ਹਰੇਕ ਯੋਗ ਲਾਭਪਾਤਰੀ ਨੂੰ ਮਿਲੇਗਾ ''ਰਾਸ਼ਟਰੀ ਸਵਾਸਥ ਸੁਰੱਖਿਆ ਯੋਜਨਾ'' ਦਾ ਲਾਭ : ਭੁੱਲਰ

04/18/2018 3:40:41 AM

ਕਪੂਰਥਲਾ, (ਮਲਹੋਤਰਾ, ਗੁਰਵਿੰਦਰ ਕੌਰ)- ਰਾਸ਼ਟਰੀ ਸਵਾਸਥ ਸੁਰੱਖਿਆ ਯੋਜਨਾ ਤਹਿਤ ਪੱਛੜੇ ਅਤੇ ਕਮਜ਼ੋਰ ਵਰਗਾਂ ਨਾਲ ਸਬੰਧਤ ਲਾਭਪਾਤਰੀਆਂ ਨੂੰ ਪ੍ਰਤੀ ਪਰਿਵਾਰ 5 ਲੱਖ ਰੁਪਏ ਸਾਲਾਨਾ ਦੇ ਸਿਹਤ ਬੀਮੇ ਦੀ ਸਹੂਲਤ ਦਿੱਤੀ ਜਾਵੇਗੀ ਅਤੇ ਇਸ ਮਿਸ਼ਨ ਨੂੰ ਸਿਹਤ ਵਿਭਾਗ ਅਤੇ ਪੰਚਾਇਤ ਵਿਭਾਗ ਵੱਲੋਂ ਸਾਂਝੇ ਤੌਰ 'ਤੇ ਲਾਗੂ ਕੀਤਾ ਜਾਵੇਗਾ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)  ਅਵਤਾਰ ਸਿੰਘ ਭੁੱਲਰ ਨੇ ਸਿਹਤ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਜ਼ਿਲਾ ਕਪੂਰਥਲਾ ਵਿਚ ਹਰੇਕ ਯੋਗ ਲਾਭਪਾਤਰੀ ਨੂੰ ਇਸ ਸਕੀਮ ਤਹਿਤ ਮਿਲਣ ਵਾਲੀਆਂ ਸਹੂਲਤਾਂ ਦੇ ਘੇਰੇ ਵਿਚ ਲਿਆਉਣਾ ਯਕੀਨੀ ਬਣਾਇਆ ਜਾਵੇਗਾ।
 ਉਨ੍ਹਾਂ ਦੱਸਿਆ ਕਿ ਕਿਸੇ ਵੀ ਯੋਜਨਾ ਦੀ ਕਾਮਯਾਬੀ ਲਈ ਅਧਿਕਾਰੀਆਂ ਵਿਚ ਆਪਸੀ ਤਾਲਮੇਲ ਹੋਣਾ ਜ਼ਰੂਰੀ ਹੁੰਦਾ ਹੈ ਅਤੇ ਇਸ ਮਿਸ਼ਨ ਤਹਿਤ ਦੋ ਵੱਖ-ਵੱਖ ਵਿਭਾਗ ਰਲ਼ ਕੇ ਕੰਮ ਕਰਨਗੇ, ਜਿਸ ਲਈ ਦੋਵਾਂ ਵਿਭਾਗਾਂ ਦੇ ਅਧਿਕਾਰੀਆਂ ਵਿਚ ਚੰਗਾ ਤਾਲਮੇਲ ਹੋਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਮਿਸ਼ਨ ਤਹਿਤ ਵੱਖ-ਵੱਖ ਕੰਮਾਂ ਸਬੰਧੀ ਜਿਹੜੀ ਵੀ ਸਮਾਂ ਹੱਦ ਤੈਅ ਕੀਤੀ ਗਈ ਹੈ, ਸਾਰੇ ਕੰਮ ਉਸ ਮੁਤਾਬਕ ਮੁਕੰਮਲ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਸ ਮਿਸ਼ਨ ਦੀ ਪੂਰਤੀ ਲਈ ਦੋਵਾਂ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਸਾਂਝੀਆਂ ਮੀਟਿੰਗਾਂ ਕਰਵਾਈਆਂ ਜਾਣਗੀਆਂ। ਇਸ ਦੇ ਨਾਲ ਹੀ ਦੋਵੇਂ ਵਿਭਾਗ ਆਪਣੇ ਪੱਧਰ 'ਤੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਇਸ ਮਿਸ਼ਨ ਸਬੰਧੀ ਸਿਖਲਾਈ ਵੀ ਦੇਣਗੇ। ਮੀਟਿੰਗ ਦੌਰਾਨ ਸਹਾਇਕ ਸਿਵਲ ਸਰਜਨ ਡਾ. ਰਮੇਸ਼ ਕੁਮਾਰੀ ਬੰਗਾ ਅਤੇ ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਇਕਬਾਲਜੀਤ ਸਿੰਘ ਵੱਲੋਂ ਆਪੋ-ਆਪਣੇ ਵਿਭਾਗਾਂ ਦੇ ਵੱਖ-ਵੱਖ ਪੱਖਾਂ 'ਤੇ ਚਾਨਣਾ ਪਾਇਆ ਗਿਆ।
ਇਸ ਮੌਕੇ ਸਕੱਤਰ ਜ਼ਿਲਾ ਪ੍ਰੀਸ਼ਦ ਗੁਰਦਰਸ਼ਨ ਕੁੰਡਲ, ਬੀ. ਡੀ. ਪੀ. ਓ. ਸੇਵਾ ਸਿੰਘ ਤੇ ਕੁਲਦੀਪ ਕੌਰ, ਜ਼ਿਲਾ ਸਿਹਤ ਅਫ਼ਸਰ ਡਾ. ਕੁਲਜੀਤ ਸਿੰਘ, ਡੀ. ਐੱਮ. ਸੀ. ਡਾ. ਸਾਰਿਕਾ ਦੁੱਗਲ, ਐੱਸ. ਐੱਮ. ਓ. ਡਾ. ਸੀਮਾ, ਡਾ. ਸੁਦੇਸ਼ ਤੇ ਡਾ. ਕਿਰਨਪ੍ਰੀਤ ਕੌਰ ਸੇਖੋਂ, ਮੈਡੀਕਲ ਅਫ਼ਸਰ ਡਾ. ਬਰਿੰਦਰ ਸਿੰਘ, ਸਾਹਿਲ ਓਬਰਾਏ ਅਤੇ ਹੋਰ ਹਾਜ਼ਰ ਸਨ। 


Related News