ਕੁੜੀ ਨਾਲ ਦੋਸਤੀ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਈ ਖ਼ੂਨੀ ਲੜਾਈ, ਨੌਜਵਾਨ ਦਾ ਕੀਤਾ ਕਤਲ
Wednesday, Nov 01, 2023 - 06:21 PM (IST)
ਨਵਾਂਸ਼ਹਿਰ (ਤ੍ਰਿਪਾਠੀ)-ਪੁਲਸ ਨੇ ਇਕ ਕੁੜੀ ਨਾਲ ਦੋਸਤੀ ਨੂੰ ਲੈ ਕੇ 2 ਧਿਰਾਂ ਵਿਚ ਹੋਈ ਖ਼ੂਨੀ ਝੜਪ ਵਿਚ ਦੋਵਾਂ ਧਿਰਾਂ ਦੇ ਕੁੱਲ 8 ਮੁਲਜ਼ਮਾਂ ’ਚੋਂ 7 ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਇਕ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਸ ਨੇ ਉਕਤ ਮਾਮਲੇ ਵਿਚ ਕ੍ਰਾਸ ਕੇਸ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮਾਂ ’ਚੋਂ 5 ਨਾਬਾਲਗ ਹਨ, ਜਿਨ੍ਹਾਂ ਖ਼ਿਲਾਫ਼ ਜੁਵੇਨਾਈਲ ਕੋਰਟ ਤਹਿਤ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ, ਜਦਕਿ ਗ੍ਰਿਫ਼ਤਾਰ ਕੀਤੇ ਗਏ ਬਾਕੀ 2 ਮੁਲਜ਼ਮਾਂ ਦੀ ਪਛਾਣ ਦੀਪਕ ਪੁੱਤਰ ਅਸ਼ੋਕ ਕੁਮਾਰ ਅਤੇ ਆਸ਼ ਮੁਹੰਮਦ ਉਰਫ਼ ਆਸ਼ੂ ਵਾਸੀ ਅਫ਼ਸਰ ਖਾਨ ਦੋਵੇਂ ਵਾਸੀ ਸ਼ਿਵ ਨਗਰ ਨੇੜੇ ਕੁਸ਼ਟ ਆਸ਼ਰਮ ਵਜੋਂ ਹੋਈ ਹੈ, ਨੂੰ ਅੱਜ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਗਿਆ ਹੈ। ਪੁਲਸ ਨੇ ਕਤਲ ’ਚ ਵਰਤਿਆ ਗੰਡਾਸਾ ਵੀ ਬਰਾਮਦ ਕਰ ਲਿਆ ਹੈ।
ਇਹ ਵੀ ਪੜ੍ਹੋ: ਮਹਾ ਡਿਬੇਟ ਦੌਰਾਨ CM ਭਗਵੰਤ ਮਾਨ ਨੇ ਸੁਣਾਇਆ ਭ੍ਰਿਸ਼ਟ ਤਹਿਸੀਲਦਾਰ ਦਾ ਕਿੱਸਾ
ਪ੍ਰੈੱਸ ਕਾਨਫ਼ਰੰਸ ’ਚ ਐੱਸ. ਐੱਸ. ਪੀ. ਡਾ.ਅਖਿਲ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਨੂੰ 30 ਅਕਤੂਬਰ ਨੂੰ ਜ਼ਿਲ੍ਹਾ ਹਸਪਤਾਲ ਤੋਂ ਸੂਚਨਾ ਮਿਲੀ ਸੀ ਕਿ ਇਕ ਨੌਜਵਾਨ ਦਾ ਕਤਲ ਹੋ ਗਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਮ੍ਰਿਤਕ ਦੇ ਭਰਾ ਨੇ ਦੱਸਿਆ ਸੀ ਕਿ ਉਸ ਦਾ ਭਰਾ ਆਪਣੇ ਦੋਸਤ ਨਾਲ ਮੋਟਰਸਾਈਕਲ ’ਤੇ ਗਿਆ ਸੀ। ਬਾਅਦ ਵਿਚ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਦੇ ਭਰਾ ਅਤੇ ਉਸ ਦੇ ਦੋਸਤਾਂ ਦੀ ਕਿਸੇ ਹੋਰ ਗਰੁੱਪ ਦੇ ਮੁੰਡਿਆਂ ਨਾਲ ਲੜਾਈ ਹੋ ਗਈ ਸੀ ਅਤੇ ਉਹ ਤੁਰੰਤ ਲੜਾਈ ਵਾਲੀ ਜਗ੍ਹਾ ਨੇੜੇ ਪਹੁੰਚ ਗਏ। ਉਥੇ ਕਈ ਨੌਜਵਾਨ ਇਕੱਠੇ ਹੋ ਗਏ ਅਤੇ ਉਸ ਦੇ ਭਰਾ ਨੂੰ ਡੰਡਿਆਂ ਅਤੇ ਕਿਰਪਾਨਾਂ ਨਾਲ ਜ਼ਖ਼ਮੀ ਕਰ ਦਿੱਤਾ ਗਿਆ। ਨੌਜਵਾਨਾਂ ਨੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ।
ਐੱਸ. ਐੱਸ. ਪੀ. ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਦੇ ਦੋਸਤ ਦੀ ਇਕ ਕੁੜੀ ਨਾਲ ਦੋਸਤੀ ਸੀ। ਇਸੇ ਤਰ੍ਹਾਂ ਦੂਜੇ ਪਾਸੇ ਦੇ ਇਕ ਮੁੰਡੇ ਦੀ ਵੀ ਇਸੇ ਕੁੜੀ ਨਾਲ ਦੋਸਤੀ ਸੀ। ਇਸ ਮੁੱਦੇ ਨੂੰ ਲੈ ਕੇ ਪਹਿਲਾਂ ਵੀ ਦੋਵਾਂ ਧਿਰਾਂ ਵਿਚਾਲੇ ਲੜਾਈ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ’ਚ ਇਕ ਨਾਬਾਲਗ ਦੀ ਮੌਤ ਹੋ ਗਈ, ਜਦਕਿ ਦੂਜੀ ਧਿਰ ਦਾ ਪ੍ਰਮੋਦ ਗੰਭੀਰ ਜ਼ਖ਼ਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਇਕ ਮੁਲਜ਼ਮ ਅਜੇ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੈ ਅਤੇ ਪੁਲਸ ਵੱਲੋਂ ਉਸ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਡੀ. ਐੱਸ. ਪੀ. ਮਾਧੁਰੀ ਸ਼ਰਮਾ ਅਤੇ ਐੱਸ. ਐੱਚ. ਓ. ਇੰਸਪੈਕਟਰ ਨਰੇਸ਼ ਕੁਮਾਰੀ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ 24 ਘੰਟਿਆਂ ’ਚ ਘਟਨਾ ਨੂੰ ਟਰੇਸ ਕਰ ਲਿਆ ਹੈ।
ਇਹ ਵੀ ਪੜ੍ਹੋ: ਪਿਆਰ 'ਚ ਪ੍ਰੇਮੀ ਨੇ ਦਿੱਤਾ ਧੋਖਾ, ਕਿਸੇ ਹੋਰ ਕੁੜੀ ਨਾਲ ਰਚਾਇਆ ਵਿਆਹ, ਦੁਖ਼ੀ ਪ੍ਰੇਮਿਕਾ ਨੇ ਚੁੱਕਿਆ ਖ਼ੌਫ਼ਨਾਕ ਕਦਮ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