ਅੰਮ੍ਰਿਤਸਰ ''ਚ ਵੱਡੀ ਵਾਰਦਾਤ! ਜਗਰਾਤੇ ''ਚ ਬਜ਼ੁਰਗ ਨੂੰ ਬਚਾਉਣ ਗਏ ਨੌਜਵਾਨ ਨੂੰ ਮਾਰ''ਤੀ ਗੋਲੀ

Sunday, Dec 14, 2025 - 07:03 PM (IST)

ਅੰਮ੍ਰਿਤਸਰ ''ਚ ਵੱਡੀ ਵਾਰਦਾਤ! ਜਗਰਾਤੇ ''ਚ ਬਜ਼ੁਰਗ ਨੂੰ ਬਚਾਉਣ ਗਏ ਨੌਜਵਾਨ ਨੂੰ ਮਾਰ''ਤੀ ਗੋਲੀ

ਅੰਮ੍ਰਿਤਸਰ (ਗੁਰਪ੍ਰੀਤ) : ਅੰਮ੍ਰਿਤਸਰ ਦੇ ਆਦਰਸ਼ ਨਗਰ, ਇਸਲਾਮਾਬਾਦ ਇਲਾਕੇ ਵਿੱਚ ਦੇਰ ਰਾਤ ਹੋ ਰਹੇ ਜਗਰਾਤੇ ਦੌਰਾਨ ਉਸ ਸਮੇਂ ਅਫ਼ਰਾ-ਤਫ਼ਰੀ ਮਚ ਗਈ, ਜਦੋਂ ਆਪਸੀ ਝਗੜੇ ਵਿਚਕਾਰ ਅਚਾਨਕ ਫਾਇਰਿੰਗ ਹੋ ਗਈ। ਇਸ ਘਟਨਾ ਵਿੱਚ ਇੱਕ ਨੌਜਵਾਨ ਨੂੰ ਗੋਲੀ ਲੱਗੀ, ਜਿਸ ਕਾਰਨ ਉਹ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਤੁਰੰਤ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਹ ਆਈਸੀਯੂ ਵਿੱਚ ਇਲਾਜ ਅਧੀਨ ਹੈ।

ਘਟਨਾ ਬਾਰੇ ਜਾਣਕਾਰੀ ਦਿੰਦਿਆਂ ਜ਼ਖ਼ਮੀ ਨੌਜਵਾਨ ਦੀ ਭਾਬੀ ਪ੍ਰਿਆ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਪਿੱਛੇ ਗਲੀ 'ਚ ਜਗਰਾਤਾ ਚੱਲ ਰਿਹਾ ਸੀ। ਉਨ੍ਹਾਂ ਦੇ ਦਿਓਰ ਦੇ ਇੱਕ ਦੋਸਤ ਨੇ ਉਸ ਨੂੰ ਵੀ ਜਗਰਾਤੇ ਵਿੱਚ ਬੁਲਾਇਆ ਸੀ। ਜਿੱਥੇ ਸਾਰੇ ਲੋਕ ਖਾਣਾ ਖਾ ਰਹੇ ਸਨ, ਓਥੇ ਕਿਸੇ ਗੱਲ ਨੂੰ ਲੈ ਕੇ ਇੱਕ ਬਜ਼ੁਰਗ ਨਾਲ ਕੁੱਟਮਾਰ ਸ਼ੁਰੂ ਹੋ ਗਈ। ਉਨ੍ਹਾਂ ਦੇ ਦਿਓਰ ਨੇ ਬਜ਼ੁਰਗ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਉਹ ਬਜ਼ੁਰਗ ਹਨ, ਉਨ੍ਹਾਂ ਨਾਲ ਕੁੱਟਮਾਰ ਨਾ ਕੀਤੀ ਜਾਵੇ। ਇਸ ਦੌਰਾਨ ਮੁਹੱਲੇ ਦਾ ਹੀ ਇੱਕ ਨੌਜਵਾਨ ਉੱਥੇ ਆਇਆ ਅਤੇ ਅਚਾਨਕ ਗੋਲੀ ਚਲਾ ਦਿੱਤੀ। ਗੋਲੀ ਉਨ੍ਹਾਂ ਦੇ ਦਿਓਰ ਦੀ ਲੱਤ ਵਿੱਚ ਲੱਗੀ, ਜਿਸ ਨਾਲ ਉਹ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਿਆ।

ਪ੍ਰਿਆ ਨੇ ਦੱਸਿਆ ਕਿ ਗੋਲੀ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਹਾਲਤ ਗੰਭੀਰ ਦੱਸੀ ਅਤੇ ਆਈਸੀਯੂ ਵਿੱਚ ਦਾਖ਼ਲ ਕੀਤਾ ਗਿਆ। ਫਿਲਹਾਲ ਕਿਸੇ ਨੂੰ ਵੀ ਉਨ੍ਹਾਂ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਦਿਓਰ ਫਾਰਮੇਸੀ ਦਾ ਕੰਮ ਕਰਦੇ ਹਨ, ਵਿਆਹੇ ਹੋਏ ਹਨ ਅਤੇ ਪਰਿਵਾਰ ਦੇ ਜ਼ਿੰਮੇਵਾਰ ਮੈਂਬਰ ਹਨ। ਪਰਿਵਾਰ ਵੱਲੋਂ ਇਸ ਮਾਮਲੇ ਵਿੱਚ ਦੋਸ਼ੀ ਵਿਕਰਮ ਸ਼ਰਮਾ ਦੇ ਖ਼ਿਲਾਫ਼ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਬਿਆਨ ਦਰਜ ਕੀਤੇ ਹਨ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਏਸੀਪੀ ਜਸਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਰਾਤ ਸਮੇਂ ਸੂਚਨਾ ਮਿਲੀ ਸੀ ਕਿ ਆਦਰਸ਼ ਨਗਰ ਵਿੱਚ ਜਗਰਾਤੇ ਦੌਰਾਨ ਦੋ ਧਿਰਾਂ ਵਿਚਾਲੇ ਝਗੜਾ ਹੋਇਆ ਹੈ ਅਤੇ ਫਾਇਰਿੰਗ ਦੀ ਘਟਨਾ ਵਾਪਰੀ ਹੈ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਜਗਰਾਤੇ ਸਮੇਂ ਰਸਤਾ ਦੇਣ ਨੂੰ ਲੈ ਕੇ ਵਿਵਾਦ ਹੋਇਆ ਸੀ, ਜਿਸ ਤੋਂ ਬਾਅਦ ਇੱਕ ਵਿਅਕਤੀ ਨੇ ਗੋਲੀ ਚਲਾ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ। ਜ਼ਖ਼ਮੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦਾ ਇਲਾਜ ਜਾਰੀ ਹੈ।

ਏਸੀਪੀ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਵਿੱਚ ਇਹ ਮਾਮਲਾ ਆਪਸੀ ਝਗੜੇ ਦਾ ਲੱਗਦਾ ਹੈ। ਪੁਲਸ ਸਾਰੇ ਪੱਖਾਂ ਤੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ। ਦੋਸ਼ੀ ਦੀ ਪਛਾਣ ਕਰ ਲਈ ਗਈ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਸ ਨੇ ਭਰੋਸਾ ਦਿੱਤਾ ਹੈ ਕਿ ਜੋ ਵੀ ਤੱਥ ਸਾਹਮਣੇ ਆਉਣਗੇ, ਉਨ੍ਹਾਂ ਦੇ ਆਧਾਰ ‘ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


author

Baljit Singh

Content Editor

Related News