ਤਨਵੀਰ ਸਿੰਘ ਉੱਗੋਕੇ ਨੇ ਲੰਬੀ ਛਾਲ ’ਚ ਪਹਿਲਾ ਸਥਾਨ ਹਾਸਲ ਕਰ ਰਾਜ ਪੱਧਰੀ ਮੁਕਾਬਲਿਆਂ ਲਈ ਕੀਤੀ ਕੁਆਲੀਫਾਈ

Friday, Oct 16, 2026 - 03:52 PM (IST)

ਤਨਵੀਰ ਸਿੰਘ ਉੱਗੋਕੇ ਨੇ ਲੰਬੀ ਛਾਲ ’ਚ ਪਹਿਲਾ ਸਥਾਨ ਹਾਸਲ ਕਰ ਰਾਜ ਪੱਧਰੀ ਮੁਕਾਬਲਿਆਂ ਲਈ ਕੀਤੀ ਕੁਆਲੀਫਾਈ

ਤਪਾ ਮੰਡੀ (ਸ਼ਾਮ ਗਰਗ): 70ਵੀਆਂ ਜ਼ਿਲ੍ਹਾ ਪੱਧਰੀ ਐਥਲੈਟਿਕਸ ਮੀਟ, ਪੰਜਾਬ ਸਕੂਲ ਖੇਡਾਂ, ਭਦੌੜ ਵਿਖੇ ਕਰਵਾਈ ਗਈ, ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਦੌਰਾਨ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਿੱਲਵਾਂ ਦੇ ਅੱਠਵੀਂ ਜਮਾਤ ਦੇ ਵਿਦਿਆਰਥੀ ਤਨਵੀਰ ਸਿੰਘ ਉੱਗੋਕੇ ਨੇ ਲੰਬੀ ਛਾਲ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ। ਇਸ ਸ਼ਾਨਦਾਰ ਪ੍ਰਦਰਸ਼ਨ ਸਦਕਾ ਉਸ ਦੀ ਚੋਣ ਰਾਜ ਪੱਧਰੀ ਮੁਕਾਬਲਿਆਂ ਲਈ ਹੋਈ ਹੈ। ਵਿਦਿਆਰਥੀ ਦੀ ਇਸ ਪ੍ਰਾਪਤੀ ’ਤੇ ਸਕੂਲ ਦੀ ਪ੍ਰਿੰਸੀਪਲ ਮਿਸਿਜ਼ ਮੀਨੂੰ ਬਾਲਾ ਅਤੇ ਵਾਈਸ ਪ੍ਰਿੰਸੀਪਲ ਮਿਸਟਰ ਜਗਦੀਪ ਸਿੰਘ ਵੱਲੋਂ ਉਸ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਬੰਧਕਾਂ ਨੇ ਤਨਵੀਰ ਸਿੰਘ ਦੀ ਸਫਲਤਾ ’ਤੇ ਮਾਣ ਮਹਿਸੂਸ ਕਰਦਿਆਂ ਉਸ ਨੂੰ ਅਗਲੇ ਮੁਕਾਬਲਿਆਂ ਲਈ ਹੋਰ ਮਿਹਨਤ ਅਤੇ ਲਗਨ ਨਾਲ ਤਿਆਰੀ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਤਨਵੀਰ ਆਪਣੀ ਮਿਹਨਤ ਸਦਕਾ ਸਕੂਲ, ਪਿੰਡ ਅਤੇ ਮਾਪਿਆਂ ਦਾ ਨਾਮ ਹੋਰ ਰੌਸ਼ਨ ਕਰੇ।

ਇਸ ਮੌਕੇ ਸਕੂਲ ਪ੍ਰਿੰਸੀਪਲ ਅਤੇ ਵਾਈਸ ਪ੍ਰਿੰਸੀਪਲ ਨੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਖੇਡਾਂ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਨਿਯਮਿਤ ਤੌਰ ’ਤੇ ਖੇਡਾਂ ਵਿੱਚ ਹਿੱਸਾ ਲੈਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਅਨੁਸ਼ਾਸਨ, ਆਤਮ-ਵਿਸ਼ਵਾਸ ਤੇ ਮਿਹਨਤ ਕਰਨ ਦੀ ਭਾਵਨਾ ਵੀ ਵਿਕਸਤ ਹੁੰਦੀ ਹੈ। ਇਸ ਸਨਮਾਨ ਸਮਾਰੋਹ ਦੌਰਾਨ ਚਰਨਪਾਲ ਸਿੰਘ, ਖੇਡ ਇੰਚਾਰਜ ਗੁਰਦੀਪ ਸਿੰਘ, ਸੰਦੀਪ ਕੌਰ, ਰਵੀਨਾ, ਅਮਨਦੀਪ ਕੌਰ, ਪ੍ਰਵੀਨ ਕੌਰ, ਪੂਨਮ, ਮਨੀਸ਼ਾ, ਹਰਦੀਪ ਕੌਰ ਸਮੇਤ ਸਮੂਹ ਸਕੂਲ ਸਟਾਫ਼ ਹਾਜ਼ਰ ਸੀ।


author

Anmol Tagra

Content Editor

Related News