੰਟੀ ਅਤੇ ਰਾਜਵੰਤ ਕੌਰ ਉਰਫ਼ ਤਮੰਨਾ ਨਿਵਾਸੀ ਨਮਨ ਇਨਕਲੇਵ ਨੇੜੇ ਟਰੱਕ ਯੂਨੀਅਨ ਜ਼ੀਰਾ ਖ਼ਿਲਾਫ਼ ਥਾਣਾ ਧਰਮਕੋਟ ਵਿਚ ਧੋਖਾਦੇਹੀ ਅਤੇ ਕਥਿਤ ਮਿਲੀਭੁਗਤ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਗੁਰਮੀਤ ਸਿੰਘ ਨੇ ਕਿਹਾ ਕਿ ਉਹ ਕੈਨੇਡਾ ਜਾਣ ਦਾ ਚਾਹਵਾਨ ਸੀ ਅਤੇ ਉਸਦੀ ਸਾਲ 2020 ਵਿਚ ਰਾਜਵੰਤ ਕੌਰ ਅਤੇ ਰਾਕੇਸ਼ ਕੁਮਾਰ ਨਾਲ ਮੁਲਾਕਾਤ ਹੋਈ, ਜਿਨ੍ਹਾਂ ਉਸ ਨੂੰ ਕਿਹਾ ਕਿ ਉਹ ਉਸ ਨੂੰ ਆਪਣੀ ਲੜਕੀ ਦਾ ਗਾਰਡੀਅਨ ਬਣਾ ਕੇ ਕੈਨੇਡਾ ਭੇਜ ਦੇਣਗੇ, ਜਿਸ ਉਪਰ 18 ਲੱਖ ਰੁਪਏ ਖਰਚਾ ਆਵੇਗਾ, ਜਿਸ ’ਤੇ ਮੈਂ ਵੱਖ-ਵੱਖ ਤਰੀਕਿਆਂ ਰਾਹੀਂ ਬੈਂਕ ਖਾਤਿਆਂ ਰਾਹੀਂ 15 ਲੱਖ 20 ਹਜ਼ਾਰ ਰੁਪਏ ਦੇ ਦਿੱਤੇ।

ਕਥਿਤ ਦੋਸ਼ੀਆਂ ਨੇ ਆਪਣੇ ਕੋਲੋਂ ਮੇਰਾ ਫਰਜ਼ੀ ਪਾਸਪੋਰਟ ਤਿਆਰ ਕਰਵਾ ਕੇ ਦੇ ਦਿੱਤਾ, ਜਦੋਂ ਮੈਂਨੂੰ ਸ਼ੱਕ ਹੋਇਆ ਤਾਂ ਮੈਂ ਪੜਤਾਲ ਕੀਤੀ ਤਾਂ ਮੈਨੂੰ ਪਤਾ ਲੱਗਾ ਕਿ ਕਥਿਤ ਦੋਸ਼ੀਆਂ ਵੱਲੋਂ ਜੋ ਪਾਸਪੋਰਟ ਦਿੱਤਾ ਗਿਆ ਹੈ, ਉਕਤ ਪਾਸਪੋਰਟ ਪ੍ਰਦੀਪ ਕੌਰ ਨਿਵਾਸੀ ਪਿੰਡ ਭਲੂਰ ਦੇ ਨਾਮ ’ਤੇ 26 ਦਸੰਬਰ 2012 ਨੂੰ ਪਾਸਪੋਰਟ ਦਫਤਰ ਅੰਮ੍ਰਿਤਸਰ ਤੋਂ ਜਾਰੀ ਹੋਇਆ ਹੈ, ਜਿਸ ’ਤੇ ਮੈਂ ਕਥਿਤ ਦੋਸ਼ੀਆਂ ਨਾਲ ਗੱਲ ਕੀਤੀ ਅਤੇ ਆਪਣੇ ਪੈਸੇ ਵਾਪਸ ਮੰਗੇ। ਇਸ ਦੌਰਾਨ ਉਨ੍ਹਾਂ ਨੇ ਮੈਨੂੰ 12 ਲੱਖ 50 ਹਜ਼ਾਰ ਰੁਪਏ ਦੇ ਚੈਕ ਦੇ ਦਿੱਤੇ ਪਰ ਜਦੋਂ ਮੈਂ ਉਕਤ ਚੈੱਕ ਬੈਂਕ ਵਿਚ ਲਗਾਏ ਤਾਂ ਦਸਤਖ਼ਤ ਸਹੀ ਨਾ ਹੋਣ ਕਾਰਣ ਪਾਸ ਨਹੀਂ ਹੋਏ। ਇਸ ਤਰ੍ਹਾਂ ਕਥਿਤ ਦੋਸ਼ੀਆਂ ਨੇ ਮਿਲੀਭੁਗਤ ਕਰ ਕੇ ਮੇਰੇ ਨਾਲ ਲੱਖਾਂ ਰੁਪਏ ਦੀ ਠੱਗੀ ਕੀਤੀ ਹੈ। ਜ਼ਿਲ੍ਹਾ ਪੁਲਸ ਮੁਖੀ ਮੋਗਾ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੀ ਜਾਂਚ ਐਂਟੀ ਹਿਊਮਨ ਟਰੈਫਿਕਿੰਗ ਸੈਲ ਮੋਗਾ ਦੇ ਇੰਚਾਰਜ ਇੰਸਪੈਕਟਰ ਚੰਨਣ ਸਿੰਘ ਨੂੰ ਕਰਨ ਦਾ ਆਦੇਸ਼ ਦਿੱਤਾ।

ਜਾਂਚ ਸਮੇਂ ਪਤਾ ਲੱਗਾ ਕਿ ਕਥਿਤ ਦੋਸ਼ੀਆਂ ਖਿਲਾਫ਼ ਪਹਿਲਾਂ ਵੀ ਧੋਖਾਦੇਹੀ ਦੇ ਮਾਮਲੇ ਥਾਣਾ ਸਦਰ ਹੁਸ਼ਿਆਰਪੁਰ ਅਤੇ ਥਾਣਾ ਸਿਟੀ ਜ਼ੀਰਾ ਵਿਚ ਦਰਜ ਹਨ। ਜਾਂਚ ਅਧਿਕਾਰੀ ਵੱਲੋਂ ਜਾਂਚ ਸਮੇਂ ਦੋਹਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਦੇ ਲਈ ਬੁਲਾਇਆ। ਜਾਂਚ ਦੇ ਬਾਅਦ ਜਾਂਚ ਅਧਿਕਾਰੀ ਨੂੰ ਪਤਾ ਲੱਗਾ ਕਿ ਕਥਿਤ ਦੋਸ਼ੀਆਂ ਵੱਲੋਂ ਜੋ ਪਾਸਪੋਰਟ ਗੁਰਮੀਤ ਸਿੰਘ ਨੂੰ ਬਣਾ ਕੇ ਦਿੱਤਾ ਸੀ ਉਹ ਜਾਅਲੀ ਹੈ ਅਤੇ ਕਿਸੇ ਹੋਰ ਦੇ ਨਾਮ ’ਤੇ ਬਣਿਆ ਹੋਇਆ ਹੈ। ਜਾਂਚ ਦੇ ਬਾਅਦ ਕਥਿਤ ਦੋਸ਼ੀਆਂ ਦੇ ਖਿਲਾਫ਼ ਉਕਤ ਮਾਮਲਾ ਦਰਜ ਕੀਤਾ ਗਿਆ, ਗ੍ਰਿਫਤਾਰੀ ਬਾਕੀ ਹੈ।


Gurminder Singh

Content Editor

Related News