ਪਾਕਿਸਤਾਨ ਤੋਂ ਨਸ਼ੇ ਤੇ ਹਥਿਆਰਾਂ ਦੀ ਤਸਕਰੀ ਨਾਲ ਜੁੜੇ ਗੈਂਗ ਦਾ ਪਰਦਾਫ਼ਾਸ਼! ISI ਨਾਲ ਵੀ ਜੁੜੇ ਤਾਰ
Thursday, Jan 15, 2026 - 06:22 PM (IST)
ਬਰਨਾਲਾ (ਜ.ਬ.): ਬਰਨਾਲਾ ਪੁਲਸ ਅਤੇ CIA ਸਟਾਫ਼ ਨੇ ਇਕ ਵੱਡੀ ਸਫਲਤਾ ਹਾਸਲ ਕਰਦਿਆਂ ਪਾਕਿਸਤਾਨ ਤੋਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਨਾਲ ਜੁੜੇ ਇਕ ਅੰਤਰਰਾਸ਼ਟਰੀ ਗੈਂਗ ਦਾ ਪਰਦਾਫਾਸ਼ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਟਿਆਲਾ ਰੇਂਜ ਦੇ ਡੀ.ਆਈ.ਜੀ. ਕੁਲਦੀਪ ਸਿੰਘ ਚਾਹਲ ਅਤੇ ਐਸ.ਐਸ.ਪੀ. ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲਿਸ ਨੇ ਗੈਂਗ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 2 ਕਿਲੋ 7 ਗ੍ਰਾਮ ਹੈਰੋਇਨ ਅਤੇ ਇਕ ਆਸਟ੍ਰੀਅਨ ਮੇਡ ਵਿਦੇਸ਼ੀ ਗਲੌਕ 9mm ਪਿਸਤੌਲ ਬਰਾਮਦ ਕੀਤੀ ਹੈ।
ਫੜੇ ਗਏ ਮੁਲਜ਼ਮਾਂ ਦੀ ਪਛਾਣ ਗਗਨਦੀਪ ਸਿੰਘ ਉਰਫ ਗਗਨ (ਨਿਵਾਸੀ ਹਮੀਦੀ, ਬਰਨਾਲਾ), ਰਾਜਕਰਨ ਸਿੰਘ ਉਰਫ ਘੋਘਾ (ਨਿਵਾਸੀ ਚੱਕ ਵਜੀਦਕਾ, ਫਾਜ਼ਿਲਕਾ) ਅਤੇ ਸਰਜ ਸਿੰਘ (ਨਿਵਾਸੀ ਹਬੀਬਵਾਲਾ, ਫਿਰੋਜ਼ਪੁਰ) ਵਜੋਂ ਹੋਈ ਹੈ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਗੈਂਗ ਪਾਕਿਸਤਾਨੀ ਖੁਫੀਆ ਏਜੰਸੀ ISI ਦੇ ਨਜ਼ਦੀਕੀ ਮੰਨੇ ਜਾਂਦੇ ਏਜੰਟ 'ਹਾਜੀ' ਦੇ ਸਿੱਧੇ ਸੰਪਰਕ ਵਿਚ ਸੀ।
ਫਰੀਦਕੋਟ ਜੇਲ੍ਹ ਵਿਚ ਰਚੀ ਗਈ ਸੀ ਸਾਜ਼ਿਸ਼
ਪੁੱਛਗਿੱਛ ਦੌਰਾਨ ਇਹ ਹੈਰਾਨੀਜਨਕ ਖੁਲਾਸਾ ਹੋਇਆ ਕਿ ਮੁਲਜ਼ਮ ਗਗਨਦੀਪ ਸਿੰਘ ਜਦੋਂ ਫਰੀਦਕੋਟ ਜੇਲ੍ਹ ਵਿਚ ਬੰਦ ਸੀ, ਤਾਂ ਉਸ ਦੀ ਮੁਲਾਕਾਤ ਜੱਜ ਸਿੰਘ ਉਰਫ ਜੱਜ ਨਾਮ ਦੇ ਵਿਅਕਤੀ ਨਾਲ ਹੋਈ ਸੀ। ਜੱਜ ਸਿੰਘ, ਜੋ ਪਹਿਲਾਂ ਹੀ ਪਾਕਿਸਤਾਨੀ ਏਜੰਟ ਹਾਜੀ ਦੇ ਸੰਪਰਕ ਵਿਚ ਸੀ, ਨੇ ਹੀ ਗਗਨਦੀਪ ਦਾ ਸੰਪਰਕ ਹਾਜੀ ਅਤੇ ਆਪਣੇ ਦੋਸਤਾਂ ਸਰਜ ਅਤੇ ਰਾਜਕਰਨ ਨਾਲ ਕਰਵਾਇਆ ਸੀ। ਇਹ ਮੁਲਜ਼ਮ ਮੋਬਾਈਲ ਫੋਨਾਂ ਰਾਹੀਂ ਪਾਕਿਸਤਾਨੀ ਏਜੰਟਾਂ ਨਾਲ ਜੁੜ ਕੇ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਸਨ।
ਪਾਕਿਸਤਾਨ ਭੇਜੀਆਂ BSF ਚੈੱਕਪੁਆਇੰਟਾਂ ਦੀਆਂ ਤਸਵੀਰਾਂ
ਇਹ ਗੈਂਗ ਨਾ ਸਿਰਫ਼ ਨਸ਼ਾ ਤਸਕਰੀ ਅਤੇ ਹਥਿਆਰਾਂ ਦੀ ਸਪਲਾਈ ਕਰਦਾ ਸੀ, ਸਗੋਂ ਭਾਰਤ ਵਿਰੋਧੀ ਗਤੀਵਿਧੀਆਂ ਅਤੇ ਜਾਸੂਸੀ ਵਿਚ ਵੀ ਸ਼ਾਮਲ ਸੀ। ਮੁਲਜ਼ਮ ਸਰਜ ਸਿੰਘ ਨੇ ਪੈਸਿਆਂ ਦੇ ਲਾਲਚ ਵਿਚ BSF ਚੈੱਕਪੁਆਇੰਟਾਂ ਦੀਆਂ ਤਸਵੀਰਾਂ ਵੀ ਪਾਕਿਸਤਾਨੀ ਏਜੰਟ ਨੂੰ ਭੇਜੀਆਂ ਸਨ। ਇਸ ਤੋਂ ਇਲਾਵਾ, ਰਾਜਕਰਨ ਸਿੰਘ ਪਾਕਿਸਤਾਨੀ ਏਜੰਟ ਵੱਲੋਂ ਦਿੱਤੇ ਗਏ ਬੈਂਕ ਖਾਤਿਆਂ ਦਾ ਪ੍ਰਬੰਧ ਦੇਖਦਾ ਸੀ। ਇਸ ਕਾਲੇ ਕਾਰੋਬਾਰ ਤੋਂ ਕਮਾਏ ਪੈਸੇ ਦੀ ਵਰਤੋਂ ਦੇਸ਼ ਵਿਚ ਅੱਤਵਾਦ ਫੈਲਾਉਣ ਵਾਲਿਆਂ ਨੂੰ ਫੰਡ ਦੇਣ ਅਤੇ ਜਾਸੂਸੀ ਕਰਨ ਵਾਲਿਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਕੀਤੀ ਜਾਂਦੀ ਸੀ।
ਡੀ.ਆਈ.ਜੀ. ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਮੁਲਜ਼ਮਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਇਸ ਅੰਤਰਰਾਸ਼ਟਰੀ ਨੈੱਟਵਰਕ ਨਾਲ ਜੁੜੇ ਹੋਰ ਮੈਂਬਰਾਂ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾ ਸਕੇ। ਉਨ੍ਹਾਂ ਸਪੱਸ਼ਟ ਕੀਤਾ ਕਿ ਨਸ਼ਾ ਤਸਕਰੀ ਅਤੇ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।
