ਜਵਾਨ ਮੁੰਡੇ ਤੇ ਕੁੜੀ ਦੀਆਂ ਪਾਣੀ ''ਚੋਂ ਮਿਲੀਆਂ ਲਾਸ਼ਾਂ, ਮੌਕੇ ''ਤੇ ਪੁੱਜੀ ਪੁਲਸ

Sunday, Aug 04, 2024 - 10:11 AM (IST)

ਜਵਾਨ ਮੁੰਡੇ ਤੇ ਕੁੜੀ ਦੀਆਂ ਪਾਣੀ ''ਚੋਂ ਮਿਲੀਆਂ ਲਾਸ਼ਾਂ, ਮੌਕੇ ''ਤੇ ਪੁੱਜੀ ਪੁਲਸ

ਸੰਗਤ ਮੰਡੀ (ਮਨਜੀਤ) : ਪਿੰਡ ਕੋਟਗੁਰੂ ਵਿਖੇ ਡੂੰਮਵਾਲੀ ਮਾਈਨਰ ’ਚੋਂ ਨਿਕਲਦੇ ਕੋਟਗੁਰੂ ਸਬ ਮਾਈਨਰ ’ਚੋਂ ਪਿੰਡ ਨਜ਼ਦੀਕ ਪੁਲ ਥੱਲਿਓਂ ਪਾਣੀ ’ਚੋਂ ਨੌਜਵਾਨ ਮੁੰਡੇ ਅਤੇ ਕੁੜੀ ਦੀਆਂ ਭੇਤਭਰੇ ਹਾਲਾਤ ’ਚ ਲਾਸ਼ਾਂ ਬਰਾਮਦ ਹੋਈਆਂ ਹਨ। ਪਿੰਡ ਦੇ ਸਾਬਕਾ ਸਰਪੰਚ ਬਲਕਰਨ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਵੇਰ ਸਮੇਂ ਦੋਵੇਂ ਲਾਸ਼ਾਂ 20 ਫੁੱਟ ਦੇ ਵਕਫ਼ੇ ਨਾਲ ਕੱਸੀ ਦੇ ਪੁਲ ਹੇਠ ਫਸੀਆਂ ਪਈਆਂ ਸਨ। ਉਨ੍ਹਾਂ ਵੱਲੋਂ ਇਸ ਸਬੰਧੀ ਥਾਣਾ ਸੰਗਤ ਦੀ ਪੁਲਸ ਨੂੰ ਸੂਚਿਤ ਕੀਤਾ ਗਿਆ, ਜਿੱਥੇ ਪੁਲਸ ਅਧਿਕਾਰੀਆਂ ਵੱਲੋਂ ਮੌਕੇ ’ਤੇ ਪਹੁੰਚ ਕੇ ਸਹਾਰਾ ਜਨ ਸੇਵਾ (ਰਜਿ.) ਦੇ ਵਾਲੰਟੀਅਰਾਂ ਦੀ ਮਦਦ ਨਾਲ ਲਾਸ਼ਾਂ ਨੂੰ ਰਜਬਾਹੇ ’ਚੋਂ ਬਾਹਰ ਕੱਢਵਾਇਆ ਗਿਆ।

ਸਾਬਕਾ ਸਰਪੰਚ ਬਲਕਰਨ ਸਿੰਘ ਨੇ ਅੱਗੇ ਦੱਸਿਆ ਕਿ ਕੁੜੀ ਦੀ ਲਾਸ਼ 4-5 ਦਿਨ ਪੁਰਾਣੀ ਲੱਗ ਰਹੀ ਸੀ, ਜਦੋਂ ਕਿ ਮੁੰਡੇ ਦਾ ਮ੍ਰਿਤਕ ਸਰੀਰ ਠੀਕ ਪਿਆ ਸੀ। ਕੁੜੀ ਦੇਖਣ ’ਚ ਨੇਪਾਲੀ ਲੱਗਦੀ ਸੀ, ਜਿਸ ਦੇ ਕੈਪਰੀ ਤੇ ਲੋਅਰ ਪਾਈ ਹੋਈ ਸੀ ਅਤੇ ਮੁੰਡਾ ਪੰਜਾਬੀ ਲੱਗਦਾ ਸੀ, ਜਿਸ ਦੇ ਸਿਰਫ ਟੀ-ਸ਼ਰਟ ਹੀ ਪਾਈ ਹੋਈ ਸੀ। ਕੁੜੀ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਵੀ ਦਿਸ ਰਹੇ ਸਨ। ਸਹਾਇਕ ਥਾਣੇਦਾਰ ਜਗਰੂਪ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਦੇ ਸਾਬਕਾ ਸਰਪੰਚ ਬਲਕਰਨ ਸਿੰਘ ਵੱਲੋਂ ਇਸ ਸਬੰਧੀ ਸੂਚਿਤ ਕੀਤਾ ਗਿਆ ਸੀ, ਜਿਸ ’ਤੇ ਉਨ੍ਹਾਂ ਤੁਰੰਤ ਮੌਕੇ ’ਤੇ ਪਹੁੰਚ ਕੇ ਲਾਸ਼ਾ ਨੂੰ ਸਹਾਰਾ ਜਨ ਸੇਵਾ ਦੇ ਵਰਕਰਾਂ ਦੀ ਮਦਦ ਨਾਲ ਕੱਸੀ ’ਚੋਂ ਬਾਹਰ ਕੱਢਵਇਆ ਗਿਆ।

ਉਨ੍ਹਾਂ ਦੱਸਿਆ ਕਿ ਦੇਖਣ ਤੋਂ ਮੁੰਡੇ ਦੀ ਉਮਰ 25 ਤੋਂ 30 ਸਾਲਾਂ ਦੇ ਵਿਚਕਾਰ ਲੱਗ ਰਹੀ ਹੈ, ਜਦਕਿ ਕੁੜੀ ਦੀ ਉਮਰ 18 ਸਾਲ ਤੋਂ 22 ਸਾਲਾਂ ਵਿਚਕਾਰ ਲੱਗ ਰਹੀ ਹੈ। ਉਨ੍ਹਾਂ ਦੱਸਿਆ ਕਿ ਦੋਹਾਂ ਦੀ ਪਛਾਣ ਨਹੀਂ ਹੋ ਸਕੀ। ਪਛਾਣ ਲਈ ਲਾਸ਼ਾਂ ਨੂੰ ਸਹਾਰਾ ਜਨ ਸੇਵਾ ਦੇ ਵਰਕਰਾਂ ਦੀ ਸਹਾਇਤਾ ਨਾਲ ਸਿਵਲ ਬਠਿੰਡਾ ਦੇ ਸਿਵਲ ਹਸਪਤਾਲ ’ਚ ਬਣੀ ਮੋਰਚਰੀ ’ਚ 72 ਘੰਟਿਆਂ ਲਈ ਸੁਰੱਖਿਅਤ ਰਖਵਾ ਦਿੱਤਾ ਹੈ।
 


author

Babita

Content Editor

Related News