ਸੂਬੇ 'ਚ ਵਿਛਿਆ ਟਰੈਵਲ ਏਜੰਟਾਂ ਦਾ ਜਾਲ, ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਦੀ ਆੜ ’ਚ ਚੱਲ ਰਹੀ ਠੱਗੀ ਦੀ ਮੋਟੀ ਖੇਡ

Sunday, Sep 25, 2022 - 01:46 PM (IST)

ਸੂਬੇ 'ਚ ਵਿਛਿਆ ਟਰੈਵਲ ਏਜੰਟਾਂ ਦਾ ਜਾਲ, ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਦੀ ਆੜ ’ਚ ਚੱਲ ਰਹੀ ਠੱਗੀ ਦੀ ਮੋਟੀ ਖੇਡ

ਜਲੰਧਰ (ਸੁਧੀਰ)– ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਉਨ੍ਹਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿਚ ਜਲੰਧਰ ਦੀ ਕਮਿਸ਼ਨਰੇਟ ਪੁਲਸ ਨੇ ਵੱਡਾ ਐਕਸ਼ਨ ਕਰਦਿਆਂ ਸ਼ਹਿਰ ਦੇ 18 ਟਰੈਵਲ ਕਾਰੋਬਾਰੀਆਂ ਖ਼ਿਲਾਫ਼ ਇਕੱਠੇ ਮਾਮਲੇ ਦਰਜ ਕੀਤੇ ਹਨ। ਪੁਲਸ ਦੀ ਸਖ਼ਤ ਕਾਰਵਾਈ ਨੂੰ ਵੇਖਦਿਆਂ ਪੂਰੇ ਸੂਬੇ ਦੇ ਟਰੈਵਲ ਏਜੰਟਾਂ ਵਿਚ ਹੜਕੰਪ ਮਚ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਸ ਦੇ ਖ਼ੌਫ਼ ਕਾਰਨ ਕਈ ਟਰੈਵਲ ਕਾਰੋਬਾਰੀ ਤਾਂ ਮਾਮਲੇ ਦਰਜ ਹੋਣ ਦੀ ਸੂਚਨਾ ਮਿਲਦੇ ਹੀ ਸ਼ਹਿਰ ਛੱਡ ਕੇ ਭੱਜ ਗਏ ਹਨ।

ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਦੱਸਿਆ ਕਿ ਪੰਜਾਬ ਦੇ ਲੋਕਾਂ ਵਿਚ ਵਿਦੇਸ਼ ਜਾਣ ਦਾ ਕ੍ਰੇਜ਼ ਜ਼ੋਰਾਂ ’ਤੇ ਹੈ, ਜਿਸ ਕਾਰਨ ਪੰਜਾਬ ਦੇ ਕਈ ਟਰੈਵਲ ਕਾਰੋਬਾਰੀ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਉਨ੍ਹਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰ ਕੇ ਫਰਾਰ ਹੋ ਰਹੇ ਹਨ। ਪਿਛਲੇ ਕੁਝ ਸਮੇਂ ਦੌਰਾਨ ਹੀ ਪੁਲਸ ਕੋਲ ਟਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਕਈ ਲੋਕਾਂ ਨੇ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਫਿਲਹਾਲ ਪੁਲਸ ਨੇ ਜਾਂਚ ਦੌਰਾਨ 18 ਟਰੈਵਲ ਕਾਰੋਬਾਰੀਆਂ ਖ਼ਿਲਾਫ਼ ਠੱਗੀ ਦੇ ਮਾਮਲੇ ਦਰਜ ਕੀਤੇ ਹਨ, ਜਦਕਿ ਥਾਣਿਆਂ ਵਿਚ ਪੈਂਡਿੰਗ ਸ਼ਿਕਾਇਤਾਂ ਦੀ ਜਾਂਚ ਵੀ ਤੇਜ਼ੀ ਨਾਲ ਚੱਲ ਰਹੀ ਹੈ। ਹੋਰ ਕਈ ਟਰੈਵਲ ਕਾਰੋਬਾਰੀ ਵੀ ਪੁਲਸ ਦੇ ਨਿਸ਼ਾਨੇ ’ਤੇ ਹਨ। ਜੇਕਰ ਜਾਂਚ ਦੌਰਾਨ ਕੋਈ ਹੋਰ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। 18 ਟਰੈਵਲ ਕਾਰੋਬਾਰੀਆਂ ਖ਼ਿਲਾਫ਼ ਦਰਜ ਮਾਮਲਿਆਂ ਨੂੰ ਲੈ ਕੇ ਪੁਲਸ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਭਾਲ ਵਿਚ ਛਾਪੇਮਾਰੀ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਪੁਲਸ ਜਲਦ ਇਨ੍ਹਾਂ ਟਰੈਵਲ ਕਾਰੋਬਾਰੀਆਂ ਨੂੰ ਗ੍ਰਿਫ਼ਤਾਰ ਕਰ ਕੇ ਸੀਖਾਂ ਪਿੱਛੇ ਪਹੁੰਚਾਏਗੀ।

