ਟਰੈਕਟਰ ''ਤੇ ਨੀਲੀ ਬੱਤੀ ਲਾਉਣ ਵਾਲੇ ਦਾ ਕੱਟਿਆ ਚਲਾਨ

Tuesday, Aug 01, 2017 - 12:19 AM (IST)

ਬਟਾਲਾ,   (ਬੇਰੀ)-  ਜਿਥੇ ਇਕ ਪਾਸੇ ਕੈਪਟਨ ਸਰਕਾਰ ਨੇ ਆਪਣੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਦਾ ਵੀ. ਆਈ. ਪੀ. ਕਲਚਰ ਖਤਮ ਕਰ ਕੇ ਇਕ ਸ਼ਲਾਘਾਯੋਗ ਕੰਮ ਕੀਤਾ ਹੈ, ਉਥੇ ਨਾਲ ਹੀ ਅਜੇ ਕੁਝ ਲੋਕ ਅਜਿਹੇ ਹਨ ਜੋ ਆਪਣੇ ਆਪ ਨੂੰ ਵੀ. ਆਈ. ਪੀ. ਕਹਾਉਣ ਦੇ ਮਕਸਦ ਨਾਲ ਆਪਣੇ ਵਾਹਨਾਂ 'ਤੇ ਨੀਲੀਆਂ ਬੱਤੀਆਂ ਲਾ ਕੇ ਘੁੰਮਣ ਤੋਂ ਗੁਰੇਜ਼ ਨਹੀਂ ਕਰ ਰਹੇ।
ਅਜਿਹਾ ਹੀ ਇਕ ਮਾਮਲਾ ਉਸ ਵੇਲੇ ਸਾਹਮਣੇ ਆਇਆ, ਜਦੋਂ ਟ੍ਰੈਫਿਕ ਪੁਲਸ ਵਿਭਾਗ ਬਟਾਲਾ ਵੱਲੋਂ ਟਰੈਕਟਰ 'ਤੇ ਨੀਲੀ ਬੱਤੀ ਲਾ ਕੇ ਸ਼ਹਿਰ 'ਚ ਘੁੰਮ ਰਹੇ ਵਿਅਕਤੀ ਨੂੰ ਕਾਬੂ ਕਰਦਿਆਂ ਉਸਦੇ ਟਰੈਕਟਰ 'ਤੇ ਲੱਗੀ ਨੀਲੀ ਬੱਤੀ ਉਤਾਰ ਦਿੱਤੀ ਗਈ। 
ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਟ੍ਰੈਫਿਕ ਇੰਚਾਰਜ ਬਟਾਲਾ ਲਖਵਿੰਦਰ ਸਿੰਘ ਗੋਰਾਇਆ ਨੇ ਦੱਸਿਆ ਕਿ ਉਨ੍ਹਾਂ ਅੱਜ ਸਥਾਨਕ ਗਾਂਧੀ ਚੌਕ 'ਚ ਵਿਸ਼ੇਸ਼ ਚੈਕਿੰਗ ਨਾਕਾ ਲਾਇਆ ਹੋਇਆ ਸੀ ਕਿ ਇਸੇ ਦੌਰਾਨ ਇਕ ਵਿਅਕਤੀ ਦੇ  ਟਰੈਕਟਰ 'ਤੇ ਨੀਲੀ ਬੱਤੀ ਲੱਗੀ ਦੇਖ ਕੇ ਚੈਕਿੰਗ ਲਈ ਰੋਕਿਆ ਅਤੇ ਨੀਲੀ ਬੱਤੀ ਦੀ ਪਰਮਿਸ਼ਨ ਸਬੰਧੀ ਦਸਤਾਵੇਜ਼ ਦਿਖਾਉਣ ਲਈ ਆਖਿਆ ਤਾਂ ਟਰੈਕਟਰ ਚਾਲਕ ਪਰਮਜੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਡਾਲੇਚੱਕ ਕੋਈ ਤਸੱਲੀਬਖਸ਼ ਜੁਆਬ ਨਹੀਂ ਦੇ ਸਕਿਆ, ਜਿਸ 'ਤੇ ਉਕਤ ਵਿਅਕਤੀ ਦਾ ਚਲਾਨ ਕੱਟਣ ਤੋਂ ਬਾਅਦ ਉਸ ਨੂੰ ਜਿਥੇ ਵਾਰਨਿੰਗ ਦੇ ਕੇ ਛੱਡ ਦਿੱਤਾ ਹੈ, ਉਥੇ ਨਾਲ ਹੀ ਨੀਲੀ ਬੱਤੀ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ। 
ਇਸ ਮੌਕੇ ਹਰਜੀਤ ਸਿੰਘ, ਬਲਵਿੰਦਰ ਸਿੰਘ, ਪਲਵਿੰਦਰ ਸਿੰਘ ਤੇ ਜਸਪਾਲ ਸਿੰਘ ਆਦਿ ਟ੍ਰੈਫਿਕ ਹੌਲਦਾਰ ਵੀ ਮੌਜੂਦ ਸਨ।


Related News