ਰਿਸ਼ਵਤ ਮਾਮਲਾ : ਸਾਬਕਾ ਐੱਸ. ਪੀ. ਦੇਸਰਾਜ ਦੋਸ਼ੀ ਕਰਾਰ, ਅੱਜ ਹੋਵੇਗੀ ਸਜ਼ਾ

08/09/2018 6:37:59 AM

ਚੰਡੀਗਡ਼੍ਹ, (ਸੰਦੀਪ)- ਇਕ ਲੱਖ ਰੁਪਏ ਰਿਸ਼ਵਤ ਲੈਣ ਦੇ ਮਾਮਲੇ ’ਚ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਸਾਬਕਾ ਐੱਸ. ਪੀ. ਦੇਸਰਾਜ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ। ਦੇਸਰਾਜ ਨੂੰ 10 ਅਗਸਤ ਨੂੰ ਸਜ਼ਾ ਸੁਣਾਈ ਜਾਵੇਗੀ।  ਸੀ. ਬੀ. ਆਈ. ਨੇ 2012 ’ਚ ਚੰਡੀਗਡ਼੍ਹ ਪੁਲਸ ਵਿਭਾਗ ’ਚ ਹੀ ਤਾਇਨਾਤ ਇੰਸਪੈਕਟਰ ਅਨੋਖ ਸਿੰਘ ਦੀ ਸ਼ਿਕਾਇਤ ’ਤੇ ਐੱਸ. ਪੀ. ਨੂੰ ਇਕ ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਸੀ।
  ਇਸ ਤੋਂ ਪਹਿਲਾਂ ਬਚਾਅ  ਧਿਰ ਵਲੋਂ ਅਾਖਰੀ ਬਹਿਸ ’ਚ ਦਲੀਲ ਦਿੱਤੀ ਗਈ ਸੀ ਕਿ ਸੀ. ਬੀ. ਆਈ.  ਵਲੋਂ ਪੇਸ਼ ਕੀਤੀ ਗਈ ਟਰੈਪ ਸਮੇਂ ਦੀ ਰਿਕਾਰਡਿੰਗ ਠੀਕ ਨਹੀਂ ਹੈ। ਐੱਸ. ਪੀ. ਨੂੰ ਫਸਾਉਣ ਲਈ ਇਹ ਰਕਮ ਪਲਾਂਟ ਕੀਤੀ ਗਈ ਸੀ। ਇੰਸਪੈਕਟਰ ਅਨੋਖ ਸਿੰਘ ਐੱਸ. ਪੀ. ਨੂੰ ਮਿਲਣ ਆਇਆ ਸੀ ਤੇ ਜਦੋਂ ਐੱਸ. ਪੀ. ਇਕ ਮਿੰਟ ਲਈ ਦੂਜੇ ਕਮਰੇ ’ਚ ਗਏ ਤਾਂ ਉਸ ਦੌਰਾਨ ਉਸਨੇ ਸ਼ਾਇਦ ਇਹ ਪੈਸੇ ਉਨ੍ਹਾਂ ਦੇ ਡਰਾਜ ’ਚ ਰੱਖ ਦਿੱਤੇ ਹੋਣਗੇ। ਬਚਾਅ ਪੱਖ ਨੇ ਦੇਸਰਾਜ ਤੇ ਅਨੋਖ ਸਿੰਘ  ’ਚ ਹੋਈ ਕਾਲ ਦੀ ਰਿਕਾਰਡਿੰਗ ਨੂੰ ਵੀ ਝੂਠਾ ਦੱਸਿਆ ਸੀ। ਇਸ ਤੋਂ ਇਲਾਵਾ ਟਰੈਪ ਦੌਰਾਨ ਐੱਸ. ਪੀ. ਜਿਹੜੀ ਇਨਕੁਆਰੀ ਦੀ ਗੱਲ ਕਰ ਰਹੇ ਸਨ, ਉਹ ਕਾਂਸਟੇਬਲ ਰਮੇਸ਼ ਨੇ ਕੀਤੀ ਸੀ।