ਇਹ ਵੀ ਪੜ੍ਹੋ: ਹੱਥ ਮਲਦੀ ਰਹਿ ਗਈ ਜਲੰਧਰ ਪੁਲਸ, ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਹੀਂ ਮਿਲਿਆ ਪ੍ਰੋਡਕਸ਼ਨ ਵਾਰੰਟ

ਸੂਬੇ ਭਰ ਵਿਚ ਵਿਛਿਆ ਹੈ ਟਰੈਵਲ ਕਾਰੋਬਾਰੀਆਂ ਦਾ ਜਾਲ

‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਦੱਸਿਆ ਕਿ ਸੂਬੇ ਭਰ ਵਿਚ ਟਰੈਵਲ ਕਾਰੋਬਾਰੀਆਂ ਨੇ ਆਪਣਾ ਜਾਲ ਵਿਛਾਇਆ ਹੋਇਆ ਹੈ। ਇਨ੍ਹਾਂ ਵਿਚੋਂ ਕਈ ਲੋਕਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰ ਕੇ ਫ਼ਰਾਰ ਹੋ ਰਹੇ ਹਨ। ਸ਼ਹਿਰ ਵਿਚ ਵੀ ਭਾਰੀ ਗਿਣਤੀ ਵਿਚ ਟਰੈਵਲ ਕਾਰੋਬਾਰੀਆਂ ਨੇ ਲਾਇਸੈਂਸ ਲੈ ਕੇ ਦਫ਼ਤਰ ਖੋਲ੍ਹੇ ਹੋਏ ਹਨ।
ਇਨ੍ਹਾਂ ਟਰੈਵਲ ਕਾਰੋਬਾਰੀਆਂ ਨੂੰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ਦੇ ਹੁਕਮ ਵੀ ਜਾਰੀ ਕੀਤੇ ਗਏ ਸਨ। ਬੀਤੇ ਦਿਨੀਂ ਵੀ ਡਿਪਟੀ ਕਮਿਸ਼ਨਰ ਨੇ ਸ਼ਹਿਰ ਦੇ ਲਗਭਗ 1320 ਟਰੈਵਲ ਕਾਰੋਬਾਰੀਆਂ ਨੂੰ ਨੋਟਿਸ ਜਾਰੀ ਕੀਤੇ ਸਨ। ਕਮਿਸ਼ਨਰੇਟ ਪੁਲਸ ਵੱਲੋਂ ਉਕਤ ਟਰੈਵਲ ਕਾਰੋਬਾਰੀਆਂ ਦੀ ਵੀ ਸੂਚੀ ਮੰਗਵਾ ਲਈ ਗਈ ਹੈ, ਜਿਸ ਦੇ ਆਧਾਰ ’ਤੇ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਜੇਕਰ ਜਾਂਚ ਵਿਚ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।

