ਪਟਿਆਲਾ ’ਚ ਮੋਤੀ ਮਹਿਲ ਨੂੰ ਝਟਕਾ ! ਸਾਬਕਾ ਡਿਪਟੀ ਮੇਅਰ ਸਮੇਤ ਦਰਜਨਾਂ ਆਗੂ ਕਾਂਗਰਸ ’ਚ ਸ਼ਾਮਲ
Friday, Mar 06, 2026 - 07:56 PM (IST)
ਪਟਿਆਲਾ, (ਰਾਜੇਸ਼ ਪੰਜੌਲਾ)-ਚੋਣ ਵਰ੍ਹੇ ਵਿਚ ਤੇਜ਼ੀ ਨਾਲ ਰਾਜਸੀ ਸਮੀਕਰਨ ਬਦਲ ਰਹੇ ਹਨ, ਇਸ ਦੇ ਤਹਿਤ ਵੱਡੀ ਗਿਣਤੀ ਵਿਚ ਆਗੂ ਪਾਰਟੀਆਂ ਬਦਲਣ ਲੱਗ ਪਏ ਹਨ। ਸ਼ੁੱਕਰਵਾਰ ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪ੍ਰਨੀਤ ਕੌਰ, ਮੋਤੀ ਮਹਿਲ ਅਤੇ ਭਾਜਪਾ ਨੂੰ ਉਸ ਸਮੇਂ ਡੂੰਘਾ ਝਟਕਾ ਲੱਗਾ, ਜਦੋਂ ਪਟਿਆਲਾ ਦੀ ਡਿਪਟੀ ਮੇਅਰ ਵਿੰਤੀ ਸੰਗਰ ਅਤੇ ਭਾਜਪਾ ਐਸ. ਸੀ. ਮੋਰਚਾ ਦੇ ਸੂਬਾ ਕਾਰਜਕਾਰਨੀ ਮੈਂਬਰ ਸੋਨੂੰ ਸੰਗਰ ਸਮੇਤ ਸਾਬਕਾ ਕੌਂਸਲਰ ਅਤੇ ਕਈ ਹੋਰ ਆਗੂ ਭਾਜਪਾ ਛੱਡ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ ਹਨ।
ਪਟਿਆਲਾ ਦੇ ਸਾਬਕਾ ਮੇਅਰ ਅਤੇ ਕਾਂਗਰਸ ਦੇ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਪੰਜਾਬ ਦੇ ਕੋ ਕਨਵੀਨਰ ਸੰਜੀਵ ਸ਼ਰਮਾ ਬਿੱਟੂ ਦੀ ਪ੍ਰੇਰਨਾ ਦੇ ਨਾਲ ਇਹ ਆਗੂ ਕਾਂਗਰਸ ਵਿਚ ਸ਼ਾਮਲ ਹੋਏ। ਚੰਡੀਗੜ੍ਹ ਕਾਂਗਰਸ ਭਵਨ ਵਿਖੇ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਬਕਾ ਡਿਪਟੀ ਮੇਅਰ ਵਿੰਤੀ ਸੰਗਰ, ਸੋਨੂੰ ਸੰਗਰ, ਸਾਬਕਾ ਕੌਂਸਲਰ ਮਾਇਆ ਦੇਵੀ, ਸੀਨੀਅਰ ਆਗੂ ਨੱਥੂ ਰਾਮ, ਪਟਿਆਲਾ ਤੋਂ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਦਲਬੀਰ ਸਿੰਘ, ਪਟਿਆਲਾ ਸ਼ਹਿਰੀ ਹਲਕੇ ਦੇ ਦਾਰੂ ਕੁਟੀਆ ਮੁਹੱਲੇ ਦੇ ਪ੍ਰਧਾਨ ਅਜੇ ਨਾਇਕ ਸਮੇਤ ਹੋਰ ਕਈ ਆਗੂਆਂ ਨੂੰ ਪਾਰਟੀ ਵਿਚ ਸ਼ਾਮਲ ਕਰਵਾਇਆ ਅਤੇ ਉਨ੍ਹਾਂ ਦਾ ਸਨਮਾਨ ਕੀਤਾ। ਇਸ ਮੌਕੇ ਰਾਜਾ ਵੜਿੰਗ ਨੇ ਸਾਬਕਾ ਮੇਅਰ ਸੰਜੀਵ ਬਿੱਟੂ ਅਤੇ ਵਿਨੋਦ ਅਰੋੜਾ ਕਾਲੂ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਵਲੋਂ ਪਟਿਆਲਾ ਸ਼ਹਿਰ ਵਿਚ ਪਾਰਟੀ ਨੂੰ ਮਜਬੂਤ ਕਰਨ ਲਈ ਬਹੁਤ ਮਿਹਨਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵੀ ਆਗੂ ਅਤੇ ਵਰਕਰ ਆਪਣੀ ਮਾਂ ਪਾਰਟੀ ਨਾਲ ਜੁੜਨਾ ਚਾਹੁੰਦੇ ਹਨ ਪਾਰਟੀ ਵਿਚ ਉਨ੍ਹਾਂ ਦਾ ਸਵਾਗਤ ਹੋਵੇਗਾ।
ਇਸ ਮੌਕੇ ਸੰਜੀਵ ਸ਼ਰਮਾ ਬਿੱਟੂ ਨੇ ਦੱਸਿਆ ਕਿ ਜਿਹੜੇ ਆਗੂ ਅੱਜ ਕਾਂਗਰਸ ਵਿਚ ਸ਼ਾਮਲ ਹੋਏ ਹਨ, ਉਨ੍ਹਾਂ ਨੇ 2007 ਤੋਂ ਲੈ ਕੇ 2017 ਤੱਕ ਅਕਾਲੀ ਦਲ ਦੀ ਸਰਕਾਰ ਦੇ ਖਿਲਾਫ ਲੜਾਈ ਲੜੀ, ਜਿਸ ਕਾਰਨ ਹੀ ਪੰਜਾਬ ਵਿਚ 2017 ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਸੀ। ਇਨ੍ਹਾਂ ਆਗੂਆਂ ਦੇ ਆਪਣੀ ਮਾਂ ਪਾਰਟੀ ਵਿਚ ਸ਼ਾਮਲ ਹੋਣ ਨਾਲ ਸ਼ਹਿਰ ਵਿਚ ਕਾਂਗਰਸ ਪਾਰਟੀ ਮਜਬੂਤ ਹੋਈ ਹੈ। ਉਨ੍ਹਾਂ ਕਿਹਾ ਕਿ ਸਾਬਕਾ ਕੌਂਸਲਰ ਮਾਇਆ ਦੇਵੀ ਅਤੇ ਨੱਥੂ ਰਾਮ ਐਸ. ਸੀ. ਸਮਾਜ ਦੇ ਵੱਡੇ ਆਗੂ ਹਨ ਅਤੇ ਪਟਿਆਲਾ ਵਿਚ ਜੋ ਰਾਜਸਥਾਨੀ ਜੀ ਨਗਰ ਸਮਾਜ ਦਾ ਭਾਈਚਾਰਾ ਹੈ, ਉਸ ਨਾਲ ਸਬੰਧਤ ਹਨ। ਰਾਜਾ ਵੜਿੰਗ ਨੇ ਕਿਹਾ ਕਿ ਜਿਨ੍ਹਾਂ ਨੂੰ ਵੀ ਪਾਰਟੀ ਵਿਚ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ ਨੂੰ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