 ਸੀ. ਬੀ. ਆਈ.  ਵਲੋਂ ਪੇਸ਼ ਹੋਏ ਸਰਕਾਰੀ ਵਕੀਲ  ਨੇ ਬਹਿਸ ’ਚ ਦਲੀਲ ਦਿੱਤੀ ਕਿ ਜਾਂਚ ਏਜੰਸੀ ਨੇ ਐੱਸ. ਪੀ. ਦੇਸਰਾਜ ਦੇ ਵਾਇਸ ਸੈਂਪਲ ਸੀ. ਐੱਫ. ਐੱਸ. ਐੱਲ. ਨੂੰ ਭੇਜੇ ਸਨ, ਜਿਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਉਥੇ ਹੀ ਇੰਸਪੈਕਟਰ ’ਤੇ ਉਸਨੂੰ ਫਸਾਉਣ ਲਈ ਰਕਮ ਪਲਾਂਟ ਕਰਨ ’ਤੇ ਉਨ੍ਹਾਂ ਦੀ ਦਲੀਲ ਸੀ ਕਿ ਜੇਕਰ ਉਨ੍ਹਾਂ ਨੂੰ ਪੈਸੇ ਰੱਖਣ ਦਾ ਪਤਾ ਨਹੀਂ ਲੱਗਾ ਸੀ ਤਾਂ ਉਨ੍ਹਾਂ ਦੇ ਹੱਥ  ਤੋਂ ਨੋਟ ’ਤੇ ਲੱਗਾ ਕੈਮੀਕਲ ਕਿਵੇਂ ਮਿਲਿਆ।
 ਇਹ ਸੀ. ਐੱਫ. ਐੱਸ. ਐੱਲ. ਰਿਪੋਰਟ ਤੋਂ ਸਾਬਤ ਹੋਇਆ ਹੈ।  ਰਹੀ ਗੱਲ ਜਾਂਚ ਦੀ ਤਾਂ ਉਹ ਬਚਾਅ ਧਿਰ ਜਿਹੜੇ ਕਾਂਸਟੇਬਲ ਦੀ ਇਨਕੁਆਰੀ ਦੀ ਗੱਲ ਕਰ ਰਹੀ ਹੈ,  ਉਸਦੀ ਜਾਂਚ ਐੱਸ. ਪੀ. ਦੇਸਰਾਜ ਕੋਲ ਸੀ ਹੀ ਨਹੀਂ। ਉਥੇ ਹੀ ਦੇਸਰਾਜ ਉਨ੍ਹਾਂ ਨੂੰ ਬਰਾਮਦ ਹੋਏ 1 ਲੱਖ ਰੁਪਏ ਬਾਰੇ ਅੱਜ ਤਕ ਕੋਈ ਜਵਾਬ ਨਹੀਂ ਦੇ ਸਕੇ ਹਨ ਕਿ ਉਹ ਉਨ੍ਹਾਂ  ਕੋਲ ਕਿਥੋਂ ਆਏ।  
5 ਲੱਖ ਮੰਗੀ ਸੀ ਰਿਸ਼ਵਤ, 2 ਲੱਖ ’ਚ ਤੈਅ ਹੋਇਆ ਸੌਦਾ  
 ਸੀ. ਬੀ. ਆਈ. ਨੇ 18 ਅਕਤੂਬਰ 2012 ਨੂੰ   ਦੇਸਰਾਜ ਨੂੰ  ਸੈਕਟਰ-23 ਸਥਿਤ ਸਰਕਾਰੀ ਮਕਾਨ ’ਚੋਂ 1 ਲੱਖ ਰੁਪਏ ਰਿਸ਼ਵਤ ਮਾਮਲੇ ’ਚ ਗ੍ਰਿਫਤਾਰ ਕੀਤਾ ਸੀ। ਐੱਸ. ਪੀ. ਨੂੰ ਰਿਸ਼ਵਤ ਸੈਕਟਰ-26 ਪੁਲਸ ਥਾਣੇ ਦੇ ਇੰਸਪੈਕਟਰ ਅਨੋਖ ਸਿੰਘ ਨੇ ਦਿੱਤੀ ਸੀ। ਦੋਸ਼ ਅਨੁਸਾਰ ਅਨੋਖ ਸਿੰਘ ਖਿਲਾਫ ਡਿਪਾਰਟਮੈਂਟਲ ਇਨਕੁਆਰੀ ਚੱਲ ਰਹੀ ਸੀ।  