PunjabKesari

ਲਾਇਸੈਂਸ ਇਕ ਤੇ ਕੰਮ ਕਈ, ਜਲਦ ਚੱਲੇਗੀ ਵੱਡੀ ਚੈਕਿੰਗ ਮੁਹਿੰਮ

ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਅਤੇ ਡੀ. ਸੀ. ਪੀ. ਇਨਵੈਸਟੀਗੇਸ਼ਨ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਜਾਂਚ ਵਿਚ ਇਹ ਵੀ ਪਤਾ ਲੱਗਾ ਹੈ ਕਿ ਸ਼ਹਿਰ ਦੇ ਕਈ ਟਰੈਵਲ ਕਾਰੋਬਾਰੀ ਇਕ ਲਾਇਸੈਂਸ ਲੈਣ ਤੋਂ ਬਾਅਦ ਉਸੇ ਲਾਇਸੈਂਸ ’ਤੇ ਹੋਰ ਕਾਰੋਬਾਰ ਕਰ ਰਹੇ ਹਨ। ਜੇਕਰ ਕੋਈ ਏਅਰ ਟਿਕਟਿੰਗ ਦਾ ਕੰਮ ਕਰਦਾ ਹੈ ਤਾਂ ਉਹ ਉਸੇ ਲਾਇਸੈਂਸ ’ਤੇ ਲੋਕਾਂ ਦੀ ਟੂਰਿਸਟ ਵੀਜ਼ਾ ਦੀ ਫਾਈਲ ਭਰਵਾ ਕੇ ਲੋਕਾਂ ਕੋਲੋਂ ਹਜ਼ਾਰਾਂ ਰੁਪਏ ਭੋਟ ਰਿਹਾ ਹੈ। ਜੇਕਰ ਕਿਸੇ ਕੋਲ ਆਈਲੈਟਸ ਸੈਂਟਰ ਦਾ ਲਾਇਸੈਂਸ ਹੈ ਤਾਂ ਉਹ ਉਸੇ ਦੀ ਆੜ ਵਿਚ ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਉਨ੍ਹਾਂ ਦੀਆਂ ਫਾਈਲਾਂ ਭਰਵਾ ਕੇ ਉਨ੍ਹਾਂ ਕੋਲੋਂ ਹਜ਼ਾਰਾਂ ਰੁਪਏ ਦੀ ਨਾਜਾਇਜ਼ ਕਮਾਈ ਕਰ ਰਿਹਾ ਹੈ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਦੌਰਾਨ ਜਲਦ ਸ਼ਹਿਰ ਵਿਚ ਡੀ. ਸੀ. ਪੀ. ਜਸਕਿਰਨਜੀਤ ਸਿੰਘ ਦੀ ਅਗਵਾਈ ਵਿਚ ਇਕ ਵੱਡੀ ਚੈਕਿੰਗ ਅਤੇ ਸਰਚ ਮੁਹਿੰਮ ਚਲਾ ਕੇ ਟਰੈਵਲ ਕਾਰੋਬਾਰੀਆਂ ਦੇ ਲਾਇਸੈਂਸ ਚੈੱਕ ਕੀਤੇ ਜਾਣਗੇ। ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਸਥਿਤ ਗੈਸ ਫੈਕਟਰੀ 'ਚ ਵੱਡਾ ਧਮਾਕਾ, ਇਕ ਦੀ ਮੌਤ

ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਦੀ ਆੜ ’ਚ ਚੱਲ ਰਹੀ ਠੱਗੀ ਦੀ ਮੋਟੀ ਖੇਡ

ਪੜ੍ਹਾਈ ਦੇ ਮਕਸਦ ਨਾਲ ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਕੰਪਨੀ ਦੇ ਨਾਂ ’ਤੇ ਲਾਇਸੈਂਸ ਲੈਣ ਦੇ ਨਾਲ-ਨਾਲ ਸੂਬੇ ਭਰ ਵਿਚ ਠੱਗੀ ਦੀ ਮੋਟੀ ਖੇਡ ਚੱਲ ਰਹੀ ਹੈ, ਜਿਸ ਤਹਿਤ ਵਿਦਿਆਰਥੀਆਂ ਨੂੰ ਵਿਦੇਸ਼ ਦੇ ਕਾਲਜਾਂ ਵਿਚ ਦਾਖਲਾ ਦਿਵਾਉਣ ਦੇ ਨਾਲ-ਨਾਲ ਪੈਕੇਜ ਸਿਸਟਮ ਤੈਅ ਕੀਤਾ ਜਾ ਰਿਹਾ ਹੈ। ਇਕ ਵਿਦਿਆਰਥੀ ਕੋਲੋਂ ਵਿਦੇਸ਼ ਭੇਜਣ ਦੇ ਨਾਂ ’ਤੇ 5-5 ਲੱਖ ਰੁਪਏ ਤੱਕ ਕਮਾਈ ਕੀਤੀ ਜਾ ਰਹੀ ਹੈ। ਇਸ ਧੰਦੇ ਵਿਚ ਮੋਟੀ ਕਮਾਈ ਹੁੰਦੀ ਦੇਖ ਕੇ ਟਰੈਵਲ ਕਾਰੋਬਾਰੀਆਂ ਦੇ ਦਫਤਰਾਂ ਵਿਚ ਕੰਮ ਕਰਨ ਵਾਲੇ ਕਈ ਲੋਕਾਂ ਨੇ ਵੀ ਆਪਣੇ ਨਵੇਂ ਦਫਤਰ ਖੋਲ੍ਹ ਲਏ ਹਨ। ਪ੍ਰਾਈਵੇਟ ਦਫਤਰਾਂ ਵਿਚ ਕੰਮ ਕਰਨ ਵਾਲੇ ਸਟਾਫ ਨੂੰ ਸਿਰਫ 10 ਤੋਂ 15 ਹਜ਼ਾਰ ਤੱਕ ਸੈਲਰੀ ਮਿਲਦੀ ਸੀ ਜਾਂ ਫਿਰ ਕਿਸੇ ਦੀ ਫਾਈਲ ਅਪਲਾਈ ਕਰਨ ’ਤੇ ਕੁਝ ਫੀਸਦੀ ਕਮੀਸ਼ਨ ਪਰ ਆਪਣਾ ਦਫਤਰ ਖੋਲ੍ਹ ਕੇ ਵਿਦਿਆਰਥੀਆਂ ਦੀ ਫਾਈਲ ਅਪਲਾਈ ਕਰਨ ’ਤੇ ਉਕਤ ਲੋਕ ਉਨ੍ਹਾਂ ਕੋਲੋਂ ਲੱਖਾਂ ਰੁਪਏ ਦੀ ਕਮਾਈ ਕਰ ਰਹੇ ਹਨ।

ਇਸ ਤਰ੍ਹਾਂ ਬਚੋ ਟਰੈਵਲ ਏਜੰਟਾਂ ਦੀ ਠੱਗੀ ਤੋਂ : ਪੁਲਸ ਕਮਿਸ਼ਨਰ

ਠੱਗੀ ਦਾ ਸ਼ਿਕਾਰ ਹੋਣ ਤੋਂ ਬਚਣ ਲਈ ਜਾਗਰੂਕ ਕਰਦਿਆਂ ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਦੱਸਿਆ ਕਿ ਆਪਣੀ ਐਪਲੀਕੇਸ਼ਨ ਫਾਈਲ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਟਰੈਵਲ ਏਜੰਟ ਤੋਂ ਹੀ ਅਪਲਾਈ ਕਰੋ। ਅਪਲਾਈ ਕਰਨ ਤੋਂ ਪਹਿਲਾਂ ਟਰੈਵਲ ਕਾਰੋਬਾਰੀ ਅਤੇ ਆਪਣੀ ਫਾਈਲ ਦੇ ਦਸਤਾਵੇਜ਼ਾਂ ਦੀ ਚੰਗੀ ਤਰ੍ਹਾਂ ਖੁਦ ਜਾਂਚ ਕਰੋ। ਲੋਕ ਅੰਬੈਸੀ ਦੀ ਵੈੱਬਸਾਈਟ ’ਤੇ ਜਾ ਕੇ ਖੁਦ ਵਿਦੇਸ਼ ਜਾਣ ਦੇ ਨਿਯਮਾਂ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹਨ। ਕਿਸੇ ਦੇ ਝਾਂਸੇ ਵਿਚ ਆ ਕੇ ਉਸ ਨੂੰ ਪੈਸੇ ਨਾ ਦਿਓ। ਜੇਕਰ ਕੋਈ ਟਰੈਵਲ ਕਾਰੋਬਾਰੀ ਗੁੰਮਰਾਹ ਕਰ ਕੇ ਪੈਸੇ ਮੰਗਦਾ ਹੈ ਤਾਂ ਉਸਦੀ ਜਾਣਕਾਰੀ ਪੁਲਸ ਨੂੰ ਦਿਓ।

ਇਹ ਵੀ ਪੜ੍ਹੋ: ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਜੋੜਾ ਘਰ ਨੇੜੇ ਗੈਂਗਵਾਰ, ਆਪਸ ’ਚ ਭਿੜੇ ਨੌਜਵਾਨ

