ਅੰਮ੍ਰਿਤਸਰ ਸੀਟ ਅਕਾਲੀ ਦਲ ਨੂੰ ਸੌਂਪੇਗੀ ਭਾਜਪਾ

07/01/2018 6:51:29 AM

ਜਲੰਧਰ (ਰਵਿੰਦਰ ਸ਼ਰਮਾ) - 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ-ਭਾਜਪਾ ਗੱਠਜੋੜ ਸੂਬੇ ਵਿਚ ਵੱਧ ਤੋਂ ਵੱਧ ਸੀਟਾਂ 'ਤੇ ਕਬਜ਼ਾ ਜਮਾਉਣ ਲਈ ਖਾਸ ਰਣਨੀਤੀ 'ਤੇ ਕੰਮ ਕਰ ਰਿਹਾ ਹੈ। ਇਸ ਰਣਨੀਤੀ ਦੇ ਤਹਿਤ ਦੋਵੇਂ ਪਾਰਟੀਆਂ ਉਨ੍ਹਾਂ ਸੀਟਾਂ 'ਤੇ ਫੇਰਬਦਲ ਕਰਨ ਜਾ ਰਹੀਆਂ ਹਨ ਜਿੱਥੇ ਉਨ੍ਹਾਂ ਦੀ ਜਿੱਤ ਨਹੀਂ ਹੋ ਰਹੀ। ਜਿੱਥੇ ਸਿੱਖ ਵੋਟ ਬੈਂਕ ਜ਼ਿਆਦਾ ਹੈ ਉਸ ਸੀਟ 'ਤੇ ਅਕਾਲੀ ਦਲ ਨੂੰ ਫੋਕਸ ਕਰਨ ਲਈ ਕਿਹਾ ਜਾ ਰਿਹਾ ਹੈ ਤੇ ਜਿਥੇ ਹਿੰਦੂ ਵੋਟ ਬੈਂਕ ਦੇ ਨਾਲ ਪ੍ਰਵਾਸੀ ਵੋਟ ਬੈਂਕ ਜ਼ਿਆਦਾ ਹੈ ਉਥੇ ਭਾਜਪਾ ਚੋਣ ਲੜਨ 'ਤੇ ਵਿਚਾਰ ਕਰ ਰਹੀ ਹੈ।
ਸਭ ਤੋਂ ਹਾਟ ਸੀਟ ਬਣੀ ਹੋਈ ਹੈ ਅੰਮ੍ਰਿਤਸਰ ਦੀ। ਭਾਜਪਾ ਅੰਮ੍ਰਿਤਸਰ ਦੀ ਸੀਟ ਅਕਾਲੀ ਦਲ ਨੂੰ ਹੈਂਡਓਵਰ ਕਰਨਾ ਚਾਹੁੰਦੀ ਹੈ ਜਦੋਂ ਕਿ ਬਦਲੇ ਵਿਚ ਲੁਧਿਆਣਾ ਜਾਂ ਜਲੰਧਰ ਸੀਟ ਭਾਜਪਾ ਆਪਣੇ ਖਾਤੇ ਵਿਚ ਚਾਹੁੰਦੀ ਹੈ।
ਭਾਜਪਾ ਛੋਟੇ ਜਿਹੇ ਵਕਫੇ ਵਿਚ ਦੋ ਵਾਰ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਵੱਡੇ ਮਾਰਜਨ ਨਾਲ ਹਾਰ ਚੁੱਕੀ ਹੈ। 2019 ਵਿਚ ਦੇਸ਼ ਦੀ ਸੱਤਾ 'ਤੇ ਦੁਬਾਰਾ ਕਬਜ਼ਾ ਕਰਨ ਦੀ ਰਣਨੀਤੀ ਦੇ ਤਹਿਤ ਭਾਜਪਾ ਦੇ ਕੌਮੀ ਪ੍ਰਧਾਨ ਪੰਜਾਬ ਦੀਆਂ ਸਾਰੀਆਂ 13 ਸੀਟਾਂ ਨੂੰ ਲੈ ਕੇ ਬੇਹੱਦ ਗੰਭੀਰ ਨਜ਼ਰ ਆ ਰਹੇ ਹਨ। ਅੰਮ੍ਰਿਤਸਰ ਦੀ ਸੀਟ ਨੂੰ ਆਖਰੀ ਵਾਰ 2009 ਵਿਚ ਨਵਜੋਤ ਸਿੱਧੂ ਨੇ ਜਿੱਤ ਕੇ ਭਾਜਪਾ ਦੀ ਝੋਲੀ ਵਿਚ ਪਾਇਆ ਸੀ ਪਰ 2014 ਵਿਚ ਭਾਜਪਾ ਨੇ ਸਿੱਧੂ ਨੂੰ ਸੀਟ ਦੇਣ ਦੀ ਬਜਾਏ ਆਪਣੇ ਚੋਟੀ ਦੇ ਆਗੂ ਅਰੁਣ ਜੇਤਲੀ ਨੂੰ ਇਥੋਂ ਉਮੀਦਵਾਰ ਬਣਾਇਆ ਪਰ ਜੇਤਲੀ ਦਾ ਕ੍ਰਿਸ਼ਮਾ ਕੰਮ ਨਹੀਂ ਕਰ ਸਕਿਆ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਜੇਤਲੀ ਨੂੰ ਲਗਭਗ ਇਕ ਲੱਖ ਵੋਟਾਂ ਨਾਲ ਹਰਾ ਦਿੱਤਾ ਸੀ। ਇਸ ਤੋਂ ਬਾਅਦ ਕੈਪਟਨ ਨੇ ਵਿਧਾਨ ਸਭਾ ਚੋਣਾਂ ਦੌਰਾਨ ਲੋਕ ਸਭਾ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਇਥੋਂ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਨੇ ਇਕ ਵਾਰ ਫਿਰ ਭਾਜਪਾ ਦੇ ਉਮੀਦਵਾਰ ਮੁਖਵਿੰਦਰ ਸਿੰਘ ਛੀਨਾ ਨੂੰ 2 ਲੱਖ ਵੋਟਾਂ ਦੇ ਭਾਰੀ ਫਰਕ ਨਾਲ ਮਾਤ ਦਿੱਤੀ ਸੀ। 2 ਵਾਰ ਹਾਰਨ ਤੋਂ ਬਾਅਦ ਭਾਜਪਾ ਨੇ ਪੂਰੇ ਮਾਮਲੇ ਦੀ ਪੜਚੋਲ ਕਰਨ 'ਤੇ ਦੇਖਿਆ ਕਿ ਅੰਮ੍ਰਿਤਸਰ ਵਿਚ ਸਿੱਖ ਵੋਟ ਬੈਂਕ ਜ਼ਿਆਦਾ ਹੈ ਤੇ ਉਨ੍ਹਾਂ ਦਾ ਝੁਕਾਅ ਭਾਜਪਾ ਵੱਲ ਘੱਟ ਹੈ। ਇਸ ਲਈ ਭਾਜਪਾ ਚਾਹੁੰਦੀ ਹੈ ਕਿ ਅੰਮ੍ਰਿਤਸਰ ਸੀਟ ਅਕਾਲੀ ਦਲ ਨੂੰ ਹੈਂਡਓਵਰ ਕਰ ਦਿੱਤੀ ਜਾਵੇ। ਇਸ ਦੇ ਬਦਲੇ ਵਿਚ ਭਾਜਪਾ ਲੁਧਿਆਣਾ ਤੇ ਜਲੰਧਰ ਤੋਂ ਕਿਸੇ ਸੀਟ 'ਤੇ ਆਪਣੇ ਉਮੀਦਵਾਰ ਨੂੰ ਉਤਾਰਨਾ ਚਾਹੁੰਦੀ ਹੈ।
ਪਿਛਲੇ ਦਿਨੀਂ ਭਾਜਪਾ ਕੌਮੀ ਪ੍ਰਧਾਨ ਅਮਿਤ ਸ਼ਾਹ ਜਦੋਂ ਚੰਡੀਗੜ੍ਹ ਆਏ ਸਨ ਤਾਂ ਇਸ ਬਾਰੇ ਉਨ੍ਹਾਂ ਸੰਕੇਤ ਵੀ ਦਿੱਤਾ ਸੀ ਅਤੇ ਇਸ ਮੁੱਦੇ 'ਤੇ ਅਕਾਲੀ ਆਗੂਆਂ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਗੱਲਬਾਤ ਵੀ ਹੋਈ ਸੀ। ਭਾਜਪਾ ਦਾ ਮੰਨਣਾ ਹੈ ਕਿ ਜਲੰਧਰ ਵਿਚ ਜਿਥੇ ਹਿੰਦੂ ਵੋਟ ਬੈਂਕ ਜ਼ਿਆਦਾ ਹੈ ਉਥੇ ਲੁਧਿਆਣਾ ਵਿਚ ਹਿੰਦੂ ਵੋਟ ਬੈਂਕ ਦੇ ਨਾਲ-ਨਾਲ ਉਤਰ ਪ੍ਰਦੇਸ਼ ਤੇ ਬਿਹਾਰ ਤੋਂ ਆਉਣ ਵਾਲਾ ਵੋਟ ਬੈਂਕ ਵੀ ਕਾਫੀ ਹੈ ਜਿਸ ਦਾ ਭਾਜਪਾ ਨੂੰ ਲਾਭ ਮਿਲ ਸਕਦਾ ਹੈ। ਭਾਜਪਾ ਦੇ ਵੱਡੇ ਆਗੂਆਂ ਦਾ ਮੰਨਣਾ ਹੈ ਕਿ ਸੀਟ ਕੋਈ ਵੀ ਕਿਤੋਂ ਵੀ ਲੜੇ ਪਰ ਜਿੱਤਣ ਤੋਂ ਬਾਅਦ ਸੀਟ ਤਾਂ ਐੱਨ. ਡੀ. ਏ. ਦੀ ਝੋਲੀ ਵਿਚ ਹੀ ਜਾਣੀ ਹੈ।
ਸਿੱਧੂ ਤੋਂ ਬਾਅਦ ਭਾਜਪਾ ਕੋਲ ਨਹੀਂ ਹੈ ਮਜ਼ਬੂਤ ਚਿਹਰਾ
ਨਵਜੋਤ ਸਿੰਘ ਸਿੱਧੂ ਦੇ ਰੂਪ ਵਿਚ ਭਾਜਪਾ ਕੋਲ ਸੂਬੇ ਵਿਚ ਇਕ ਮਜ਼ਬੂਤ ਸਿੱਖ ਚਿਹਰਾ ਸੀ। ਸਿੱਧੂ ਨੇ ਹੀ ਅੰਮ੍ਰਿਤਸਰ ਵਿਚ ਭਾਜਪਾ ਦੇ ਪੈਰ ਮਜ਼ਬੂਤ ਕੀਤੇ ਸਨ ਅਤੇ ਇਸ ਸੀਟ ਨੂੰ ਭਾਜਪਾ ਦੀ ਝੋਲੀ ਵਿਚ ਪਾਇਆ ਸੀ। ਉਨ੍ਹਾਂ ਦੇ ਕਾਂਗਰਸ ਵਿਚ ਜਾਣ ਤੋਂ ਬਾਅਦ ਭਾਜਪਾ ਕੋਲ ਅੰਮ੍ਰਿਤਸਰ ਵਿਚ ਕੋਈ ਖਾਸ ਚਿਹਰਾ ਨਹੀਂ ਹੈ। ਇਸ ਕਾਰਨ ਵੀ ਭਾਜਪਾ ਅੰਮ੍ਰਿਤਸਰ ਵਿਚ ਚੋਣ ਲੜਨ ਤੋਂ ਡਰ ਰਹੀ ਹੈ।
ਭਾਜਪਾ 4 ਸੀਟਾਂ 'ਤੇ ਚੋਣ ਲੜਨ 'ਤੇ ਵੀ ਅੜੀ
ਭਾਜਪਾ ਹੌਲੀ-ਹੌਲੀ ਪੰਜਾਬ ਵਿਚ ਆਪਣੇ ਪੈਰ ਮਜ਼ਬੂਤ ਕਰਨਾ ਚਾਹੁੰਦੀ ਹੈ। ਅਜੇ ਤਕ ਗੱਠਜੋੜ ਦੇ ਤੌਰ 'ਤੇ ਪੰਜਾਬ ਵਿਚ ਭਾਜਪਾ 3 ਅਤੇ ਅਕਾਲੀ ਦਲ 10 ਸੀਟਾਂ 'ਤੇ ਚੋਣ ਲੜਦਾ ਆ ਰਿਹਾ ਹੈ। ਭਾਜਪਾ ਚਾਹੁੰਦੀ ਹੈ ਕਿ 2019 ਚੋਣਾਂ ਵਿਚ 4 ਸੀਟਾਂ 'ਤੇ ਚੋਣ ਲੜੀ ਜਾਵੇ। ਖਾਸ ਤੌਰ 'ਤੇ ਭਾਜਪਾ ਦੀ ਅੱਖ ਜਲੰਧਰ ਸੀਟ 'ਤੇ ਹੈ ਕਿਉੁਂਕਿ ਇਥੋਂ ਅਕਾਲੀ ਦਲ ਲੰਮੇ ਸਮੇਂ ਤੋਂ ਹਾਰਦਾ ਆ ਰਿਹਾ ਹੈ।


Related News