ਟੁੱਟੀਆਂ ਸਡ਼ਕਾਂ ਤੇ ਅਾਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਲੰਬੇ ਸਮੇਂ ਤੋਂ ਜੂਝ ਰਹੇ ਹਨ ਕਪੂਰਥਲਾ ਨਿਵਾਸੀ

07/30/2018 4:20:14 AM

 ਕਪੂਰਥਲਾ,   (ਗੁਰਵਿੰਦਰ ਕੌਰ)-  ਰਿਆਸਤੀ ਤੇ ਵਿਰਾਸਤੀ ਸ਼ਹਿਰ ਕਪੂਰਥਲਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਟੁੱਟੀਆਂ ਸਡ਼ਕਾਂ ਤੇ ਅਾਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਜੂਝ ਰਹੇ ਹਨ। ਕਾਂਗਰਸ ਸਰਕਾਰ ਆਉਣ ’ਤੇ ਲੋਕਾਂ ਨੂੰ ਆਸ ਬੱਝ ਗਈ ਸੀ ਕਿ ਸ਼ਾਇਦ ਹੁਣ ਸ਼ਹਿਰ ਦੀਆਂ ਸਡ਼ਕਾਂ ਬਣ ਜਾਣਗੀਆਂ ਪਰ ਸ਼ਹਿਰ ਨਿਵਾਸੀਆਂ ਦੀ ਇਹ ਆਸ ਵੀ ਟੁੱਟਦੀ ਹੀ ਨਜ਼ਰ ਆ ਰਹੀ ਹੈ। ਇਸੇ ਤਰ੍ਹਾਂ ਕੁਝ ਸਮਾਂ ਪਹਿਲਾਂ ਪ੍ਰਸ਼ਾਸਨ ਵੱਲੋਂ ਪਸ਼ੂਆਂ ਨੂੰ ਫਡ਼ ਕੇ ਗਊਸ਼ਾਲਾਵਾਂ ’ਚ ਭੇਜਣ ਦੀ ਵੀ ਮੁਹਿੰਮ ਚਲਾਈ ਗਈ ਸੀ ਹੁਣ ਇਹ ਵੀ ਮੁਹਿੰਮ ਠੰਡੇ ਬਸਤੇ ’ਚ ਪਈ ਨਜ਼ਰ ਆ ਰਹੀ ਹੈ। 
ਸ਼ਹਿਰ ’ਚ ਅਾਵਾਰਾ ਪਸ਼ੂਆਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋ  ਰਿਹਾ ਹੈ, ਜਿਸ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਪਸ਼ੂਆਂ ਨੂੰ ਫਡ਼ਨ ਲਈ ਮੁਹਿੰਮ ਵੀ ਚਲਾਈ  ਗਈ ਸੀ, ਜਿਸ ਤਹਿਤ 8 ਦੇ ਕਰੀਬ ਪਸ਼ੂਆਂ ਨੂੰ ਫਡ਼ ਕੇ ਗਊਸ਼ਾਲਾ ’ਚ ਵੀ ਭੇਜਿਆ ਗਿਆ ਸੀ ਪਰ ਇਹ  ਮੁਹਿੰਮ ਵੀ ਠੁੱਸ ਹੋ ਕੇ ਰਹਿ ਗਈ। ਇਹ ਅਾਵਾਰਾ ਪਸ਼ੂ ਸਡ਼ਕਾਂ ’ਤੇ ਬੇਖੌਫ ਹੋ ਕੇ ਘੁੰਮਦੇ  ਰਹਿੰਦੇ ਹਨ ਤੇ ਅਚਾਨਕ ਕਿਸੇ ਨਾ ਕਿਸੇ ਵਾਹਨ ਅੱਗੇ ਆ ਜਾਂਦੇ ਹਨ ਜਿਸ ਨੂੰ ਬਚਾਉਣ ਦੇ  ਚੱਕਰ ’ਚ ਵਾਹਨ ਚਾਲਕ ਜ਼ਖਮੀ ਹੋ ਜਾਂਦੇ ਹਨ।
ਸ਼ਹਿਰ ਨਿਵਾਸੀ, ਸਮਾਜ ਸੇਵੀ ਸੰਸਥਾਵਾਂ ਤੇ ਦੁਕਾਨਦਾਰਾਂ ਨੇ  ਕਈ ਵਾਰ ਪ੍ਰਸ਼ਾਸਨ ਨੂੰ ਇਨ੍ਹਾਂ ਸਮੱਸਿਆਵਾਂ ਤੋਂ ਨਿਜਾਤ ਦਿਵਾਉਣ ਲਈ ਮੰਗ ਪੱਤਰ ਵੀ  ਦਿੱਤੇ ਤੇ ਸਮੱਸਿਆਵਾਂ ਤੋਂ ਜਾਣੂ ਵੀ ਕਰਵਾਇਆ ਪਰ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ।  