ਕਿਹੜੇ-ਕਿਹੜੇ ਲੋਕਾਂ ’ਤੇ ਦਰਜ ਹੋਏ ਮਾਮਲੇ

ਡੀ. ਸੀ. ਪੀ. ਇਨਵੈਸਟੀਗੇਸ਼ਨ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਪੁਲਸ ਨੇ ਸੁਰਿੰਦਰਪਾਲ ਪੁੱਤਰ ਗਿਆਨ ਚੰਦ ਨਿਵਾਸੀ ਫਿਲੌਰ, ਰਾਜ ਕੁਮਾਰ ਨਿਵਾਸੀ ਹੁਸ਼ਿਆਰਪੁਰ ਖਿਲਾਫ ਥਾਣਾ ਨੰਬਰ 4, ਵਿਨੀਤ ਬੇਰੀ, ਮੋਨਾ ਸ਼ਰਮਾ (ਇੰਟਰਨੈਸ਼ਨਲ ਵੀਜ਼ਾ ਐਜੂਕੇਸ਼ਨਲ ਸਰਵਿਸ) ਸੰਜੇ ਗਾਂਧੀ ਮਾਰਕੀਟ, ਨਜ਼ਦੀਕ ਬੀ. ਐੱਮ. ਸੀ. ਚੌਕ ਖ਼ਿਲਾਫ਼ ਥਾਣਾ ਬਾਰਾਦਰੀ, ਸਰਬਜੀਤ ਕੌਰ ਨਿਵਾਸੀ ਸ਼ਾਹਕੋਟ, ਹਰਪਾਲ ਸਿੰਘ ਨਿਵਾਸੀ ਗੁਰਦਾਸਪੁਰ ਖ਼ਿਲਾਫ਼ ਥਾਣਾ ਰਾਮਾ ਮੰਡੀ, ਇੰਦਰਪਾਲ ਭੱਟੀ ਨਿਵਾਸੀ ਫਿਲੌਰ ਖ਼ਿਲਾਫ਼ ਥਾਣਾ ਸਦਰ, ਸ਼ੀਨਾ ਅਤੇ ਟੀਨਾ ਨਿਵਾਸੀ ਪਿੰਡ ਧੀਣਾ ਨਿਵਾਸੀ ਥਾਣਾ ਸਦਰ, ਸਵਿਤਾ (ਐਰੋ ਕੇਨ ਗਲੋਬਲ ਐਜੂਕੇਸ਼ਨ ਤੇ ਇਮੀਗ੍ਰੇਸ਼ਨ ਵਾਸਲ ਮਾਲ) ਜਲੰਧਰ ਖ਼ਿਲਾਫ਼ ਥਾਣਾ ਬਾਰਾਦਰੀ, ਪਰਮਜੀਤ ਕੌਰ ਨਿਵਾਸੀ ਬੇਗੋਵਾਲ, ਸੰਜੇ ਸ਼ਰਮਾ, ਮਨਵੀਰ ਸਿੰਘ (ਕੇਅਰ ਆਫ ਸਾਰ ਇੰਟਰਨੈਸ਼ਨਲ ਲਾਡੋਵਾਲੀ ਰੋਡ ਜਲੰਧਰ), ਸੁਖਦੇਵ ਸਿੰਘ (ਕੇਅਰ ਆਫ ਡਰੀਮ ਕੈਸਲ ਫਸਟ ਫਲੋਰ ਗੋਬਿੰਦ ਟਾਵਰ, ਨੇੜੇ ਬੀ. ਐੱਮ. ਸੀ. ਚੌਕ), ਸੁਖਜਿੰਦਰ ਸਿੰਘ ਨਿਵਾਸੀ ਲੁਧਿਆਣਾ (ਕੇਅਰ ਆਫ ਜੇ. ਐੱਮ. ਐੱਮ. ਕੇ. ਐਜੂਕੇਸ਼ਨ ਸੈਂਟਰ ਰਤਨ ਟਾਵਰ ਨੇੜੇ ਨਰਿੰਦਰਾ ਸਿਨੇਮਾ ਜਲੰਧਰ) ਖ਼ਿਲਾਫ਼ ਥਾਣਾ ਬਸਤੀ ਬਾਵਾ ਖੇਲ ਵਿਚ ਧਾਰਾ 406, 420, 120-ਬੀ, ਪੀ. ਟੀ. ਪੀ. ਆਰ. ਐਕਟ ਅਧੀਨ ਮਾਮਲੇ ਦਰਜ ਕੀਤੇ ਹਨ।

ਇਹ ਵੀ ਪੜ੍ਹੋ: ਕਪੂਰਥਲਾ 'ਚ 'ਆਪ' ਹਲਕਾ ਇੰਚਾਰਜ ਦਾ ਹਾਈ ਵੋਲਟੇਜ ਡਰਾਮਾ, ਪੁਲਸ ਨੂੰ ਸ਼ਰ੍ਹੇਆਮ ਦਿੱਤੀਆਂ ਧਮਕੀਆਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News