ਪੰਜਾਬ 'ਚ ਭਾਜਪਾ ਵੇਖ ਰਹੀ ਹੈ ਆਪਣਾ ਸੀ ਐੱਮ ਬਣਾਉਣ ਦੇ ਸੁਫ਼ਨੇ : ਕਾਲੀਆ

Friday, Jul 10, 2020 - 01:07 AM (IST)

ਜਲੰਧਰ,(ਵਿਕਰਮ ਸਿੰਘ ਕੰਬੋਜ)- 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਿੱਖਰਦੀ ਹੋਈ ਨਜ਼ਰ ਆ ਰਹੀ ਹੈ। ਸੁਖਦੇਵ ਸਿੰਘ ਢੀਂਡਸਾ ਨੇ ਨਵੀਂ ਬਣਾਈ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਪ੍ਰਧਾਨਗੀ ਦਾ ਅਹੁੱਦਾ ਖੁਦ ਸੰਭਾਲਣ ਦਾ ਐਲਾਨ ਕੀਤਾ ਹੈ। ਬੀਜੇਪੀ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੁੱਣ ਦੁਫਾੜ ਹੋ ਚੁੱਕੀ ਹੈ। ਪੰਜਾਬ ਦੇ ਲੋਕਾਂ ਦੀ ਸਹਿਮਤੀ ਕਿਸ ਪਾਰਟੀ ਨੂੰ ਮਿਲਦੀ ਹੈ, ਇਹ ਤਾਂ ਐੱਸ. ਜੀ. ਪੀ. ਸੀ. ਦੀਆਂ ਆਉਣ ਵਾਲੀਆਂ ਚੋਣਾਂ ਹੀ ਦੱਸਣਗੀਆਂ। ਉਥੇ ਹੀ ਕਾਲੀਆ ਨੇ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਅਸੀਂ ਸ਼ੁਰੂ ਤੋਂ ਹੀ ਬਾਦਲ ਪਰਿਵਾਰ ਵਾਲੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਨਾਲ ਹਾਂ।
ਪੰਜਾਬ 'ਚ ਆਪਣਾ ਪ੍ਰਧਾਨ ਬਣਾਉਣ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਬੀਜੇਪੀ ਪਾਰਟੀ ਦੇ ਹਰ ਵਰਕਰ ਦਾ ਸੁਫ਼ਨਾ ਹੈ ਕਿ ਪੰਜਾਬ 'ਚ ਉਨ੍ਹਾਂ ਦੀ ਆਪਣੀ ਪਾਰਟੀ ਦਾ ਸੀ. ਐਮ. ਹੋਵੇ। ਉਨ੍ਹਾਂ ਕਿਹਾ ਕਿ ਸੁਫ਼ਨਾ ਵੇਖਣਾ ਹਰ ਇਕ ਆਦਮੀ ਦਾ ਹੱਕ ਹੁੰਦਾ ਹੈ, ਇਸ ਦਾ ਸਫਲ ਹੋਣਾ ਅਜੇ ਸਮੇਂ ਦੀ ਕੁੱਖ 'ਚ ਹੈ।
ਪੈਟਰੋਲ-ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਤੇਲ ਦੀਆਂ ਕੀਮਤਾਂ ਦਾ ਵਧਣਾ ਕੋਰੋਨਾ ਮਾਹਾਮਾਰੀ ਦੇ ਚਲਦੇ ਆਰਥਿਕ ਵਿਵਸਥਾ ਹਿੱਲਣ ਕਾਰਨ ਹੋਇਆ ਹੈ, ਨਹੀਂ ਤਾਂ ਤੇਲ ਦੀਆਂ ਕੀਮਤਾਂ 'ਚ ਸ਼ਾਇਦ ਕੋਈ ਵਾਧਾ ਨਾ ਕੀਤਾ ਜਾਂਦਾ। ਤੇਲ ਦੀਆਂ ਕੀਮਤਾਂ 'ਚ ਵਾਧਾ ਸਰਕਾਰ ਦੀ ਇਕ ਮਜ਼ਬੂਰੀ ਬਣ ਗਈ ਹੈ ਕਿਉਂਕਿ ਰੈਵੇਨੀਊ ਨੂੰ ਦੇਖਦੇ ਇਸ 'ਚ ਵਾਧਾ ਲਾਜ਼ਮੀ ਸੀ। ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ 'ਤੇ ਲਾਏ ਦੋਸ਼ਾਂ 'ਤੇ ਉਨ੍ਹਾਂ ਕਿਹਾ ਕਿ 'ਸਿਆਣੀ ਬਿੱਲੀ ਖੰਬਾ ਨੋਚੇ'। ਪੰਜਾਬ ਸਰਕਾਰ ਨੂੰ ਆਪਣੇ ਘਪਲੇ ਤਾਂ ਨਜ਼ਰ ਨਹੀਂ ਆਉਂਦੇ ਉਹ ਪਹਿਲਾਂ ਆਪਣੇ ਗਿਰੇਵਾਨ ਵੱਲ ਝਾਤੀ ਮਾਰਨ।


Bharat Thapa

Content Editor

Related News