ਜਿਥੇ ਸ਼ਹਿਰ ਦੀਆਂ ਸਡ਼ਕਾਂ ਟੁੱਟਦੀਆਂ ਜਾ ਰਹੀਆਂ ਹਨ, ਉਥੇ ਹੀ ਅਾਵਾਰਾ ਪਸ਼ੂਆਂ ਦੀ ਗਿਣਤੀ  ’ਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸਨੇ ਸ਼ਹਿਰ ਨਿਵਾਸੀਆਂ ਦੇ ਨੱਕ ’ਚ ਦਮ ਕਰ ਕੇ  ਰੱਖਿਆ ਹੋਇਆ ਹੈ। 
ਸ਼ਹਿਰ ਦੀਆਂ ਕੁਝ ਮਹੱਤਵਪੂਰਨ ਸਡ਼ਕਾਂ, ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ
 ਸ਼ਹਿਰ ਦੀਆਂ ਮੁੱਖ ਸਡ਼ਕਾਂ ਜਿਵੇਂ ਚਾਰਬੱਤੀ ਚੌਕ, ਫੁਹਾਰਾ ਚੌਕ, ਬੱਕਰਖਾਨਾ ਚੌਕ ਤੋਂ ਮਹਿਤਾਬਗਡ਼੍ਹ ਬਾਈਪਾਸ, ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਰੋਡ, ਕਾਲਾ ਸੰਘਿਅਾਂ ਫਾਟਕ ਰੋਡ, ਪੀਰ ਚੌਧਰੀ ਰੋਡ ਆਦਿ ਪ੍ਰਮੁੱਖ ਸਡ਼ਕਾਂ ਜਿਨ੍ਹਾਂ ਦੀ ਹਾਲਤ ਬੇਹੱਦ ਖਸਤਾ ਹੈ, ਨੂੰ ਲੈ ਕੇ ਲੋਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਨ੍ਹਾਂ ਖਸਤਾ ਸਡ਼ਕਾਂ ਤੋਂ ਵਾਹਨ ਲੈ ਕੇ ਜਾਣਾ ਤਾਂ ਦੂਰ ਦੀ ਗੱਲ ਚੱਲਣਾ ਵੀ ਮੁਸ਼ਕਲ ਹੋਇਆ ਪਿਆ ਹੈ। ਕਈ ਸਾਲ ਬੀਤ ਜਾਣ ਤੋਂ ਬਾਅਦ ਵੀ ਇਨ੍ਹਾਂ ਸਡ਼ਕਾਂ ਦੀ ਅਜੇ ਤਕ ਕੋਈ ਸੁਣਵਾਈ ਨਹੀਂ ਹੋਈ ਹੈ।
ਸਡ਼ਕਾਂ ’ਤੇ ਖੜ੍ਹੇ ਪਾਣੀ ਕਾਰਨ ਰਾਹਗੀਰਾਂ ਨੂੰ ਕਰਨਾ ਪੈਂਦਾ ਹੈ ਪ੍ਰੇਸ਼ਾਨੀਅਾਂ ਦਾ ਸਾਹਮਣਾ
 ਸਾਉਣ ਦੇ ਮਹੀਨੇ ’ਚ ਪੈ ਰਹੀਆਂ ਬਰਸਾਤਾਂ ਦਾ ਇਕ ਪਾਸੇ ਜਿੰਨੇ ਲੋਕ ਆਨੰਦ ਮਾਣ ਰਹੇ ਹਨ, ਉਥੇ ਹੀ ਦੂਜੇ ਪਾਸੇ ਟੁੱਟੀਆਂ ਸਡ਼ਕਾਂ, ਜਾਮ ਨਾਲੀਆਂ ਤੇ ਸਡ਼ਕਾਂ ਵਿਚਕਾਰ ਪਏ ਵੱਡੇ-ਵੱਡੇ ਟੋਇਅਾਂ ਨੇ ਰਾਹਗੀਰਾਂ ਦੇ ਨੱਕ ’ਚ ਦਮ ਕੀਤਾ ਹੋਇਆ ਹੈ। ਸ਼ਹਿਰ ਦੀਆਂ ਕੁਝ ਸਡ਼ਕਾਂ ਤਾਂ ਅਜਿਹੀਆਂ ਹਨ, ਜਿਥੇ ਸਡ਼ਕ ਘੱਟ ਤੇ ਟੋਏ ਜ਼ਿਆਦਾ ਨਜ਼ਰ ਆ ਰਹੇ ਹਨ ਤੇ ਮੀਂਹ ਕਾਰਨ ਇਨ੍ਹਾਂ ਟੋਇਆਂ ’ਚ ਪਾਣੀ ਭਰ ਜਾਂਦਾ ਹੈ, ਜਿਸ ਕਾਰਨ ਆਉਂਦੇ ਜਾਂਦੇ ਰਾਹਗੀਰ ਇਨ੍ਹਾਂ ਟੋਇਆਂ ਦਾ ਸ਼ਿਕਾਰ ਹੋ ਰਹੇ ਹਨ ਤੇ ਸਬੰਧਤ ਵਿਭਾਗ ਨੂੰ ਕੋਸ ਰਹੇ ਹਨ।
 


Related News