ਦੇਸਰਾਜ ’ਤੇ ਦੋਸ਼ ਸਨ ਕਿ ਉਨ੍ਹਾਂ ਨੇ ਇਸ ਇਨਕੁਆਰੀ ’ਚ ਅਨੋਖ ਸਿੰਘ ਦੇ ਹਿੱਤ ’ਚ ਰਿਪੋਰਟ ਤਿਆਰ ਕਰਨ ਲਈ 5 ਲੱਖ ਰੁਪਏ ਰਿਸ਼ਵਤ ਮੰਗੀ। ਬਾਅਦ ’ਚ 2 ਲੱਖ ’ਚ ਸੌਦਾ ਹੋਇਆ। ਪਹਿਲੀ ਕਿਸ਼ਤ ਵਜੋਂ 1 ਲੱਖ ਰੁਪਏ ਲੈ ਕੇ ਅਨੋਖ ਸਿੰਘ  ਦੇਸਰਾਜ ਦੇ ਘਰ ਪੁੱਜੇ। ਉਥੇ ਸੀ. ਬੀ. ਆਈ. ਨੇ ਟਰੈਪ ਲਾਇਅਾ ਹੋਇਆ ਸੀ ਤੇ ਫਿਰ ਦੇਸਰਾਜ ਨੂੰ ਗ੍ਰਿਫਤਾਰ ਕੀਤਾ ਸੀ।  
 ਟਾਈਮ ਲਾਈਨ 
 18 ਅਕਤੂਬਰ 2012 : ਐੱਸ. ਪੀ. ਦੇਸਰਾਜ ਨੂੰ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਗਿਆ।  
 12 ਦਸੰਬਰ 2012 :  ਹਾਈ ਕੋਰਟ ਤੋਂ ਦੇਸਰਾਜ ਨੂੰ ਜ਼ਮਾਨਤ ਮਿਲੀ।  
 5 ਜੁਲਾਈ 2013 : ਗ੍ਰਹਿ ਮੰਤਰਾਲਾ ਤੋਂ ਸੀ. ਬੀ. ਆਈ. ਨੂੰ ਕੇਸ ਚਲਾਉਣ ਦੀ ਇਜਾਜ਼ਤ ਮਿਲੀ।  
 7 ਜੁਲਾਈ 2013 : ਸੀ. ਬੀ. ਆਈ. ਨੇ ਅਦਾਲਤ ’ਚ ਕੇਸ ਸਬੰਧੀ ਚਾਰਜਸ਼ੀਟ ਦਰਜ ਕੀਤੀ।   
 14 ਅਕਤੂਬਰ 2013 :  ਅਦਾਲਤ ਨੇ ਕੇਸ ’ਚ ਦੇਸਰਾਜ  ਖਿਲਾਫ ਦੋਸ਼ ਤੈਅ ਕੀਤੇ।    
 8 ਅਗਸਤ 2018 : ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਕੇਸ ’ਚ ਦੇਸਰਾਜ ਨੂੰ ਦੋਸ਼ੀ ਕਰਾਰ ਦਿੱਤਾ।  
 10 ਅਗਸਤ 2018 :  ਅਦਾਲਤ ਵਲੋਂ ਸੁਣਾਇਆ ਜਾਵੇਗਾ ਸਜ਼ਾ ’ਤੇ ਫੈਸਲਾ। 


Related News