ਭਾਰਤਮਾਲਾ ਪ੍ਰੋਜੈਕਟ ਰੋਡ ਕੋਲੋਂ ਹੈਰੋਇਨ ਵੇਚਣ ਆਏ ਤਸਕਰ ਨੂੰ ਪੁਲਸ ਨੇ ਕੀਤਾ ਕਾਬੂ
Saturday, May 09, 2026 - 05:56 PM (IST)
ਬਰਨਾਲਾ (ਵਿਵੇਕ ਸਿੰਧਵਾਨੀ/ਰਵੀ) : ਜ਼ਿਲ੍ਹਾ ਬਰਨਾਲਾ ਪੁਲਸ ਨੇ ਨਸ਼ਿਆਂ ਵਿਰੁੱਧ ਜਾਰੀ ਮੁਹਿੰਮ ਤਹਿਤ ਇਕ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਫ਼ਾਜ਼ਿਲਕਾ ਜ਼ਿਲ੍ਹੇ ਦੇ ਇਕ ਸ਼ਾਤਰ ਨਸ਼ਾ ਤਸਕਰ ਨੂੰ ਰੰਗੇ ਹੱਥੀਂ ਕਾਬੂ ਕਰਦੇ ਹੋਏ ਉਸ ਕੋਲੋਂ 1 ਕਿਲੋ 3 ਗ੍ਰਾਮ ਹੈਰੋਇਨ/ਚਿੱਟਾ ਬਰਾਮਦ ਕੀਤਾ ਹੈ। ਇਹ ਕਾਰਵਾਈ ਸੀਨੀਅਰ ਪੁਲਸ ਕਪਤਾਨ ਬਰਨਾਲਾ ਮੁਹੰਮਦ ਸਰਫ਼ਰਾਜ਼ ਆਲਮ IPS ਅਤੇ ਜਸਕਰਨ ਸਿੰਘ (PPS) ਡੀ.ਐੱਸ.ਪੀ. ਸਬ-ਡਵੀਜ਼ਨ ਤਪਾ ਜ਼ਿਲ੍ਹਾ ਬਰਨਾਲਾ ਦੀ ਅਗਵਾਈ ਅਤੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤੀ ਗਈ। ਜਸਕਰਨ ਸਿੰਘ (PPS) ਡੀ.ਐੱਸ.ਪੀ. ਸਬ-ਡਵੀਜ਼ਨ ਤਪਾ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੰਸਪੈਕਟਰ ਹਰਸਿਮਰਨਜੀਤ ਸਿੰਘ, ਮੁੱਖ ਅਫ਼ਸਰ ਥਾਣਾ ਭਦੌੜ ਦੀ ਯੋਗ ਅਗਵਾਈ ਵਿਚ ਮਿਤੀ 07-05-2026 ਨੂੰ ਸ:ਬ ਸੁਰਿੰਦਰ ਸਿੰਘ 1219/ਜੀ.ਆਰ.ਪੀ. ਸਮੇਤ ਸਾਥੀ ਕਰਮਚਾਰੀਆਂ ਦੇ ਨਾਲ ਗਸ਼ਤ ਅਤੇ ਬਾਰੀਕ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿਚ ਨੇੜੇ ਠੇਕਾ ਸ਼ਰਾਬ ਪਿੰਡ ਨੈਣੋਵਾਲ ਮੌਜੂਦ ਸੀ।
ਇਸ ਦੌਰਾਨ ਪੁਲਸ ਨੂੰ ਮੁਖ਼ਬਰ ਖ਼ਾਸ ਤੋਂ ਸੂਚਨਾ ਮਿਲੀ ਕਿ ਮਨਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਬਾਹਮਣੀਵਾਲਾ ਜ਼ਿਲ੍ਹਾ ਫ਼ਾਜ਼ਿਲਕਾ, ਜੋ ਕਿ ਹੈਰੋਇਨ/ਚਿੱਟੇ ਦੀ ਵੇਚ-ਵੱਟਤ ਕਰਦਾ ਹੈ, ਅੱਜ ਬਿਨਾਂ ਨੰਬਰ ਪਲੇਟ ਵਾਲੀ ਕਾਲੇ ਰੰਗ ਦੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਭਾਰਤਮਾਲਾ ਪ੍ਰੋਜੈਕਟ ਹੁੰਦੇ ਹੋਏ ਬਠਿੰਡਾ ਸਾਈਡ ਤੋਂ ਪਿੰਡ ਸੰਧੂ ਕਲਾਂ ਖੇਤਰ ਵੱਲ ਹੈਰੋਇਨ ਵੇਚਣ ਲਈ ਆਪਣੇ ਗਾਹਕ ਦੀ ਉਡੀਕ ਕਰ ਰਿਹਾ ਹੈ। ਸੂਚਨਾ ਮਿਲਦਿਆਂ ਹੀ ਪੁਲਸ ਪਾਰਟੀ ਨੇ ਭਾਰਤਮਾਲਾ ਪ੍ਰੋਜੈਕਟ ਰੋਡ ਸਾਈਡ ਵੱਲ ਕੂਚ ਕੀਤਾ ਅਤੇ ਦੱਸੀ ਥਾਂ 'ਤੇ ਪਹੁੰਚ ਕੇ ਘੇਰਾਬੰਦੀ ਕਰਦੇ ਹੋਏ ਭਾਰੀ ਮਾਤਰਾ ਵਿਚ ਹੈਰੋਇਨ ਸਮੇਤ ਦੋਸ਼ੀ ਨੂੰ ਕਾਬੂ ਕਰ ਲਿਆ।
ਦੋਸ਼ੀ ਮਨਪ੍ਰੀਤ ਸਿੰਘ ਡੀ.ਐੱਸ.ਪੀ. ਤਪਾ ਜੀ ਦੀ ਹਾਜ਼ਰੀ ਵਿਚ ਕਾਬੂ ਕੀਤਾ ਗਿਆ ਅਤੇ ਉਸ ਕੋਲੋਂ 1 ਕਿਲੋ 3 ਗ੍ਰਾਮ ਨਸ਼ੀਲਾ ਪਦਾਰਥ ਹੈਰੋਇਨ/ਚਿੱਟਾ ਬਰਾਮਦ ਕੀਤਾ ਗਿਆ। ਦੋਸ਼ੀ ਵਿਰੁੱਧ ਤੁਰੰਤ ਮੁਕੱਦਮਾ ਦਰਜ ਕਰਦੇ ਹੋਏ ਮਿਤੀ 08-05-2026 ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਦੋਸ਼ੀ ਦਾ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਮਨਜ਼ੂਰ ਕਰ ਲਿਆ। ਪੁਲਸ ਨੇ ਦੱਸਿਆ ਕਿ ਰਿਮਾਂਡ ਦੌਰਾਨ ਦੋਸ਼ੀ ਤੋਂ ਪੁੱਛਗਿੱਛ ਕਰਕੇ ਨਸ਼ੇ ਦੀ ਸਪਲਾਈ ਨਾਲ ਜੁੜੀਆਂ ਅਗਲੀਆਂ-ਪਿਛਲੀਆਂ ਕੜੀਆਂ ਦਾ ਪਤਾ ਲਗਾਇਆ ਜਾ ਰਿਹਾ ਹੈ ਅਤੇ ਹੋਰ ਦੋਸ਼ੀਆਂ ਵਿਰੁੱਧ ਬੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਐੱਸ.ਐੱਸ.ਪੀ. ਮੁਹੰਮਦ ਸਰਫ਼ਰਾਜ਼ ਆਲਮ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਜ਼ੀਰੋ ਟੌਲਰੈਂਸ ਨੀਤੀ ਤਹਿਤ ਅਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ।
